ਸਲਾਨਾ ਇਨਾਮ ਵੰਡ ਸਮਾਰੋਹ 'ਚ ਛਾਇਆ 'ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ '
ਸਰਕਾਰੀ ਪ੍ਰਾਇਮਰੀ ਸਕੂਲ 'ਚ ਸਾਲਾਨਾਂ ਸਮਾਰੋਹ ਕਰਵਾਇਆ
ਮਲਕੀਤ ਸਿੰਘ ਮਲਕਪੁਰ
ਲਾਲੜੂ 27 ਮਾਰਚ 2024: ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਲਾਲੜੂ ਵਿੱਚ ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ ਗ੍ਰੈਜੂਏਸ਼ਨ ਸੈਰੇਮਨੀ ਤੇ ਸਾਲਾਨਾ ਇਨਾਮ ਵੰਡ ਸਮਾਰੋਹ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਸਮਾਰੋਹ ਦੌਰਾਨ ਸਕੂਲ ਦੇ ਬੱਚਿਆਂ ਵੱਲੋਂ ਵੱਖ-ਵੱਖ ਪ੍ਰੋਗਰਾਮਾਂ ਵਿੱਚ ਦਿੱਤੀ ਪੇਸ਼ਕਾਰੀ ਤੇ ਸਕੂਲ ਸਟਾਫ਼ ਵੱਲੋਂ ਕੀਤਾ ਪ੍ਰਬੰਧ ਹੋਰਨਾਂ ਸਕੂਲਾਂ ਨੂੰ ਮਾਤ ਪਾ ਰਿਹਾ ਸੀ।
ਸਮਾਰੋਹ ਦੌਰਾਨ ਬੱਚਿਆਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਬਹੁਤ ਪ੍ਰਭਾਵਸ਼ਾਲੀ ਸਨ ਤੇ ਸਮਾਰੋਹ ਦੇ ਅੰਤ ਵਿੱਚ ਪੇਸ਼ ਪੰਜਾਬੀ ਗੀਤ 'ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ, ਮੈਨੂੰ ਐਂ ਨਾ ਮਨੋ ਵਿਸਾਰ" ਨੇ ਆਈਆਂ ਸਖਸ਼ੀਅਤਾਂ ਨੂੰ ਬੇਹੱਦ ਭਾਵੁਕ ਕੀਤਾ। ਪ੍ਰਾਇਮਰੀ ਸਕੂਲ ਵੱਲੋਂ ਕਰਵਾਏ ਇਸ ਸਮਾਰੋਹ ਵਿੱਚ ਜਿੱਥੇ ਸ਼ੈਲਟਰ ਚੇਰੀਟੇਬਲ ਟਰੱਸਟ ਦੇ ਪ੍ਰਧਾਨ ਤੇ ਰਿਟਾਇਰਡ ਸਿਵਲ ਸਰਜਨ ਡਾਕਟਰ ਦਲੇਰ ਸਿੰਘ ਮੁਲਤਾਨੀ ਨੇ ਸ਼ਿਰਕਤ ਕਰਦਿਆਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ -ਨਾਲ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਦਿਲਚਸਪੀ ਲੈਣ ਲਈ ਪ੍ਰੇਰਿਤ ਕੀਤਾ।
ਉੱਥੇ ਨਿਸਚੈ ਚੇਰੀਟੇਬਲ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਸਮਾਰੋਹ ਦੀ ਸਮਾਪਤੀ ਮੌਕੇ ਬੱਚਿਆਂ ਨੂੰ ਵਿਸ਼ੇਸ਼ ਸੰਦੇਸ਼ ਦਿੱਤਾ ਤੇ ਵੱਖ-ਵੱਖ ਜਮਾਤਾਂ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ।ਸਮਾਰੋਹ ਵਿੱਚ ਪੀਸੀਸੀਪੀਐਲ ਕੰਪਨੀ ਦੇ ਸੀਨੀਅਰ ਅਧਿਕਾਰੀ ਯਸ਼ਵਰਧਨ ਤ੍ਰਿਪਾਠੀ ਨੇ ਵੀ ਆਪਣੀ ਟੀਮ ਸਮੇਤ ਸ਼ਿਰਕਤ ਕੀਤੀ।ਜ਼ਿਕਰਯੋਗ ਹੈ ਕਿ ਉਕਤ ਤਿੰਨੋ ਸੰਸਥਾਵਾਂ ਨੇ ਸਕੂਲ ਦੇ ਵਿਕਾਸ ਵਿਚ ਸਮੇਂ-ਸਮੇਂ ਉਤੇ ਵੱਡਾ ਸਹਿਯੋਗ ਦਿੱਤਾ ਹੈ।
ਸਮਾਰੋਹ ਦੇ ਅੰਤ ਵਿੱਚ ਸਕੂਲ ਦੇ ਹੈੱਡ ਮਾਸਟਰ ਮੇਵਾ ਸਿੰਘ ਨੇ ਵਧੀਆ ਨਤੀਜਿਆਂ ਲਈ ਬੱਚਿਆਂ,ਉਨ੍ਹਾਂ ਦੇ ਮਾਪਿਆਂ ਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ। ਉਨ੍ਹਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਤੋਂ ਇਲਾਵਾ ਹੋਰਨਾਂ ਬੱਚਿਆਂ ਨੂੰ ਵੀ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰਨ।ਇਸ ਮੌਕੇ ਉਨ੍ਹਾਂ ਆਈਆਂ ਸਖਸ਼ੀਅਤਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਸਨਮਾਨ ਵੀ ਕੀਤਾ।ਸਮਾਰੋਹ ਦੌਰਾਨ ਸ਼ੈਲਟਰ ਚੇਰੀਟੇਬਲ ਟਰੱਸਟ ਦੇ ਖਜ਼ਾਨਚੀ ਰਘੂਬੀਰ ਜੁਨੇਜਾ, ਜਗਤਾਰ ਜੱਗੀ, ਮਨੋਜ ਮਹਿਤਾ,ਅਮਨ ਕੁਮਾਰ, ਸਰਕਾਰੀ ਪ੍ਰਾਇਮਰੀ ਸਕੂਲ ਡੈਹਰ ਦੇ ਇੰਚਾਰਜ ਹਰਜਿੰਦਰ ਸਿੰਘ ਤੋਂ ਇਲਾਵਾ ਪੱਤਰਕਾਰ ਬਲਜੀਤ ਸ਼ਰਮਾ ਤੇ ਨਿਸ਼ਚੈ ਗਰੁੱਪ ਦੀ ਟੀਮ ਹਾਜ਼ਰ ਸੀ।