ਸੰਜੀਵ ਸੂਦ
- ਬਲਾਤਕਾਰ ਦੇ ਇਲਜ਼ਾਮ ਵਿਚ ਬੈਂਸ ਵਿਰੁੱਧ ਕਰ ਰਹੇ ਸਨ ਪ੍ਰਦਰਸ਼ਨ
- ਸਿਮਰਜੀਤ ਬੈਂਸ ਦੇ ਦਫ਼ਤਰ ਦੇ ਘਿਰਾਓ ਦੀ ਸੀ ਪਲੈਨਿੰਗ
ਲੁਧਿਆਣਾ, 20 ਨਵੰਬਰ 2020 - ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦੇ ਖ਼ਿਲਾਫ਼ ਬੀਤੇ ਦਿਨ ਲੱਗੇ ਬਲਾਤਕਾਰ ਦੇ ਇਲਜ਼ਾਮਾਂ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਵੱਲੋਂ ਅੱਜ ਬੈਂਸ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਯੂਥ ਅਕਾਲੀ ਦਲ ਦੇ ਲਗਪਗ 25 ਵਰਕਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਹਿਰਾਸਤ 'ਚ ਲੈਣ ਤੋਂ ਪਹਿਲਾਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਨੇ ਕਿਹਾ ਕਿ ਪੁਲਿਸ ਲੋਕ ਇਨਸਾਫ ਪਾਰਟੀ ਦਾ ਸਾਥ ਦੇ ਰਹੀ ਹੈ ਅਤੇ ਉਸ ਦੇ ਖ਼ਿਲਾਫ਼ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉੱਧਰ ਪੁਲਿਸ ਵੱਲੋਂ ਵੱਡੀ ਤਾਦਾਦ ਵਿੱਚ ਫੋਰਸ ਪਹਿਲਾਂ ਹੀ ਤਾਇਨਾਤ ਕੀਤੀ ਗਈ ਸੀ।
ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਨੇ ਕਿਹਾ ਕਿ ਸਿਮਰਜੀਤ ਬੈਂਸ ਵੱਲੋਂ ਈਮਾਨਦਾਰੀ ਦਾ ਨਕਾਬ ਪਹਿਨ ਕੇ ਜੋ ਔਰਤ ਦੇ ਨਾਲ ਜਬਰ ਜਨਾਹ ਕੀਤਾ ਗਿਆ ਹੈ ਉਸ ਮਾਮਲੇ ਵਿੱਚ ਪੁਲਿਸ ਚੁੱਪ ਹੈ ਉਨ੍ਹਾਂ ਕਿਹਾ ਕਿ ਛੋਟੇ ਜਿਹੇ ਮਾਮਲੇ 'ਤੇ ਮਾਮਲਾ ਦਰਜ ਕਰਨ ਵਾਲੀ ਪੁਲਿਸ ਅੱਜ ਚੁੱਪ ਬੈਠੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਯੂਥ ਅਕਾਲੀ ਦਲ ਪੁਲਿਸ ਨੂੰ ਜਗਾਉਣ ਲਈ ਅਤੇ ਸਿਮਰਜੀਤ ਬੈਂਸ ਦੇ ਦਫ਼ਤਰ ਦਾ ਘਿਰਾਓ ਕਰਨ ਲਈ ਆਇਆ ਹੈ, ਉੱਧਰ ਮਹਿਲਾ ਅਕਾਲੀ ਵਰਕਰਾਂ ਨੇ ਵੀ ਸਿਮਰਜੀਤ ਬੈਂਸ ਦੇ ਖਿਲਾਫ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਕਿਸੇ ਵੀ ਮਹਿਲਾ ਦੀ ਮਜਬੂਰੀ ਦਾ ਫਾਇਦਾ ਚੁੱਕਣਾ ਸਹੀ ਗੱਲ ਨਹੀਂ ਹੈ।
ਉੱਧਰ ਦੂਜੇ ਪਾਸੇ ਲੁਧਿਆਣਾ ਪੁਲਿਸ ਵੱਲੋਂ ਪਹਿਲਾਂ ਹੀ ਤਿਆਰੀ ਕੀਤੀ ਗਈ ਸੀ ਉਨ੍ਹਾਂ ਵੱਲੋਂ ਬੈਰੀਕੇਟਿੰਗ ਕਰਕੇ ਸਿਮਰਜੀਤ ਬੈਂਸ ਦੇ ਦਫ਼ਤਰ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਜਿਸ ਤੋਂ ਬਾਅਦ ਜਦੋਂ ਅਕਾਲੀ ਦਲ ਦੇ ਵਰਕਰ ਪ੍ਰਦਰਸ਼ਨ ਲਈ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਡੀਸੀਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ 25 ਦੇ ਕਰੀਬ ਅਕਾਲੀ ਦਲ ਦੇ ਵਰਕਰਾਂ ਨੂੰ ਹਿਰਾਸਤ ਚ ਲਿਆ ਗਿਆ ਹੈ ਕਿਉਂਕਿ ਉਨ੍ਹਾਂ ਵੱਲੋਂ 144, 188 ਧਾਰਾ ਦੀ ਉਲੰਘਣਾ ਕੀਤੀ ਗਈ ਸੀ ਉਨ੍ਹਾਂ ਵੀ ਕਿਹਾ ਕਿ ਮਹਿਲਾ ਦੇ ਮਾਮਲੇ 'ਚ ਉਨ੍ਹਾਂ ਵੱਲੋਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ।