- ਖੇਤੀ ਕਾਨੂੰਨਾਂ ਖ਼ਿਲਾਫ਼ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਕਿਸਾਨਾਂ ਦੇ 'ਦਿੱਲੀ ਚਲੋ' ਮਾਰਚ ਦਾ ਸਮਰਥਨ
ਅੰਮ੍ਰਿਤਸਰ, 24 ਨਵੰਬਰ 2020 - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਕਾਲ਼ੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਸੰਘਰਸ਼ ਦਿਨੋਂ-ਦਿਨ ਭਖਦਾ ਨਜ਼ਰ ਆ ਰਿਹਾ ਹੈ ਤੇ ਹੁਣ ਇਹ ਲੜਾਈ ਆਰ ਜਾਂ ਪਾਰ ਦੀ ਨੌਬਤ ਤਕ ਪਹੁੰਚ ਚੁੱਕੀ ਹੈ। ਅੱਜ ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀ 'ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ' ਨੇ ਵੀ ਕਿਸਾਨਾਂ ਦੇ 'ਦਿੱਲੀ ਚਲੋ' ਮਾਰਚ ਦੇ ਸਮਰਥਨ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਮਸਲਾ ਕੇਵਲ ਕਿਸਾਨਾਂ ਦਾ ਨਹੀਂ, ਬਲਕਿ ਸਮੁੱਚੇ ਪੰਜਾਬ ਵਾਸੀਆਂ ਨਾਲ ਜੁੜਿਆ ਹੋਇਆ ਹੈ।
ਅਸਲ 'ਚ ਇਹ ਬ੍ਰਾਹਮਣਵਾਦ ਦਾ ਸਿੱਖੀ ਅਤੇ ਪੰਜਾਬ ਉੱਤੇ ਹਮਲਾ ਹੈ, ਪੰਜਾਬ ਦੀ ਆਰਥਿਕਤਾ ਅਤੇ ਭਵਿੱਖ ਖ਼ਤਰੇ 'ਚ ਹੈ। ਫ਼ੈਡਰੇਸ਼ਨ ਭਿੰਡਰਾਂਵਾਲ਼ਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਜਥੇਬੰਦੀਆਂ ਦੀ ਗੱਲ ਸੁਣਨ ਦੀ ਬਜਾਏ ਉਲ਼ਟਾ ਐਹੋ ਜਿਹੇ ਫ਼ੈਸਲੇ, ਐਲਾਨ ਤੇ ਕਾਨੂੰਨ ਘੜ ਰਹੀ ਹੈ ਜਿਸ ਨਾਲ਼ ਕਿਸਾਨ ਜਥੇਬੰਦੀਆਂ ਡਰ ਜਾਣ। ਕਦੇ ਪਰਾਲੀ ਸਾੜਨ ਦੇ ਬਦਲੇ ਪੰਜ ਸਾਲ ਦੀ ਕੈਦ ਅਤੇ ਕਰੋੜ ਰੁਪਈਆ ਜੁਰਮਾਨਾ ਅਤੇ ਕਦੇ ਪੰਜਾਬ ਦੇ ਲੋਕਾਂ ਨੂੰ ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਭੜਕਾਉਣ ਲਈ ਬਿਜਲੀ ਬੰਦ ਹੋਣ, ਕੋਲ਼ਾ ਖ਼ਤਮ ਹੋਣ ਤੇ ਹਾਲਾਤ ਵਿਗੜਨ ਦੇ ਸ਼ੋਸ਼ੇ ਛੱਡੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਤਾਂ ਸ਼ਾਂਤੀਪੂਰਵਕ ਹੈ ਪਰ ਅਸਲ 'ਚ ਮੋਦੀ ਦੇ ਅੜੀਅਲ ਰਵੱਈਏ ਕਾਰਨ ਹੀ ਗੜਬੜ ਵਾਲ਼ਾ ਮਾਹੌਲ ਪੈਦਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਪੰਜਾਬ ਦੀ ਰੀੜ ਦੀ ਹੱਡੀ ਹਨ, ਜੇ ਇਹ ਹੱਡੀ ਟੁੱਟ ਗਈ ਤਾਂ ਬਾਕੀ ਸਰੀਰਕ ਢਾਂਚਾ ਖੜ੍ਹਾ ਨਹੀਂ ਰਹਿ ਸਕਦਾ, ਪੰਜਾਬ ਬਰਬਾਦ ਹੋ ਜਾਵੇਗਾ। ਉਹਨਾਂ ਕਿਹਾ ਕਿ ਜਿਵੇਂ ਧਰਮ ਯੁੱਧ ਮੋਰਚੇ ਮੌਕੇ ਪੰਜਾਬ ਦੇ ਜਾਇਜ਼ ਹੱਕਾਂ ਲਈ ਸੰਘਰਸ਼ ਨੂੰ ਕੁਚਲਣ ਮੌਕੇ ਕਾਂਗਰਸ ਦੀ ਇੰਦਰਾ ਸਰਕਾਰ ਨੇ ਕੋਈ ਢਿੱਲ ਨਹੀਂ ਸੀ ਛੱਡੀ ਇਵੇਂ ਹੀ ਭਾਜਪਾ ਦੀ ਮੋਦੀ ਸਰਕਾਰ ਵੀ ਜਬਰ-ਜ਼ੁਲਮ ਦਾ ਰਾਹ ਅਖ਼ਤਿਆਰ ਕਰੀ ਬੈਠੀ ਹੈ ਪਰ ਪੰਥ ਅਤੇ ਪੰਜਾਬ ਦੀ ਹੋਂਦ-ਹਸਤੀ ਨੂੰ ਬਚਾਉਣ ਲਈ ਮਜ਼ਬੂਰਨ ਪੰਜਾਬ ਵਾਸੀਆਂ ਨੂੰ ਲੜਨਾ ਪਏਗਾ, ਭਵਿੱਖ ਵਿੱਚ ਇਹ ਹਿੰਦ-ਪੰਜਾਬ ਦਾ ਜੰਗ ਲਾਜ਼ਮੀ ਹੋਵੇਗਾ।
ਉਹਨਾਂ ਕਿਹਾ ਕਿ ਫ਼ੈਡਰੇਸ਼ਨ ਦੇ ਆਗੂ-ਵਰਕਰ 26-27 ਦੇ 'ਦਿੱਲੀ ਚਲੋ' ਮਾਰਚ 'ਚ ਵਧ-ਚੜ੍ਹ ਕੇ ਸ਼ਾਮਲ ਹੋਣਗੇ ਤੇ ਕਿਸਾਨਾਂ ਦੇ ਹੱਕਾਂ ਅਤੇ ਪੰਜਾਬ ਦੀ ਅਜ਼ਾਦੀ ਲਈ ਸੰਘਰਸ਼ ਜਾਰੀ ਰੱਖਣਗੇ। ਉਹਨਾਂ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਬਾਰਡਰ ਸੀਲ ਕਰਕੇ ਪੰਜਾਬ ਦੇ ਕਿਸਾਨਾਂ ਦੇ ਰਾਹ 'ਚ ਰੋੜਾ ਨਾ ਬਣੇ, ਦਿੱਲੀ ਨੂੰ ਪੰਜਾਬ ਅੱਗੇ ਝੁਕਣਾ ਪਏਗਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਫ਼ੈਡਰੇਸ਼ਨ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਆਪਣੇ ਸਾਥੀਆਂ ਸਮੇਤ ਕਿਸਾਨਾਂ ਦੇ ਸ਼ੰਭੂ ਬਾਰਡਰ ਮੋਰਚੇ 'ਤੇ ਵੀ ਪਹੁੰਚੇ ਸਨ।