ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ, (ਕੈਲੀਫੋਰਨੀਆ), 30 ਨਵੰਬਰ 2020 - ਧੰਨ-ਧੰਨ ਗੁਰੂ ਨਾਨਕ ਦੇਵ ਜੀ ਦੇ 551 ਸਾਲਾ ਗੁਰਪੁਰਬ ਨੂੰ ਸਮਰਪਿਤ ਸਮਾਗਮ ਦਮਦਮੀ ਟਕਸਾਲ ਦੀ ਰਹਿਨੁਮਾਈ ਅਧੀਨ ਚਲਾਏ ਜਾ ਰਹੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ, ਕੈਲੀਫੋਰਨੀਆ ਵਿਖੇ ਕਰਵਾਏ ਗਏ। ਜਿਸ ਦੌਰਾਨ ਅਖੰਡ ਪਾਠ ਦੇ ਭੋਗ, ਕਥਾ-ਕੀਰਤਨ ਅਤੇ ਰੈਣ-ਸਵਾਈ ਕੀਰਤਨ ਤੋਂ ਇਲਾਵਾ ਗੁਰੂਘਰ ਦੀ ਚਾਰ ਦਿਵਾਰੀ ਅੰਦਰ ਗੁਰੂ ਗ੍ਰੰਥ ਸਹਿਬ ਜੀ ਨੂੰ ਸੁੰਦਰ ਪਾਲਕੀ ਵਿੱਚ ਸੰਸੋਭਿਤ ਕਰਕੇ ਪਰਕਰਮਾ ਕੀਤੀ ਗਈ। ਜਿਸ ਬੱਚਿਆ ਵੱਲੋਂ ਗਤਕੇ ਦੇ ਜੌਹਰ ਅਤੇ ਸੰਗਤਾਂ ਵੱਲੋਂ ਸ਼ਬਦ ਕੀਰਤਨ ਕੀਤਾ ਜਾ ਰਿਹਾ ਸੀ।
ਅੰਤ ਸਮਾਪਤੀ ‘ਤੇ ਬਾਹਰ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ। ਕੋਵਿੰਡ-19 ਦੇ ਚੱਲਦਿਆਂ ਇਸ ਸਾਲ ਵੱਡੇ ਪੱਧਰ ‘ਤੇ ਬੇਸ਼ੱਕ ਨਗਰ ਕੀਰਤਨ ਨਹੀਂ ਸਜ਼ਾ ਸਕੇ, ਪਰ ਗੁਰੂਘਰ ਵਿੱਚ ਹਾਜ਼ਰ ਸੰਗਤਾਂ ਵਿੱਚ ਇਸ ਸਮੇਂ ਬਹੁਤ ਉਤਸ਼ਾਹ ਅਤੇ ਸਰਧਾ ਪਾਈ ਜਾ ਰਹੀ ਸੀ। ਇਸ ਸਮੇਂ ਹਾਜ਼ਰ ਸੰਗਤਾਂ ਵੱਲੋਂ ਭਾਰਤ ਵਿੱਚ ਚਲ ਰਹੇ ਕਿਸਾਨ ਅੰਦੋਲਨ ਦੀ ਹਿਮਾਇਤ ਅਤੇ ਆਰਥਿਕ ਮਦਦ ਦਾ ਐਲਾਨ ਵੀ ਕੀਤਾ ਗਿਆ। ਕਿਸਾਨਾਂ ਦੇ ਹੱਕ ਵਿੱਚ ਅਤੇ ਮੋਦੀ ਸਰਕਾਰ ਦੇ ਵਿਰੋਧ ਵਿੱਚ ਨਾਅਰੇ ਵੀ ਲਾਏ ਗਏ। ਗੁਰੂ ਦਾ ਲੰਗਰ ਅਤੁੱਟ ਵਰਤਿਆਂ ਅਤੇ ਕੁਝ ਸਟਾਲ ਵੀ ਲੱਗੇ ਹੋਏ ਸਨ। ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਬਹੁਤਾ ਇਕੱਠ ਨਹੀਂ ਜੁੜ ਰਿਹਾ ਸੀ, ਸੰਗਤਾਂ ਗੁਰੂ ਨੂੰ ਨਤਮਸਤਕ ਹੋਣ ਲਈ ਆ ਅਤੇ ਜਾ ਰਹੀਆਂ ਸਨ।