ਇਸ ਮਹਿਲਾ ਫੁੱਟਬਾਲਰ ਨੇਰਚਿਆ ਇਤਿਹਾਸ, ਬਣੀ ਪਾਵਰ 5 ਕਾਲਜ ਫੁੱਟਬਾਲ ਖੇਡਣ ਵਾਲੀ ਪਹਿਲੀ ਔਰਤ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੇਫੋਰਨੀਆ), 30 ਨਵੰਬਰ 2020
ਵੈਂਡਰਬਿਲਟ ਯੂਨੀਵਰਸਿਟੀ ਦੀ ਸਾਰਾਹ ਫੁੱਲਰ ਨੇ ਸ਼ਨੀਵਾਰ ਨੂੰ ਕਾਲਜ ਫੁੱਟਬਾਲ ਖੇਡ 'ਚ ਇਤਿਹਾਸ ਰਚ ਦਿੱਤਾ ਹੈ, ਇਸ ਦੌਰਾਨ ਉਹ ਮਿਸੂਰੀ ਦੀ ਯੂਨੀਵਰਸਿਟੀ ਦੇ ਖ਼ਿਲਾਫ਼ ਕਿੱਕ ਆਫ਼ ਕਰਕੇ ਪਾਵਰ 5 ਵਿੱਚ ਖੇਡਣ ਵਾਲੀ ਪਹਿਲੀ ਔਰਤ ਬਣ ਗਈ ਹੈ। ਫੁੱਲਰ ਨੇ ਖੇਡ ਦੀ ਤੀਜੀ ਤਿਮਾਹੀ ਵਿੱਚ ਆਪਣੀ ਸ਼ੁਰੂਆਤੀ ਕਿੱਕ ਮਾਰੀ ਜੋ ਕਿ
35- ਗਜ਼ ਵਾਲੀ ਲਾਈਨ ਤੋਂ ਤੱਕ ਗਈ ਸੀ।ਵੈਂਡਰਬਿਲਟ ਐਥਲੈਟਿਕਸ ਦੀ ਵੈਬਸਾਈਟ ਦੇ ਅਨੁਸਾਰ, ਉਹ ਸਾਊਥ ਈਸਟਨ ਕਾਨਫ਼ਰੰਸ ਅਤੇ ਪਾਵਰ 5 ਕਾਨਫ਼ਰੰਸ ਗੇਮ ਵਿੱਚ ਇੱਕ ਫੁੱਟਬਾਲ ਗੇਮ ਦੌਰਾਨ ਅਧਿਕਾਰਤ ਤੌਰ ਤੇ ਮੈਦਾਨ ਵਿੱਚ ਉੱਤਰਨ ਵਾਲੀ ਪਹਿਲੀ ਔਰਤ ਬਣ ਗਈ ਹੈ। ਪਾਵਰ 5 ਸਭ ਤੋਂ ਵੱਡੀਆਂ ਐਥਲੈਟਿਕ ਕਾਨਫ਼ਰੰਸਾਂ ਤੋਂ ਬਣਿਆ ਹੈ, ਜਿਸ ਵਿੱਚ ਐੱਸ ਈ ਸੀ, ਐਟਲਾਂਟਿਕ ਕੋਸਟ ਕਾਨਫਰੰਸ (ਏ ਸੀ ਸੀ), ਬਿਗ ਟੈਨ ਕਾਨਫ਼ਰੰਸ, ਵੱਡੀ 12 ਕਾਨਫ਼ਰੰਸ ਅਤੇ ਪੈਕ -12 ਕਾਨਫ਼ਰੰਸ ਆਦਿ ਸ਼ਾਮਲ ਹਨ। ਫੁੱਲਰ ਵੈਂਡਰਬਿਲਟ ਮਹਿਲਾ ਫੁੱਟਬਾਲ ਟੀਮ ਲਈ ਇੱਕ ਗੋਲ-ਕੀਪਰ ਹੈ ਪਰ ਸਕੂਲ ਅਤੇ ਈ ਐੱਸ ਪੀ ਐਨ ਦੇ ਅਨੁਸਾਰ ਇਸ ਸਮੇਂ ਵੈਂਡਰਬਿਲਟ ਦੇ ਬਹੁਤ ਸਾਰੇ ਮਾਹਰ ਕੋਵਿਡ -19 ਦੇ ਕਾਰਨ ਇਕਾਂਤਵਾਸ ਵਿੱਚ ਹਨ, ਜਿਸ ਕਰਕੇ ਮੁੱਖ ਫੁੱਟਬਾਲ ਕੋਚ ਡੈਰੇਕ ਮੈਸਨ ਅਨੁਸਾਰ ਫੁੱਲਰ ਇਸ ਸਮੇਂ ਉਹਨਾਂ ਲਈ ਇੱਕ ਵਧੀਆ ਵਿਕਲਪ ਹੈ। ਇਸ ਤੋਂ ਇਲਾਵਾ ਫੁੱਲਰ ਨੇ ਵੀ ਹੋਰ ਮੁਟਿਆਰਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਹੈਲਮੇਟ ਦੇ ਪਿਛਲੇ ਪਾਸੇ "ਪਲੇਅ ਏ ਗਰਲ" ਦਾ ਸੁਨੇਹਾ ਲਿਖਵਾਇਆ ਹੈ।