ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 21 ਨਵੰਬਰ 2020: ਰੇਤ ਮਾਫ਼ੀਏ ਖ਼ਿਲਾਫ਼ ਕੁੱਝ ਦਿਨ ਪਹਿਲਾਂ ਸਥਾਨਕ ਸਰਕਾਰੀ ਹਸਪਤਾਲ ਦੇ ਕੋਲ ਬਣੀ ਵਾਟਰ ਵਰਕਸ ਦੀ ਡਿੱਗੀ ’ਤੇ ਚੜ੍ਹਕੇ ਇੱਕ ਔਰਤ ਵੱਲੋਂ ਰੋਸ ਪ੍ਰਗਟਾਵਾ ਕੀਤਾ ਗਿਆ ਸੀ, ਪਰ ਇਨਸਾਫ਼ ਨਾ ਮਿਲਣ ਦੇ ਚੱਲਦਿਆਂ ਹੁਣ ਇਸ ਔਰਤ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਰਬਜੀਤ ਕੌਰ ਨੇ ਦੱਸਿਆ ਕਿ ਕਾਂਗਰਸ ਦੀ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸਨ ਕਿ ਉਹ ਰੇਤ ਮਾਫ਼ੀਏ ਨੂੰ ਖਤਮ ਕਰ ਦੇਵੇਗੀ, ਪਰ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਰੇਤ ਮਾਫ਼ੀਆ ਸਰਗਰਮ ਹੈ। ਉਸਨੇ ਦੱਸਿਆ ਕਿ ਪੰਜਾਬ ਵਿੱਚ ਰੇਤ ਦਾ ਸਰਕਾਰੀ ਰੇਟ 9 ਰੁਪਏ ਹੈ, ਪਰ ਰੇਤ ਮਾਫ਼ੀਆ 20 ਰੁਪਏ ਪ੍ਰਤੀ ਫੁੱਟ ਜਬਰਦਸਤੀ ਵਸੂਲ ਰਿਹਾ ਹੈ। ਸਰਬਜੀਤ ਕੌਰ ਨੇ ਦੱਸਿਆ ਕਿ ਇਸ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਜਾਣੂ ਕਰਾਇਆ ਗਿਆ ਹੈ, ਪਰ ਕੋਈ ਕਾਰਵਾਈ ਕਰਨ ਦੀ ਥਾਂ ਸ਼ਿਕਾਇਤਕਰਤਾ ਨੂੰ ਹੀ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸਨੂੰ ਲੈ ਕੇ 25 ਨਵੰਬਰ ਦਿਨ ਸੋਮਵਾਰ ਨੂੰ ਉਹ ਡੀਸੀ ਦਫ਼ਤਰ ਦੇ ਅੱਗੇ ਧਰਨਾ ਲਗਾ ਰਹੀ ਹੈ।