ਐਰੀਜ਼ੋਨਾ 'ਚ ਜੋਅ ਬਾਈਡੇਨ ਨੇ ਕੀਤੀ 10,457 ਵੋਟਾਂ ਨਾਲ ਜਿੱਤ ਦਰਜ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੇਫੋਰਨੀਆ), 2 ਦਸੰਬਰ 2020
ਐਰੀਜ਼ੋਨਾ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਰਾਸ਼ਟਰਪਤੀ ਚੁਣੇ ਗਏ ਜੋ ਬਾਈਡੇਨ ਨੂੰ ਰਾਜ ਦੀਆਂ 11 ਇਲੈਕਟ੍ਰੋਲ ਵੋਟਾਂ ਦੇ ਜੇਤੂ ਵਜੋਂ ਪ੍ਰਮਾਣਿਤ ਕੀਤਾ ਹੈ। ਚੋਣ ਅਧਿਕਾਰੀਆਂ ਦੁਆਰਾ ਦਿੱਤੇ ਗਏ ਅੰਤਿਮ ਅੰਕੜਿਆਂ ਅਨੁਸਾਰ ਬਾਈਡੇਨ ਨੇ ਲਗਭਗ 3.4 ਮਿਲੀਅਨ ਕਾਸਟ ਕੀਤੀਆਂ ਬੈਲਟਾਂ ਵਿੱਚੋਂ ਸਿਰਫ਼ 10,457 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਐਰੀਜ਼ੋਨਾਂ ਦੇ ਸੈਕਟਰੀ ਆਫ ਸਟੇਟ ਕੈਟੀ ਹੋਬਜ਼ ਜੋ ਇੱਕ ਡੈਮੋਕਰੇਟ ਹਨ ਨੇ ਰਿਪਬਲਿਕਨ ਗਵਰਨਰ ਡੱਗ ਡੁਸੀ ਦੇ ਨਾਲ ਨਤੀਜਿਆਂ ਦੀ ਤਸਦੀਕ ਕੀਤੀ ਹੈ। ਇਸ ਮੌਕੇ ਰਾਸ਼ਟਰਪਤੀ ਟਰੰਪ ਦਾ ਸਮਰਥਨ ਕਰਨ ਵਾਲੇ ਗਵਰਨਰ ਨੇ ਇਸ ਚੋਣ ਨਤੀਜੇ ਦੀ ਪੁਸ਼ਟੀ ਕਰਨ ਵਾਲੇ ਦਸਤਾਵੇਜ਼ ਉੱਤੇ ਹਸਤਾਖ਼ਰ ਕੀਤੇ ਹਨ। ਬਾਈਡੇਨ ਦੀ ਜਿੱਤ ਦਾ ਇਹ ਸਰਟੀਫਿਕੇਟ ਟਰੰਪ ਲਈ ਇੱਕ ਨਿਰਾਸ਼ਾ ਦਾ ਵਿਸ਼ਾ ਹੈ। ਐਰੀਜੋਨਾਂ ਤੋਂ ਬਿਨਾਂ ਜਾਰਜੀਆ ਨੇ ਪਹਿਲਾਂ ਹੀ 12,587 ਅਤੇ ਪੈਨਸਿਲਵੇਨੀਆ ਨੇ 81,660 ਵੋਟਾਂ ਨਾਲ ਬਾਈਡੇਨ ਦੀ ਜਿੱਤ ਨੂੰ ਪ੍ਰਮਾਣਿਤ ਕੀਤਾ ਹੈ ਜਦਕਿ ਸਾਬਕਾ ਉਪ- ਰਾਸ਼ਟਰਪਤੀ ਨੇਵਾਡਾ ਅਤੇ ਵਿਸਕਾਨਸਿਨ ਵਿੱਚ ਵੀ ਥੋੜ੍ਹੇ ਫ਼ਰਕ ਨਾਲ ਜਿੱਤੇ ਹਨ।