ਐਡੀਲੇਡ, 2 ਦਸੰਬਰ 2020 - ਖੇਤੀ ਕਾਨੂੰਨਾਂ ਖਿਲਾਫ ਜਿੱਥੇ ਅੱਜ ਪੂਰੇ ਭਾਰਤ 'ਚ ਰੋਸ ਮੁਜਾਹਰੇ ਹੋ ਰਹੇ ਨੇ, ਉਥੇ ਹੀ ਵਿਦੇਸ਼ੀ ਮੀਡੀਆ ਦੇ ਨਾਲ ਨਾਲ ਸਿਆਸੀ ਲੀਡਰਾਂ ਤੇ ਪਾਰਲੀਮੈਂਟਾਂ 'ਚ ਵੀ ਇਸ ਮੁੱਦੇ ਨੂੰ ਜ਼ੋਰਾਂ ਨਾਲ ਚੁੱਕਿਆ ਜਾ ਰਿਹਾ ਹੈ।
ਆਸਟ੍ਰੇਲੀਆ ਦੀ ਪਾਰਲੀਮੈਂਟ 'ਚ ਐਡੀਲੇਡ ਵਿਖੇ ਅੱਜ ਲੇਬਰ ਪਾਰਟੀ ਦੇ ਐਮ.ਪੀ ਰੌਬ ਮਿਸ਼ੈਲ ਨੇ ਦਿੱਲੀ ਵਿਖੇ ਕਿਸਾਨਾਂ ਦੇ ਸੰਘਰਸ਼ ਬਾਰੇ ਚਿੰਤਾ ਜ਼ਾਹਿਰ ਕੀਤੀ ।ਉਨ੍ਹਾਂ ਕਿਹਾ ਕਿ ਇਹ ਖੇਤੀ ਕਾਨੂੰਨ ਕਾਰਪੋਰੇਟਾਂ ਦੇ ਹੱਕ 'ਚ ਹਨ ਤੇ ਕਿਸਾਨਾਂ ਲਈ ਮੌਤ ਦੇ ਵਾਰੰਟ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਕਾਨੂੰਨਾਂ ਦੇ ਨਤੀਜੇ ਉਹ ਆਸਟ੍ਰੇਲੀਆ 'ਚ ਪਹਿਲਾਂ ਹੀ ਦੇਖ ਚੁੱਕੇ ਹਨ ਜਿਸ ਕਾਰਨ ਛੋਟੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਇਨ੍ਹਾਂ ਸਨਅਤਕਾਰਾਂ ਨੂੰ ਦੇਣ ਲਈ ਮਜਬੂਰ ਹੋਣਾ ਪੈਂਦਾ।
ਰੌਬ ਮਿਸ਼ੈਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ 'ਤੇ ਪਹਿਲਾਂ ਹੀ ਕਰਜ਼ਿਆਂ ਦਾ ਵਾਧੂ ਬੋਝ ਹੈ ਤੇ ਵਿਦੇਸ਼ਾਂ 'ਚ ਬੈਠੇ ਪ੍ਰਵਾਸੀ ਭਾਰਤੀ ਉਨ੍ਹਾਂ ਦੇ ਭਵਿੱਖ ਲਈ ਚਿੰਤਤ ਹਨ। ਇਸੇ ਲਈ ਉਹ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਕਿਸਾਨਾਂ ਦੇ ਇਨ੍ਹਾਂ ਗੰਭੀਰ ਮਸਲਿਆਂ ਦਾ ਜਲਦ ਤੋਂ ਜਲਦ ਹੱਲ ਲੱਭਿਆ ਜਾਵੇ।
ਇੱਥੇ ਹੀ ਪਾਰਲੀਮੈਂਟ ਦੇ ਬਾਹਰ ਕਿਸਾਨਾਂ ਦੇ ਹੱਕ 'ਚ ਹੋਰਡਿੰਗਾਂ ਫੜ ਕੇ ਇੰਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ। ਇਹ ਪ੍ਰਦਰਸ਼ਨ ਤਕਰੀਬਨ ਤਿੰਨ ਘੰਟੇ ਤੱਕ ਚੱਲਿਆ ਅਤੇ ਇਸ ਪ੍ਰਦਰਸ਼ਨ ਨੂੰ ਗੋਰਿਆਂ ਅਤੇ ਮੈਂਬਰ ਪਾਰਲੀਮੈਂਟਾਂ ਦੁਆਰਾ ਪੂਰਾ ਸਮਰਥਨ ਦਿੱਤਾ ਗਿਆ।