ਅਸ਼ੋਕ ਵਰਮਾ
ਮਾਨਸਾ, 5 ਦਸੰਬਰ 2020 - ਭਾਰਤੀ ਕਿਸਾਨ ਯੁਨੀਅਨ ਏਕਤਾ ਉਗਰਾਹਾ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿਚ ਮੋਦੀ ਸਰਕਾਰ ਤੇ ਉਸ ਦੇ ਸਾਥੀ ਅਡਾਨੀਆਂ ਤੇ ਅੰਬਾਨੀਆਂ ਦੀ ਅਰਥੀ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਅੱਜ ਦਿਨ ਚੜਦੇ ਸਾਰ ਅਰਥੀਆਂ ਸਾੜਨ ਦਾ ਸਿਲਸਿਲਾ ਸ਼ੁਰੂ ਹੋਇਆ। ਜੋ ਦਿਨ ਭਰ ਚਲਦਾ ਰਿਹਾ। ਪਿੰਡ ਭੈਣੀ ਬਾਘਾ, ਬੁਰਜ ਹਰੀ, ਕਲੋ, ਤਾਮਕੋਟ, ਬੁਰਜ ਢਿਲਵਾਂ, ਬੁਰਜ ਰਾਠੀ, ਖੜਕ ਸਿੰਘ ਵਾਲਾ, ਖੋਖਰ ਖੁਰਦ, ਖੋਖਰ ਕਲਾਂ ਜ਼ਿਲੇ ਦੇ ਦਸ ਪਿੰਡਾ ਵਿਚ ਅਰਥੀ ਫੂਕ ਮੁਜਾਹਰੇ ਕਰਕੇ ਅਰਥੀਆਂ ਸਾੜੀਆਂ ਗਈਆਂ।
ਪਿੰਡ ਭੈਣੀ ਬਾਘਾ ਵਿਚ ਇਕੱਠ ਨੂੰ ਸਬੰਧੋਨ ਕਰਦਿਆਂ ਕਿਸਾਨ ਆਗੂ ਰਾਮ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਦੇਂ ਕਾਲੇ ਕਾਨੂੰਨ ਕਿਸਾਨ ਕਿਤੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਗੇ ਅਤੇ ਕਿਸਾਨੀ ਦੀ ਹੋਂਦ ਸਦਾ ਲਈ ਮਿਟ ਜਾਵੇਗੀ। ਉਹਨਾਂ ਆਖਿਆ ਕਿ ਇਸ ਨੂੰ ਸਮਝਦਿਆਂ ਕਿਸਾਨ ਪਰਿਵਾਰਾਂ ਸਮੇਤ ਸਘੰਰਸ਼ ਵਿਚ ਸ਼ਾਮਲ ਹੋ ਰਹੇ ਹਨ ਅਤੇ ਹਰ ਵਰਗ ਦੇ ਲੋਕਾਂ ਵੱਲੋਂ ਕਿਸਾਨੀ ਦਾ ਸਾਥ ਦਿੱਤਾ ਜਾ ਰਹਿਾ ਹੈ। ਉਹਨਾਂ ਦੱਸਿਆ ਕਿ ਦਿੱਲੀ ਵਿਚ ਲੱਗੇ ਮੋਰਚੇ ਵਿਚ ਗਿਣਤੀ ਹਰ ਰੋਜ਼ ਵਧਣ ਲੱਗੀ ਹੈ। ਉਹਨਾਂ ਕਿਸਾਨਾਂ ਨੌਜਵਾਨਾਂ, ਮਾਵਾਂ-ਭੈਣਾਂ ਨੂੰ ਜੋ ਪਰਿਵਾਰ ਸੰਘਰਸ਼ ਤੋਂ ਬਾਹਰ ਹਨ ਉਹਨਾਂ ਨੂੰ ਵੀ ਸ਼ਾਮਲ ਹੋਣ ਲਈ ਪਹੁੰਚ ਕਰਨ ਦੀ ਅਪੀਲ ਕੀਤੀ।ਇਸ ਮੌਕੇ ਜਗਦੇਵ ਸਿੰਘ ਭੈਣੀ ਬਾਘਾ, ਨਿਰਮਲ ਸਿੰਘ, ਹਰਿੰਦਰ ਸਿੰਘ ਟੋਨੀ ਆਦਿ ਹਾਜ਼ਰ ਸਨ।