ਲੈਸਟਰ, 02 ਨਵੰਬਰ 2020 - ਯੂ ਕੇ 'ਚ ਰਹਿਣ ਵਾਲਿਆ ਲਈ ਇਹ ਇਕ ਬਹੁਤ ਵੱਡੀ ਖ਼ੁਸ਼ਖ਼ਬਰੀ ਆਈ ਹੈ ਕਿ ਕੋਰੋਨਾ ਵਾਇਰਸ ਦਾ ਟੀਕਾਕਰਨ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਰਿਹਾ ਹੈ। ਸਰਕਾਰ ਨੇ ਇਸ ਸੰਬੰਧੀ ਤਿਆਰੀਆਂ ਕਰਨ ਵਾਸਤੇ ਲੁੜੀਂਦੀਆਂ ਹਿਦਾਇਤਾਂ ਆਪਣੇ ਸਿਹਤ ਵਿਭਾਗ ਨੂੰ ਦੇ ਦਿੱਤੀਆਂ ਹਨ।
ਕੋਰੋਨਾ ਵਾਇਰਸ ਟੀਕਾਕਰਨ ਵਾਸਤੇ ਪੂਰੇ ਮੁਲਕ ਵਿਚ ਵਿੱਚ ਬਹੁਤ ਸਾਰੇ ਟੀਕਾਕਰਨ ਸੈਂਟਰ ਬਣਾਏ ਜਾ ਰਹੇ ਹਨ ਤੇ ਇਸ ਦੇ ਨਾਲ ਹੀ ਹਸਪਤਾਲਾਂ ਦੇ ਸਿਹਤ ਅਧਿਕਾਰੀਆ ਤੇ ਕਰਮਚਾਰੀਆਂ ਨੂੰ ਈ ਮੇਲ ਭੇਜ ਕੇ ਤਿਆਰ ਬਰ ਤਿਆਰ ਰਹਿਣ ਵਾਸਤੇ ਵੀ ਸੂਚਿਤ ਕਰ ਦਿੱਤਾ ਗਿਆ ਹੈ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਕੋਰੋਨਾ ਵਾਇਰਸ ਟੀਕਾ ਜੋ ਕਿ ਬਿਲਕੁਲ ਫਲੂ ਜੈਬ ਵਰਗਾ ਹੀ ਹੈ, ਇਸ ਨੂੰ ਲਗਾਉਣ ਵਾਸਤੇ ਟੀਕਾਕਰਨ ਸੈਂਟਰ ਸਵੇਰੇ ਸੁਵਖਤੇ ਤੋਂ ਲੈ ਕੇ ਦੇਰ ਰਾਤ ਤੱਕ ਲਗਾਤਾਰ ਕੰਮ ਕਰਨਗੇ ਤਾਂ ਕਿ ਜਲਦੀ ਤੋਂ ਜਲਦੀ ਮੁਲਕ ਦਾ ਮਾਹੌਲ ਕੋਰੋਨਾ ਦੇ ਡਰ ਤੋਂ ਮੁਕਤ ਫਿਰ ਤੋਂ ਆਮ ਵਰਗਾ ਕੀਤਾ ਜਾ ਸਕੇ।
ਵੱਡੀ ਸੰਭਾਵਨਾ ਹੈ ਕਿ ਟੀਕਾਕਰਨ ਦਾ ਕਾਰਜ ਆਉਂਦੇ ਸੋਮਵਾਰ ਭਾਵ 7 ਦਸੰਬਰ 2020 ਦੀ ਸਵੇਰ ਤੋਂ ਸ਼ੁਰੂ ਹੋ ਜਾਵੇਗਾ। ਇੱਥੇ ਦੱਸਦੇ ਜਾਈਏ ਕਿ ਇਸ ਸੰਬੰਧੀ ਪੂਰੀਆ ਤਿਆਰੀਆਂ ਮੁਕੰਮਲ ਹਨ, ਸਿਰਫ ਸਰਕਾਰ ਵੱਲੋਂ ਹਰੀ ਝੰਡੀ ਦੀ ਉਡੀਕ ਕੀਤੀ ਜਾ ਰਹੀ ਹੈ ਜੋ ਕਿ ਅੱਜ ਭਲ਼ਕ ਵਿੱਚ ਦੇ ਦਿੱਤੀ ਜਾਏਗੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਕੋਰੋਨਾ ਦੀ ਦਵਾਈ ਤਿਆਰ ਕਰ ਲੈਣ ਦਾ ਦਾਅਵਾ ਅਮਰੀਕਾ, ਚੀਨ, ਜਰਮਨ, ਰੂਸ ਤੇ ਭਾਰਤ ਵਰਗੇ ਹੋਰ ਕਈ ਮੁਲਕ ਵੀ ਕਰ ਰਹੇ ਹਨ, ਪਰ ਅਜੇ ਤੱਕ ਉਹਨਾਂ ਚੋਂ ਕਿਸੇ ਇਕ ਵੀ ਮੁਲਕ ਵਿੱਚ ਟੀਕਾਕਰਨ ਸ਼ੁਰੂ ਨਹੀਂ ਕੀਤਾ ਗਿਆ, ਜਿਸ ਕਰਕੇ ਯੂ ਕੇ ਇਸ ਦਿਸ਼ਾ 'ਚ ਦੁਨੀਆ ਦਾ ਪਹਿਲਾ ਮੁਲਕ ਬਣਨ ਜਾ ਰਿਹਾ ਹੈ। ਲੈਸਟਰ 'ਚ ਇਸ ਸੰਬੰਧ 'ਚ ਟੀਕਾਕਰਨ ਸੈਂਟਰ Oadby Race Course Club ਨੂੰ ਬਣਾਇਆ ਗਿਆ ਹੈ ।