ਹਰਦਮ ਮਾਨ
ਸਰੀ, 2 ਦਸੰਬਰ 2020 - ਪੰਜਾਬੀ ਭਾਈਚਾਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਕੈਨੇਡੀਅਨ ਹਾਕੀ ਨੂੰ ਪੰਜਾਬੀ ਕੁਮੈਂਟਰੀ ਰਾਹੀਂ ਹਰਮਨ ਪਿਆਰੀ ਬਣਾਉਣ ਵਾਲੇ ਉਘੇ ਜਰਲਨਿਸਟ ਭੁਪਿੰਦਰ ਸਿੰਘ ਹੁੰਦਲ ਨੂੰ ਕੈਨੇਡਾ ਦੇ ਪ੍ਰਸਿੱਧ ਚੈਨਲ ਗਲੋਬਲ ਨਿਊਜ਼ ਦਾ ਨਵਾਂ ਨਿਊਜ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਗਲੋਬਲ ਬੀ ਸੀ ਦੇ ਸਟੇਸ਼ਨ ਮੈਨੇਜਰ ਵਜੋਂ ਵੀ ਜ਼ਿੰਮੇਵਾਰੀ ਨਿਭਾਉਣਗੇ। 15 ਦਸੰਬਰ ਨੂੰ ਉਹ ਆਪਣਾ ਨਵਾਂ ਅਹੁਦਾ ਸੰਭਾਲਣਗੇ।
ਗਲੋਬਲ ਬੀ ਸੀ ਦੇ ਪ੍ਰੈਜੀਡੈਂਟ ਅਲੈਗਜੈਂਡਰਾ ਹੈਂਡਰਸਨ ਨੇ ਭੁਪਿੰਦਰ ਹੁੰਦਲ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਭੁਪਿੰਦਰ ਹੁੰਦਲ ਦੇ ਵਿਸ਼ਾਲ ਤਜਰਬੇ ਅਤੇ ਅਦਭੁਤ ਊਰਜਾ ਤੋਂ ਗਲੋਬਲ ਨਿਊਜ਼ ਨੂੰ ਚੰਗੀ ਸੇਧ ਮਿਲੇਗੀ।
ਬੀਸੀ (ਕੈਨੇਡਾ) ਦੇ ਸ਼ਹਿਰ ਪੋਰਟ ਅਲਬਰਨੀ ਦੇ ਜੰਮਪਲ ਭੁਪਿੰਦਰ ਹੁੰਦਲ ਨੇ ਆਪਣੀ ਇਸ ਨਿਯੁਕਤੀ ਉਪਰ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਬੀ ਸੀ ਟੀ ਵੀ ਅਤੇ ਟੋਨੀ ਪਾਰਸਨਜ ਦਾ ਨਿਊਜ਼ ਆਵਰ ਸ਼ੋਅ ਵੇਖਦਿਆਂ ਵੱਡਾ ਹੋਇਆ ਹੈ ਅਤੇ ਅਜਿਹੇ ਟੀ ਵੀ ਚੈਨਲ ਦੀ ਅਗਵਾਈ ਕਰਨਾ ਉਸ ਲਈ ਬੇਹੱਦ ਮਾਣ ਵਾਲੀ ਗੱਲ ਹੈ।
ਵਰਨਣਯੋਗ ਹੈ ਕਿ ਭੁਪਿੰਦਰ ਹੁੰਦਲ ਓਮਨੀ ਟੀਵੀ ਦੇ ਨਿਊਜ਼ ਮੈਨੇਜਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਹ ਕਰਾਸ ਕੁਨੈਕਟ ਮੀਡੀਆ ਕੰਪਨੀ ਦੇ ਵੀ ਬਾਨੀ ਹਨ। 2014 ਤੋ 2018 ਤੱਕ ਹਾਕੀ ਨਾਈਟ ਦੌਰਾਨ ਪੰਜਾਬੀ ਵਿਚ ਕੁਮੈਂਟਰੀ ਕਰਕੇ ਉਨ੍ਹਾਂ ਮੇਨ ਸਟਰੀਮ ਮੀਡੀਆ ਵਿਚ ਆਪਣੀ ਵੱਖਰੀ ਥਾਂ ਬਣਾਈ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com