ਅਮਰੀਕਾ ਵਾਸੀਆਂ ਨੇ ਸੋਮਵਾਰ ਨੂੰ ਦੇਸ਼ ਦੇ ਇਤਿਹਾਸ 'ਚ ਕੀਤੀ ਰਿਕਾਰਡ ਤੋੜ ਆਨਲਾਈਨ ਸ਼ਾਪਿੰਗ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੇਫੋਰਨੀਆ), 3 ਦਸੰਬਰ 2020 : ਅਜੋਕੇ ਤਕਨਾਲੋਜੀ ਦੇ ਸਮੇਂ ਵਿੱਚ ਆਨਲਾਈਨ ਸ਼ਾਪਿੰਗ ਇਸ ਦੇ ਫ਼ਾਇਦਿਆਂ ਕਰਕੇ ਸਾਰੇ ਹੀ ਸੰਸਾਰ ਵਿੱਚ ਪ੍ਰਚੱਲਿਤ ਹੋ ਰਹੀ ਹੈ।ਅਮਰੀਕਾ ਵਿੱਚ ਵੀ ਇਹ ਖ਼ਰੀਦਦਾਰੀ ਲੋਕਾਂ ਦੀ ਪਸੰਦ ਬਣ ਗਈ ਹੈ। ਆਨਲਾਈਨ ਸ਼ਾਪਿੰਗ ਦੇ ਮਾਮਲੇ ਵਿੱਚ ਇਸ ਹਫ਼ਤੇ ਦਾ ਸਾਈਬਰ ਸੋਮਵਾਰ ਸੰਯੁਕਤ ਰਾਜ ਦੇ ਇਤਿਹਾਸ ਵਿੱਚ ਆਨਲਾਈਨ ਵਿੱਕਰੀ ਲਈ ਸਭ ਤੋਂ ਵੱਡਾ ਦਿਨ ਬਣ ਗਿਆ ਹੈ। ਇਸ ਸੰਬੰਧੀ ਅਡੱਬ ਐਨਾਲਿਟਿਕਸ ਦੇ ਅਨੁਸਾਰ ਖ਼ਰੀਦਦਾਰਾਂ ਨੇ ਸੋਮਵਾਰ ਨੂੰ ਲਗਭਗ 10.8 ਬਿਲੀਅਨ ਡਾਲਰ ਖ਼ਰਚ ਕੀਤੇ ਹਨ, ਜੋ ਕਿ ਈ ਕਾਮਰਸ ਖੇਤਰ ਵਿੱਚ ਇੱਕ ਰਿਕਾਰਡ ਪੱਧਰ ਹੈ ਜਿਸ ਨੇ ਪਿਛਲੇ ਸਾਲ ਦੇ 9.4 ਬਿਲੀਅਨ ਡਾਲਰ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਸੋਮਵਾਰ ਦੇ ਦਿਨ ਲੋਕਾਂ ਨੇ 2.7 ਬਿਲੀਅਨ ਡਾਲਰ ਰਾਤ ਦੇ 7 ਵਜੇ ਤੋਂ 11 ਵਜੇ ਦੇ ਵਿਚਕਾਰ ਖ਼ਰਚ ਕੀਤੇ ਜਦਕਿ ਖਪਤਕਾਰਾਂ ਨੇ ਖਿਡੌਣਿਆਂ, ਇਲੈਕਟ੍ਰਾਨਿਕਸ, ਕੱਪੜੇ ਅਤੇ ਵਸਤਾਂ 'ਤੇ ਪ੍ਰਤੀ ਮਿੰਟ 12 ਲੱਖ ਡਾਲਰ ਖ਼ਰਚ ਕੀਤੇ।ਸੋਮਵਾਰ ਦਾ ਕੁੱਲ ਖ਼ਰਚ ਇਸ ਵਿੱਕਰੀ ਵਿੱਚ 15% ਪ੍ਰਤੀ ਸਾਲ ਦਾ ਵਾਧਾ ਦਰਸਾਉਂਦਾ ਹੈ।ਇਸ ਦੇ ਨਾਲ ਹੀ ਬਲੈਕ ਫ੍ਰਾਈਡੇ ਦੀ ਆਨਲਾਈਨ ਵਿੱਕਰੀ ਵੀ ਜ਼ਬਰਦਸਤ ਰਹੀ ਸੀ, ਇਸ ਦੌਰਾਨ ਉਪਭੋਗਤਾਵਾਂ ਨੇ ਇਸ ਦਿਨ 9 ਬਿਲੀਅਨ ਡਾਲਰ ਆਨਲਾਈਨ ਖ਼ਰਚ ਕੀਤੇ ਜੋ ਕਿ ਪਿਛਲੇ ਸਾਲ ਦੀ ਖ਼ਰੀਦਦਾਰੀ ਨਾਲੋਂ ਲਗਭਗ 22% ਵੱਧ ਹਨ।