ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 21 ਨਵੰਬਰ 2020 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਅੱਜ 21 ਨਵੰਬਰ 2020 ਨੂੰ 29ਵੀਂ ਵਿਆਹ ਵਰ੍ਹੇਗੰਢ ਹੈ। ਸੁਖਬੀਰ ਤੇ ਹਰਸਿਮਰਤ ਦਾ ਵਿਆਹ 21 ਨਵੰਬਰ 1991 'ਚ ਹੋਇਆ ਸੀ। ਵੈਸੇ ਇਸ 'ਚ ਕੋਈ ਸ਼ੱਕ ਨਹੀਂ ਕਿ ਹਰਸਿਮਰਤ ਬਾਦਲ ਨਿੱਜੀ ਜ਼ਿੰਦਗੀ ਹੀ ਨਹੀਂ ਸਗੋਂ ਸਿਆਸਤ 'ਚ ਵੀ ਸੁਖਬੀਰ ਦੇ ਸਭ ਤੋਂ ਨਜ਼ਦੀਕੀ ਅਤੇ ਭਰੋਸੇਮੰਦ ਸਲਾਹਕਾਰ ਰਹੇ ਨੇ। ਇੰਡੀਆ ਟੂਡੇ ਨਾਲ ਇੱਕ ਪੁਰਾਣੀ ਇੰਟਰਵੀਊ 'ਚ ਸੁਖਬੀਰ ਨੇ ਕਿਹਾ ਸੀ ਕਿ ਉਹ ਆਪਣੀ ਪਤਨੀ ਤੋਂ ਬਿਨਾਂ 2012 ਦੀਆਂ ਚੋਣਾਂ ਨਹੀਂ ਜਿੱਤ ਸਕਦੇ ਸੀ।
ਦੋਹਾਂ ਦਾ ਇਹ ਸਾਥ ਅੱਜ ਵੀ ਵੇਖਣ ਨੂੰ ਮਿਲ ਰਿਹਾ ਹੈ। ਭਾਜਪਾ ਨਾਲੋਂ ਸਾਂਝ ਟੁੱਟਣ ਤੋਂ ਬਾਅਦ ਬੀਬੀ ਬਾਦਲ ਨੇ ਕੇਂਦਰ ਦਾ ਅਹੁਦਾ ਛੱਡ ਸੁਖਬੀਰ ਨਾਲ ਡਟ ਕੇ ਖੜ੍ਹੇ ਹੋਣ ਦਾ ਫੈਸਲਾ ਲਿਆ। ਉਸ ਤੋਂ ਬਾਅਦ ਅਕਾਲੀ ਦਲ ਦੇ ਕਿਸਾਨ ਮਾਰਚ 'ਚ ਸੁਖਬੀਰ ਦੇ ਨਾਲ ਮੋਰਚੇ ਦੀ ਅਗਵਾਈ ਕੀਤੀ ਤੇ ਚੰਡੀਗੜ੍ਹ ਬਾਰਡਰ 'ਤੇ ਜਾ ਕੇ ਗ੍ਰਿਫਤਾਰੀ ਦਿੱਤੀ। ਲੋਕ ਰਾਜ 'ਚ ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੁੰਦੈ। ਭਾਵੇਂ ਸੁਖਬੀਰ ਤੇ ਹਰਸਿਮਰਤ ਬਾਰੇ ਅੱਜ ਵਿਰੋਧੀ ਪਾਰਟੀਆਂ ਵੱਲੋਂ ਵੱਖੋ ਵੱਖਰੀਆਂ ਟਿੱਪਣੀਆਂ ਜਾਂ ਬਿਆਨਬਾਜ਼ੀਆਂ ਕੀਤੀਆਂ ਜਾਂਦੀਆਂ ਨੇ, ਪਰ ਸਿਆਸਤ ਤੋਂ ਪਰ੍ਹਾਂ ਸੋਚਿਆ ਜਾਏ ਤਾਂ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਬੀਰ ਤੇ ਹਰਸਿਮਰਤ ਜਿਸ ਤਰ੍ਹਾਂ ਨਾਲ ਆਪਣੀ ਪਾਰਟੀ ਨੂੰ ਮੁੜ ਲੋਕਾਂ 'ਚ ਖੜ੍ਹਾ ਕਰਨ ਦੀ ਮਿਹਨਤ ਦਿਨ ਰਾਤ ਕਰ ਰਹੇ ਨੇ, ਉਹ ਵਾਕਿਆ ਹੀ ਬਾ-ਕਮਾਲ ਹੈ। ਕਿਉਂਕਿ ਬੱਚਿਆਂ ਦੇ ਨਾਲ ਨਾਲ ਸਿਆਸਤ 'ਚ ਵੀ ਪੂਰਾ ਐਕਟਿਵ ਰਹਿਣਾ ਆਪਣੇ ਆਪ 'ਚ ਹੀ ਬਹੁਤ ਔਖਾ ਕੰਮ ਹੈ, ਅਤੇ ਖਾਸ ਤੌਰ 'ਤੇ ਅੱਜ ਦੇ ਪੰਜਾਬ ਦੇ ਹਾਲਾਤਾਂ ਨੂੰ ਦੇਖਦਿਆਂ ਇਹ ਜਮ੍ਹਾਂ ਔਖਾ ਜਾਪ ਰਿਹੈ।
ਸੁਖਬੀਰ ਤੇ ਹਰਸਿਮਰਤ ਦੀ ਜੋੜੀ ਦੀਆਂ ਜਿੱਥੇ ਸਿਆਸਤ 'ਚ ਚਰਚਾਵਾਂ ਹਨ, ਉਥੇ ਹੀ ਨਿੱਜੀ ਜ਼ਿੰਦਗੀ 'ਚ ਵੀ ਉਨ੍ਹਾਂ ਦੀ ਆਪਣੇ ਬੱਚਿਆਂ ਨੂੰ ਸਿੱਖਿਆ ਤੇ ਆਪਣੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ, ਤਾਇਆ ਸਵ. ਗੁਰਦਾਸ ਬਾਦਲ ਦੀ ਸੇਵਾ ਕਰਦਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਘੁੰਮਦੀਆਂ ਰਹਿੰਦੀਆਂ ਨੇ। ਅੱਜ ਦੋਹਾਂ ਦੀ 29ਵੀਂ ਵਿਆਹ ਵਰ੍ਹੇਗੰਢ ਮੌਕੇ ਫੇਰ ਤੋਂ ਦੋਹਾਂ ਦੀਆਂ ਪੁਰਾਣੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਦੋਹਾਂ ਨੂੰ ਉਨ੍ਹਾਂ ਦੇ ਚਾਹੁਣ ਵਾਲੇ ਵਧਾਈਆਂ ਭੇਜ ਰਹੇ ਨੇ।