ਯੂਨੀਵਰਸਲ ਗਰੁੱਪ ਆਫ ਕਾਲਜ ਲਾਲੜੂ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ
ਐਸ ਡੀ ਐਮ ਹਿਮਾਂਸ਼ੂ ਗੁਪਤਾ ਦੀ ਅਗਵਾਈ ’ਚ ਐਸ ਡੀ ਐਮ ਦਫ਼ਤਰ ਡੇਰਾਬੱਸੀ ਵਿਖੇ ਨੁੱਕੜ ਨਾਟਕ
ਮਲਕੀਤ ਸਿੰਘ ਮਲਕਪੁਰ
ਲਾਲੜੂ 27 ਮਾਰਚ 2024: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਸ੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਜ਼ਿਲ੍ਹੇ ’ਚ ਪਹਿਲੀ ਵਾਰ ਬਣੇ ਵੋਟਰਾਂ ਨੂੰ ਲੋਕ ਸਭਾ ਚੋਣਾਂ-2024 ਦੌਰਾਨ ਮਤਦਾਨ ਲਈ ਉਤਸ਼ਾਹਿਤ ਕਰਨ ਅਤੇ ਪ੍ਰਤੀਸ਼ਤਤਾ ਨੂੰ 80 ਫ਼ੀਸਦੀ ’ਤੇ ਲੈ ਕੇ ਜਾਣ ਦੇ ਟੀਚੇ ਤਹਿਤ ਯੂਨੀਵਰਸਲ ਗਰੁੱਪ ਆਫ਼ ਕਾਲਜਿਜ਼ ਲਾਲੜੂ ਵਿਖੇ ਨੁੱਕੜ ਨਾਟਕ ਅਤੇ ਜਾਗਰੂਕਤਾ ਰੈਲੀ ਕੀਤੀ ਗਈ, ਜਦਕਿ ਐਸ ਡੀ ਐਮ ਦਫ਼ਤਰ ਡੇਰਾਬੱਸੀ ਵਿਖੇ ਐਸ ਡੀ ਐਮ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਹਿਮਾਂਸ਼ੂ ਗੁਪਤਾ ਦੀ ਅਗਵਾਈ ਵਿੱਚ ਸਵੀਪ ਟੀਮ ਵੱਲੋਂ ‘ਸਾਡੀ ਵੋਟ ਸਾਡਾ ਅਧਿਕਾਰ’ ਨੁੱਕੜ ਨਾਟਕ ਖੇਡ ਕੇ ਵੱਧ-ਚੜ੍ਹ ਕੇ ਮਤਦਾਨ ਪ੍ਰਤੀ ਹੋਕਾ ਵੀ ਦਿੱਤਾ ਗਿਆ। ਐਸ ਡੀ ਐਮ ਹਿਮਾਂਸ਼ੂ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਜ਼ਿਲ੍ਹੇ ’ਚ ਮਤਦਾਨ ਦੀ ਔਸਤ ਪ੍ਰਤੀਸ਼ਤਤਾ ਨੂੰ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ‘ਇਸ ਵਾਰ 70 ਪਾਰ’ ਤੋਂ ਵੀ ਅੱਗੇ ਲਿਜਾਂਦਿਆਂ 80 ਫ਼ੀਸਦੀ ਕਰਨ ਦੇ ਰੱਖੇ ਟੀਚੇ ਤਹਿਤ ਸਬ ਡਵੀਜ਼ਨ ਡੇਰਾਬੱਸੀ ’ਚ ਸਵੀਪ ਗਤੀਵਿਧੀਆਂ ਨੂੰ ਤੇਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਲ ਗਰੁੱਪ ਦੀ ਪ੍ਰਿੰਸੀਪਲ ਨੀਤੂ ਜੈਨ ਦੀ ਪਹਿਲਕਦਮੀ ’ਤੇ ਪਹਿਲੀ ਵਾਰ ਵੋਟਰ ਬਣੇ ਵਿਦਿਆਰਥੀਆਂ ਵੱਲੋਂ ਜਿੱਥੇ ਕਾਲਿਜ ’ਚ ਨੁੱਕੜ ਨਾਟਕ ‘ਮੇਰੀ ਵੋਟ ਮੇਰੀ ਤਾਕਤ’ ਖੇਡ ਕੇ ਮਤਦਾਨ ਪ੍ਰਤੀ ਹੁੰਗਾਰਾ ਦਿੱਤਾ ਗਿਆ ਉੱਥੇ ਇਨ੍ਹਾਂ ਨਵੇਂ ਬਣੇ ਵੋਟਰਾਂ ਵੱਲੋਂ ਜਾਗਰੂਕਤਾ ਰੈਲੀ ਕਰਕੇ ਹੋਰਨਾਂ ਨੂੰ ਵੀ ਮਤਦਾਨ ਲਈ ਉਤਸ਼ਾਹਿਤ ਕੀਤਾ ਗਿਆ।
ਐਸਡੀਐਮ ਨੇ ਦੱਸਿਆ ਕਿ ਡੇਰਾਬੱਸੀ ਵਿਖੇ ਸਵੀਪ ਨੋਡਲ ਅਫ਼ਸਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਬਾਰਕਪੁਰ ਦੀ ਪ੍ਰਿੰਸਪਲ ਰੂਮਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਲੈਕਚਰਾਰ ਮੀਨਾ ਰਾਜਪੂਤ ਅਤੇ ਸਰੀਰਿਕ ਸਿੱਖਿਆ ਦੇ ਲੈਕਚਰਾਰ ਅਮ੍ਰਿੰਤਪਾਲ ਸਿੰਘ ਵੱਲੋਂ ਵੀ ਸਵੀਪ ਟੀਮ ਵੱਲੋਂ ਐਸ ਡੀ ਐਮ ਦਫ਼ਤਰ ਡੇਰਾਬੱਸੀ ਵਿਖੇ ਨੁੱਕੜ ਨਾਟਕ ‘ਸਾਡੀ ਵੋਟ ਸਾਡੀ ਅਵਾਜ਼’ ਪੇਸ਼ ਕੀਤਾ ਗਿਆ। ਸ੍ਰੀ ਗੁਪਤਾ ਨੇ ਦੱਸਿਆ ਕਿ ਡੇਰਾਬੱਸੀ ਹਲਕੇ ਦੇ ਉਨ੍ਹਾਂ ਬੂਥਾਂ ਜਿੱਥੇ ਪਿਛਲੀ ਵਾਰ ਮਤਦਾਨ ਫੀਸਦੀ ਔਸਤ ਤੋਂ ਘੱਟ ਦਰਜ ਕੀਤੀ ਗਈ ਸੀ, ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 112-ਡੇਰਾਬੱਸੀ ਵਿਧਾਨ ਸਭਾ ਹਲਕਾ, ਪਾਰਲੀਮਾਨੀ ਹਲਕਾ 13-ਪਟਿਆਲਾ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਦੇ ਆਦੇਸ਼ਾਂ ’ਤੇ ਹੋਲੀ ਵਾਲੇ ਦਿਨ ਚੰਡੀਗੜ੍ਹ-ਜ਼ੀਰਕਪੁਰ ਰੋਡ ’ਤੇ ਸਥਿਤ ਥੀਮ ਪਾਰਕਾਂ ਅਤੇ ਰਿਜ਼ਾਰਟਾਂ ’ਚ ਹੋਲੀ ਸਮਾਗਮਾਂ ਦੌਰਾਨ ਸਵੀਪ ਗਤੀਵਿਧੀਆਂ ਕਰਕੇ ਵੀ ਉੱਥੇ ਆਏ ਲੋਕਾਂ ਨੂੰ ਮਤਦਾਨ ਪ੍ਰਤੀ ਜਾਗਰੂਕ ਕੀਤਾ ਗਿਆ ਸੀ।ਐਸ ਡੀ ਐਮ ਅਨੁਸਾਰ ਡੇਰਾਬੱਸੀ ਸਬ ਡਵੀਜ਼ਨ ਪ੍ਰਸ਼ਾਸਨ ਵੱਲੋਂ ਅਪਾਰਟਮੈਂਟਸ (ਹਾਈ ਰਾਈਜ਼ ਬਿਲਡਿੰਗਜ਼) ਵਿੱਚ ਰਹਿਣ ਵਾਲੇ ਮਤਦਾਤਾਵਾਂ ਦੀ ਵੋਟ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ।ਇਸ ਮੌਕੇ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਅਤੇ ਯੂਨੀਵਰਸਲ ਗਰੁੱਪ ਦੇ ਪ੍ਰਿੰਸੀਪਲ ਵਿਕਾਸ ਕੁਮਾਰ ਸਮੇਤ ਐਸਡੀਐਮ ਦਫ਼ਤਰ ਦਾ ਹੋਰ ਸਟਾਫ਼ ਵੀ ਮੌਜੂਦ ਸੀ।