ਮਨਿੰਦਰਜੀਤ ਸਿੱਧੂ
ਜੈਤੋ, 17 ਨਵੰਬਰ 2020 - ਪਿਛਲੇ ਸਾਲ ਅਪ੍ਰੈਲ ਦੇ ਮਹੀਨੇ ਕਣਕ ਦੀ ਫਸਲ ਉੱਪਰ ਹੋਈ ਗੜੇਮਾਰੀ ਦੇ ਮੁਆਵਜੇ ਅਤੇ ਜੈਤੋ ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਅੱਜ ਸਥਾਨਕ ਸਬ-ਡਵੀਜ਼ਨ ਦਫ਼ਤਰ ਦੇ ਵਿਹੜੇ ਦਿੱਤਾ ਗਿਆ ਧਰਨਾ। ਜਿਕਰਯੋਗ ਹੈ ਕਿ ਪਿਛਲ਼ੇ ਸਾਲ ਹੋਈ ਗੜੇਮਾਰੀ ਦੇ ਮੁਆਵਜੇ ਨੂੰ ਲੈਕੇ ਜੈਤੋ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਪਿੰਡਾਂ ਦੇ ਕਿਸਾਨ ਲਗਾਤਰ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਉਹਨਾਂ ਦੀ ਕੋਈ ਆਰਥਿਕ ਮਦਦ ਕੀਤੀ ਗਈ ਹੈ।
ਇਸਦੇ ਨਾਲ ਹੀ ਜੈਤੋ ਸ਼ਹਿਰ ਅੰਦਰ ਲਗਭਗ ਸਾਰੀਆਂ ਮੁੱਖ ਸੜਕਾਂ ਨੂੰ ਸੀਵਰੇਜ ਪਾਉਣ ਦੇ ਨਾਮ ਉੱਪਰ ਪੁੱਟ ਜਰੂਰ ਦਿੱਤਾ ਹੈ ਪਰ ਉਸ ਤੋਂ ਬਾਅਦ ਉਹਨਾਂ ਸੜਕਾਂ ਵੱਲ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਸੜਕਾਂ ਦੀ ਖਸਤਾ ਹਾਲਤ ਨੂੰ ਲੈਕੇ ਵਾਰ ਵਾਰ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਅੱਕ ਚੁੱਕੇ ਹਨ। ਜਿਸਦੇ ਚਲਦਿਆਂ ਅੱਜ ਦੋਨੋਂ ਉਪਰੋਕਤ ਮੰਗਾਂ ਨੂੰ ਲੈਕੇ ਭਾਕਿਯੂ ਏਕਤਾ ਸਿੱਧੂਪੁਰ ਨੇ ਜੈਤੋ ਸਬ-ਡਵੀਜ਼ਨ ਦਫ਼ਤਰ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਛੱਤਰ ਸਿੰਘ ਦਾ ਕਹਿਣਾ ਹੈ ਕਿ ਜੈਤੋ ਦੇ ਪ੍ਰਸ਼ਾਸਨ ਦਾ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਹੈ। ਉਹਨਾਂ ਕਿਹਾ ਕਿ ਪਿਛਲ਼ੇ 1 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਕਿਸਾਨਾਂ ਨੂੰ ਆਪਣੀ ਖਰਾਬ ਹੋਈ ਫਸਲ ਦਾ ਮੁਆਵਜਾ ਲੈਣ ਲਈ ਧੱਕੇ ਖਾਂਦਿਆਂ ਨੂੰ ਅਤੇ ਪਿਛਲ਼ੇ 2 ਸਾਲ ਤੋਂ ਜੈਤੋ ਦੀਆਂ ਲਗਭਗ ਸਾਰੀਆਂ ਸੜਕਾਂ ਖਸਤਾ ਹਾਲਤ ਵਿੱਚ ਹਨ। ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਨਾਇਬ ਤਹਿਸੀਲਦਾਰ ਜੈ ਅਮਨਦੀਪ ਗੋਇਲ ਅਤੇ ਐੱਸ.ਡੀ.ਓ ਜਗਜੀਤ ਸਿੰਘ ਮੌਕੇ ਤੇ ਪਹੁੰਚੇ। ਉਹਨਾਂ ਦੁਆਰਾ ਕਿਸਾਨ ਜੱਥੇਬੰਦੀ ਦੇ ਆਗੂਆਂ ਨਾਲ ਸੜਕਾਂ ਦੇ ਨਵ-ਨਿਰਮਾਣ ਕਰਨ ਅਤੇ ਕਣਕ ਦੀ ਫਸਲ ਉੱਪਰ ਹੋਈ ਗੜੇਮਾਰੀ ਦੇ ਮੁਆਵਜੇ ਦੀ ਅਦਾਇਗੀ ਜਲਦ ਕਰਨ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਵੱਲੋਂ ਧਰਨਾ ਚੁੱਕ ਲਿਆ ਗਿਆ।