ਵੈਨਕੂਵਰ ਵਿਚਾਰ ਮੰਚ ਵੱਲੋਂ ਭਾਰਤੀ ਕਿਸਾਨ ਸੰਘਰਸ਼ ਦੀ ਜ਼ੋਰਦਾਰ ਹਮਾਇਤ
ਹਰਦਮ ਮਾਨ
ਸਰੀ, 4 ਦਸੰਬਰ 2020 : ਵੈਨਕੂਵਰ ਵਿਚਾਰ ਮੰਚ ਦੇ ਆਗੂਆਂ ਨੇ ਭਾਰਤ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਦਿਆਂ ਨਰਿੰਦਰ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਤੁਰੰਤ ਸਵੀਕਾਰ ਕਰ ਕੇ ਦੇਸ਼ ਵਿਚਲੇ ਤਣਾਓ ਦੇ ਮਾਹੌਲ ਨੂੰ ਸ਼ਾਂਤ ਕੀਤਾ ਜਾਵੇ।
ਮੰਚ ਦੇ ਮੈਂਬਰਾਂ ਨੇ ਇਕ ਵਰਚੂਅਲ ਮੀਟਿੰਗ ਕਰ ਕੇ ਕਿਸਾਨੀ ਸੰਘਰਸ਼ ਦੀ ਤਾਜ਼ਾ ਹਾਲਤ ਉਪਰ ਵਿਚਾਰ ਚਰਚਾ ਕੀਤੀ। ਮੀਟਿੰਗ ਦੇ ਸੰਚਾਲਕ ਜਰਨੈਲ ਸਿੰਘ ਆਰਟਿਸਟ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਹੁਣ ਤੱਕ ਦੇ ਆਪਣੇ ਅੰਦੋਲਨ ਵਿਚ ਜ਼ਾਬਤਾ ਬਣਾਈ ਰੱਖਣ ਦੀ ਸ਼ਲਾਘਾ ਕੀਤੀ ਅਤੇ ਆਉਂਦੇ ਦਿਨਾਂ ਵਿਚ ਸਿਆਸੀ ਤਿੜਕਮਬਾਜ਼ੀ ਤੋਂ ਸੁਚੇਤ ਰਹਿਣ ਲਈ ਕਿਸਾਨੀ ਲੀਡਰਸ਼ਿਪ ਨੂੰ ਅਪੀਲ ਕੀਤੀ। ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਅਤੇ ਹੱਕੀ ਦਸਦਿਆਂ ਭਾਰਤ ਸਰਕਾਰ ਵੱਲੋਂ ਆਪਣਾਈ ਜਾ ਰਹੀ ਨੀਤੀ ਦੀ ਨਿੰਦਿਆ ਕੀਤੀ। ਸ਼ਾਇਰ ਕਵਿੰਦਰ ਚਾਂਦ ਨੇ ਕਿਹਾ ਕਿ ਇਹ ਸੰਘਰਸ਼ ਸਿਰਫ ਕਿਸਾਨੀ ਸੰਘਰਸ਼ ਨਹੀਂ ਸਗੋਂ ਭਾਜਪਾ ਸਰਕਾਰ ਪੰਜਾਬ ਅਤੇ ਪੰਜਾਬੀਆਂ ਨੂੰ ਦਬਾਉਣ ਦੀ ਨੀਤੀ ਉਪਰ ਚੱਲ ਰਹੀ ਹੈ ਕਿਉਂਕਿ ਪੰਜਾਬ ਹੀ ਇਕ ਅਜਿਹਾ ਰਾਜ ਰਹਿ ਗਿਆ ਹੈ ਜੋ ਭਾਰਤੀ ਜਨਤਾ ਪਾਰਟੀ ਦੀ ਈਨ ਮੰਨਣ ਤੋਂ ਇਨਕਾਰੀ ਹੈ।
ਅੰਗਰੇਜ਼ ਬਰਾੜ, ਹਰਦਮ ਸਿੰਘ ਮਾਨ, ਮੋਹਨ ਗਿੱਲ ਅਤੇ ਜਸਵਿੰਦਰ ਗ਼ਜ਼ਲਗੋ ਨੇ ਕਿਹਾ ਕਿ ਮੌਜੂਦਾ ਕਿਸਾਨੀ ਸੰਘਰਸ਼ ਦਾ ਉੱਘੜਵਾਂ ਅਤੇ ਤਸੱਲੀਬਖਸ਼ ਪੱਖ ਇਹ ਹੇ ਕਿ ਇਸ ਨੇ ਧਰਮ ਅਤੇ ਜਾਤ ਪਾਤ ਤੋਂ ਉਪਰ ਉੱਠ ਕੇ ਭਾਰਤੀ ਲੋਕਾਂ ਦੀ ਹੱਕੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਬੁਲਾਰਿਆਂ ਨੇ ਕਿਹਾ ਕਿ ਇਹ ਤੱਥ ਵੀ ਬੇਹੱਦ ਸੁਖਾਵਾਂ ਹੈ ਕਿ ਪੰਜਾਬ ਦੇ ਨੌਜਵਾਨਾਂ ਸਿਰ ਲੱਗਦੇ ਨਸ਼ੈੜੀ ਹੋਣ ਦੇ ਦੋਸ਼ਾਂ ਨੂੰ ਨੌਜਵਾਨਾਂ ਨੇ ਇਸ ਸੰਘਰਸ਼ ਵਿਚ ਜ਼ੋਰਦਾਰ ਭੂਮਿਕਾ ਨਿਭਾ ਕੇ ਧੋ ਦਿੱਤਾ ਹੈ ਅਤੇ ਪੰਜਾਬ ਦੇ ਭਵਿਖ ਪ੍ਰਤੀ ਚਿੰਤਤ ਵਿਦਵਾਨਾਂ ਹੁਣ ਕਾਫੀ ਕੁਝ ਆਸਵੰਦ ਲੱਗ ਰਹੇ ਹਨ।
ਮੀਟਿੰਗ ਦੌਰਾਨ ਭਾਰਤੀ ਮੀਡੀਆ ਦੀ ਭੂਮਿਕਾ ਨੂੰ ਇਕ ਪਾਸੜ ਕਰਾਰ ਦਿੱਤਾ ਅਤੇ ਹਰਿਆਣਾ, ਰਾਜਸਥਾਨ, ਯੂਪੀ ਸਮੇਤ ਹੋਰਨਾਂ ਰਾਜਾਂ ਦੇ ਕਿਸਾਨਾਂ ਵੱਲੋਂ ਪੰਜਾਬੀ ਕਿਸਾਨਾਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਕੇ ਸੰਘਰਸ਼ ਨੂੰ ਤਾਕਤ ਦੇਣ ਦੀ ਸ਼ਲਾਘਾ ਕੀਤੀ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com