- ਮਾਲ ਗੱਡੀਆਂ ਚੱਲਣ ਨਾਲ ਆਉਂਦੇ ਦਿਨਾਂ ’ਚ ਉਦਯੋਗਿਕ ਸਰਗਰਮੀਆਂ ਫੜਨਗੀਆਂ ਜ਼ੋਰ, ਹੋਰਨਾਂ ਸੂਬਿਆਂ ਤੋਂ ਇਲਾਵਾ ਬੰਗਲਾਦੇਸ਼ ਨੂੰ ਜਾਣਗੇ ਟਰੈਕਟਰ
- ਪੰਜਾਬ ਸਰਕਾਰ ਉਦਯੋਗਾਂ ਦੀ ਮਜ਼ਬੂਤੀ ਲਈ ਕੋਈ ਕਸਰ ਨਹੀਂ ਛੱਡੇਗੀ
ਹੁਸ਼ਿਆਰਪੁਰ, 26 ਨਵੰਬਰ 2020 - ਲੰਬੇ ਸਮੇਂ ਬਾਅਦ ਪੰਜਾਬ ਵਿੱਚ ਮਾਲ ਗੱਡੀਆਂ ਮੁੜ ਚੱਲਣ ਨਾਲ ਘਰੇਲੂ ਅਤੇ ਕੌਮਾਂਤਰੀ ਪੱਧਰ ’ਤੇ ਉਦਯੋਗਿਕ ਬਰਾਮਦ ਅਤੇ ਦਰਾਮਦ ਦੀ ਸ਼ੁਰੂਆਤ ਤਹਿਤ ਇੰਟਰਨੈਸ਼ਨਲ ਟਰੈਕਟਰਜ਼ ਵਲੋਂ ਸਥਾਨਕ ਨਸਰਾਲਾ ਰੇਲਵੇ ਸਟੇਸ਼ਨ ਤੋਂ ਸੋਨਾਲੀਕਾ ਟਰੈਕਟਰਾਂ ਨੂੰ ਵੱਖ-ਵੱਖ ਸੂਬਿਆਂ ਵਿੱਚ ਭੇਜੇ ਜਾਣ ਦਾ ਅਗਾਜ਼ ਹੋ ਚੁੱਕਾ ਹੈ ਜੋ ਕਿ ਆਉਂਦੇ ਦਿਨਾਂ ਵਿੱਚ ਹੋਰ ਜ਼ੋਰ ਫੜਦਿਆਂ ਸੂਬੇ ਦੇ ਉਦਯੋਗਿਕ ਅਤੇ ਆਰਥਿਕ ਵਿਕਾਸ ਵਿੱਚ ਅਹਿਮ ਰੋਲ ਅਦਾ ਕਰੇਗੀ।
ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇਥੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਰੇਲ ਸੇਵਾਵਾਂ ਸ਼ੁਰੂ ਹੋਣ ਨਾਲ ਇਸ ਖਿੱਤੇ ਅੰਦਰ ਉਦਯੋਗਿਕ ਚਹਿਲ-ਪਹਿਲ ਨੇ ਜ਼ੋਰ ਫੜ ਲਿਆ ਹੈ ਅਤੇ ਪੰਜਾਬ ਸਰਕਾਰ ਵਲੋਂ ਉਦਯੋਗਿਕ ਸਰਗਰਮੀਆਂ ਨੂੰ ਹੁਲਾਰਾ ਦੇਣ ਅਤੇ ਉਦਯੋਗਾਂ ਦੀ ਹੋਰ ਮਜ਼ਬੂਤੀ ਲਈ ਕਿਸੇ ਕਿਸਮ ਦੀ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੋਨਾਲੀਕਾ ਟਰੈਕਟਰਾਂ ਦੇ ਅੱਜ ਮਾਲ ਗੱਡੀਆਂ ਰਾਹੀਂ ਕਰਨਾਟਕਾ ਜਾਣ ਉਪਰੰਤ ਆਉਂਦੇ ਦਿਨਾਂ ਵਿੱਚ ਇਹ ਟਰੈਕਟਰ ਮਹਾਂਰਾਸ਼ਟਰਾ, ਤੇਲੰਗਾਨਾ, ਉਤਰ ਪ੍ਰਦੇਸ਼ ਤੋਂ ਇਲਾਵਾ ਹੋਰਨਾਂ ਸੂਬਿਆਂ ਸਮੇਤ ਬੰਗਲਾਦੇਸ਼ ਨੂੰ ਵੀ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਮੁੜ ਰੇਲਾਂ ਚੱਲਣ ਨਾਲ ਆਉਂਦੇ ਦਿਨਾਂ ’ਚ ਉਦਯੋਗਿਕ, ਟਰੇਡ ਅਤੇ ਵਪਾਰਕ ਸਰਗਰਮੀਆਂ ਦੀ ਰਫਤਾਰ ਹੋਰ ਤੇਜ਼ ਹੋਵੇਗੀ ਜਿਹੜੀ ਕਿ ਯਕੀਨਣ ਪੰਜਾਬ ਦੇ ਆਰਥਿਕ ਵਿਕਾਸ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਲੰਬੇ ਵਕਫੇ ਤੋਂ ਬਾਅਦ ਮੁੱਖ ਉਦਯੋਗਾਂ ਦੇ ਨਾਲ-ਨਾਲ ਸੂਖਮ ਅਤੇ ਲਘੂ ਉਦਯੋਗਾਂ ਨੂੰ ਵੀ ਰੇਲ ਆਵਾਜਾਈ ਨਾਲ ਭਾਰੀ ਰਾਹਤ ਮਿਲੇਗੀ ਜਿਹੜੀ ਕਿ ਲੋੜੀਂਦੀ ਸੀ। ਉਨ੍ਹਾਂ ਦੱਸਿਆ ਕਿ ਇਸ ਆਵਾਜਾਈ ਨਾਲ ਉਦਯੋਗਾਂ ਵਲੋਂ ਤਿਆਰ ਕੀਤੇ ਹੋਏ ਮਾਲ ਦਾ ਬੈਕਲਾਗ ਵੀ ਰੇਲ ਢੋਆ-ਢੁਆਈ ਨਾਲ ਆਉਂਦੇ ਦਿਨਾਂ ਵਿੱਚ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਰੇਲਾਂ ਨਾ ਚੱਲਣ ਕਾਰਨ ਰਾਜ ਦੇ ਉਦਯੋਗਾਂ ਨੂੰ ਪਹਿਲਾਂ ਹੀ ਵੱਡੇ ਘਾਟਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਘਰੇਲੂ ਅਤੇ ਕੌਮਾਂਤਰੀ ਵਪਾਰ ਨੂੰ ਬੜਾਵਾ ਮਿਲੇਗਾ।
ਪੰਜਾਬ ਸਰਕਾਰ ਵਲੋਂ ਉਦਯੋਗਾਂ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਰਾਜ ਵਿੱਚ ਰਾਜਪੁਰਾ, ਬਠਿੰਡਾ ਅਤੇ ਲੁਧਿਆਣਾ ਵਿੱਚ ਸਥਾਪਿਤ ਉਦਯੋਗਿਕ ਪਾਰਕਾਂ ਵਿੱਚ ਨਵੇਂ ਪ੍ਰੋਜੈਕਟ ਲਾਉਣ ਲਈ ਉਦਯੋਗਿਕ ਇਕਾਈਆਂ ਲਈ ਲੋੜੀਂਦੀਆਂ ਜ਼ਮੀਨਾਂ ਦਾ ਖਾਸ ਪ੍ਰਬੰਧ ਹੈ ਤਾਂ ਜੋ ਨਵੇਂ ਉਦਯੋਗਾਂ ਦੀ ਆਸਾਨੀ ਨਾਲ ਸਥਾਪਿਤੀ ਅਮਲ ਵਿੱਚ ਲਿਆਂਦੀ ਜਾ ਸਕੇ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਲੋਕ ਹਿੱਤ ਵਿੱਚ ਲਏ ਫੈਸਲੇ ਉਪਰੰਤ ਟਰੇਨਾਂ ਚੱਲਣ ਨਾਲ ਪੰਜਾਬ ਮੁੜ ਵਿਕਾਸ ਦੀਆਂ ਲੀਹਾਂ ’ਤੇ ਪਰਤੇਗਾ।