ਹਰਜਿੰਦਰ ਸਿੰਘ ਭੱਟੀ
- ਡੇਅਰੀ ਵਿਕਾਸ ਵਿਭਾਗ ਵੱਲੋਂ ਦਿੱਤੀ ਜਾਂਦੀ ਆਨਲਾਈਨ ਸਿਖਲਾਈ ਅਤੇ ਵਿਭਾਗੀ ਸਹੂਲਤਾਂ ਦਾ ਲਾਭ ਉਠਾੳ : ਕਰਨੈਲ ਸਿੰਘ
ਐਸ.ਏ.ਐਸ ਨਗਰ , 26 ਨਵੰਬਰ 2020 - ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਅਤੇ ਉਚੇਰੀ ਸਿੱਖਿਆ ਮੰਤਰੀ ਪੰਜਾਬ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਅਰੀ ਵਿਕਾਸ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਿਖਲਾਈਆਂ ਕੋਵਿਡ 19 ਮਹਾਮਾਰੀ ਦੇ ਕਾਰਨ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਇਕੱਠ ਨਾ ਕਰਨ ਦੇ ਨਿਯਮਾਂ ਸਦਕਾ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਘਰ ਵਿੱਚ ਬੈਠੇ ਹੀ ਆਨਲਾਈਨ ਸਿਖਲਾਈ ਦੇਣ ਲਈ ਅਗਲਾ ਬੈਚ 07 ਦਸੰਬਰ ਤੋਂ ਸ਼ੁਰੂ ਕੀਤਾ ਜਾਵੇਗਾ।
ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ. ਕਰਨੈਲ ਸਿੰਘ ਨੇ ਦੱਸਿਆ ਕਿ ਅਜੋਕੇ ਯੁਗ ਵਿੱਚ ਵਿਗਿਆਨਕ ਢੰਗਾਂ ਨਾਲ ਕੀਤੇ ਕਾਰੋਬਾਰ ਹੀ ਲਾਹੇਵੰਦ ਹੋਣਗੇ। ਦੁਧਾਰੂ ਪਸ਼ੂਆਂ ਦੀ ਖਰੀਦ ਤੋ ਲੈਕੇ ਰੱਖ ਰਖਾਓ, ਖਾਦ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁਚੱਜੇ ਮੰਡੀਕਰਣ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਚਲਾਏ ਜਾਂਦੇ ਡੇਅਰੀ ਸਿਖਲਾਈ ਪ੍ਰੋਗਰਾਮ ਜੋ ਕਿ ਕੋਵਿਡ 19 ਮਹਾਮਾਰੀ ਕਰਕੇ ਬੰਦ ਹੋ ਗਏ ਸਨ, ਹੁਣ ਕਿਸਾਨ / ਦੁੱਧ ਉਤਪਾਦਕਾਂ ਦੀ ਸਹੂਲਤ ਲਈ ਆਨਲਾਈਨ ਸ਼ੁਰੂ ਕੀਤੇ ਗਏ ਹਨ ਤਾਂ ਜੋ ਚਾਹਵਾਨ ਘਰ ਬੈਠ ਕੇ ਹੀ ਸਿਖਲਾਈ ਪ੍ਰਾਪਤ ਕਰ ਸਕਣ।
ਕਰਨੈਲ ਸਿੰਘ ਨੇ ਸਮੂਹ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ ਨੇੜੇ ਦੇ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰਾਂ ਜਾਂ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਨਾਲ ਸੰਪਰਕ ਕਰਨ ਅਤੇ ਆਪਣੇ ਆਪ ਨੂੰ ਸਿਖਲਾਈ ਪ੍ਰੋਗਰਾਮ ਵਿੱਚ ਦਾਖਲ ਕਰਵਾਕੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਜਿਵੇ ਪਸ਼ੂ ਖਰੀਦਣ ਲਈ ਕਰਜ਼ੇ ਦੀ ਸਹੂਲਤ, ਪਸ਼ੂਆਂ ਦੇ ਸੁਚੱਜੇ ਸੈੱਡ, ਸਿੰਗਲ ਰੋਅ ਫੋਡਰ ਹਾਰਵੈਸਟਰ, ਸੈਲਫ ਪ੍ਰੋਪੈਲਡ ਫੋਰੇਜ ਕਟਰ, ਆਟੋਮੈਟਿਕ ਮਿਲਕ ਡਿਸਪੈਸਿੰਗ ਯੂਨਿਟ, ਆਟੋਮੈਟਿਕ ਸਾਈਲੇਜ ਬੇਲਰ ਕਮ ਰੈਪਰ ਮਸ਼ੀਨ ਦੀ ਖਰੀਦ ਤੇ ਸਬਸਿਡੀ ਦੀ ਸਹੂਲਤ ਆਦਿ ਦਾ ਵੱਧ ਤੋ ਵੱਧ ਲਾਭ ਉਠਾਣ। ਉਨ੍ਹਾਂ ਦੱਸਿਆ ਕਿ ਐਸ.ਏ.ਐਸ ਨਗਰ ਦੇ ਚਾਹਵਾਨ ਲਾਭਪਾਤਰੀ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਮਾਰਫਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ ਨਗਰ ਦੀ ਤੀਜ਼ੀ ਮੰਜ਼ਿਲ ਤੇ ਕਮਰਾ ਨੰਬਰ 434 ਵਿਖੇ ਆਪਣਾ ਬਿਨੈ ਪੱਤਰ ਦੇ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਫਤਰ ਦੇ ਫੌਨ ਨੰ: 0172-2219276 ਤੇ ਸੰਪਰਕ ਕਰ ਸਕਦੇ ਹੋ।