ਪਾਵਰਕਾਮ ਦੇ ਸਬ ਸਟੋਰ ਵਿੱਚੋਂ ਲੱਖਾਂ ਦਾ ਸਮਾਨ ਚੋਰੀ ਕਰਕੇ ਲੈ ਗਏ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ 28 ਮਾਰਚ 2024 - ਬੀਤੇ ਦਿਨੀ ਸਵੇਰੇ ਤੜਕਸਾਰ ਪੰਜ ਵਜੇ ਚਾਰ ਅਣਪਛਾਤੇ ਨੌਜਵਾਨਾਂ ਵੱਲੋਂ ਧਾਰੀਵਾਲ ਦੇ ਪਾਵਰ ਕਾਰਪੋਰੇਸ਼ਨ ਦੇ ਸਟੋਰ ਵਿੱਚੋਂ ਬਰਾਸ ਅਤੇ ਤਾੰਬੇ ਦਾ ਸਮਾਨ ਚੋਰੀ ਕਰਨ ਦੀ ਖਬਰ ਹੈ। ਚੋਰ ਕੰਪਨੀ ਦੇ ਸਿਕਿਉਰਟੀ ਗਾਰਡ ਦੇ ਆਉਣ ਤੇ ਉਸ ਨੂੰ ਧੱਕਾ ਦੇ ਕੇ ਸਮਾਨ ਸਮੇਤ ਦੌੜਨ ਵਿੱਚ ਕਾਮਯਾਬ ਹੋ ਗਏ। ਫਿਲਹਾਲ ਪਾਵਰ ਕਾਮ ਵੱਲੋਂ ਚੋਰੀ ਕੀਤੇ ਸਮਾਨ ਦੀ ਲਿਸਟ ਵੀ ਪੁਲਿਸ ਨੂੰ ਨਹੀਂ ਦਿੱਤੀ ਗਈ ਹੈ ਜਿਸ ਕਾਰਨ ਚੋਰੀ ਹੋਏ ਸਮਾਨ ਦੀ ਪੂਰੀ ਕੀਮਤ ਦਾ ਅੰਦਾਜਾ ਨਹੀਂ ਲਗਾਇਆ ਜਾ ਸਕਿਆ ਪਰ ਚਰਚਾ ਹੈ ਕਿ ਲੱਖਾਂ ਰੁਪਏ ਦਾ ਤਾਂਬੇ ਅਤੇ ਬਰਾਸ ਦਾ ਸਮਾਨ ਮੋਟਰਸਾਈਕਲ ਰੇਹੜੇ ਤੇ ਲੱਦ ਕੇ ਚੋਰੀ ਕਰਕੇ ਲੈ ਜਾਣ ਵਿੱਚ ਕਾਮਯਾਬ ਹੋ ਗਏ ਹਨ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਨਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਹੀਰ, ਪੈਕਸੂ ਪ੍ਰਾਈਵੇਟ ਕੰਪਨੀ ਵਲੋਂ ਬਤੌਰ ਸਕਿਊਰਟੀ ਗਾਰਡ ਸਬ ਸਟੋਰ ਧਾਰੀਵਾਲ ਮਹਿਕਮਾ ਬਿਜਲੀ ਬੋਰਡ ਵਿੱਚ ਡਿਊਟੀ ਕਰਦਾ ਹੈ। ਬੀਤੇ ਦਿਨੀ ਸਵੇਰੇ 5.00 ਵਜੇ ਉਹ ਸਟੋਰ ਦਾ ਰਾਊਂਡ ਕਰ ਰਿਹਾ ਸੀ ਤਾਂ ਅੰਦਰੋ ਅਚਾਨਕ ਖੜਕੇ ਦੀ ਅਵਾਜ ਸੁਣਾਈ ਦਿੱਤੀ। ਜਦੋ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ 4 ਨੌਜਵਾਨ ਜਿਨਾਂ ਨੇ ਹੱਥ ਵਿੱਚ ਰਾਡਾਂ ਫੜੀਆਂ ਸਨ ਅਤੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਅੰਦਰ ਚੋਰੀ ਕਰ ਰਹੇ ਸਨ। ਜਦੋਂ ਉਹ ਅੰਦਰ ਗਿਆ ਤਾਂ ਚੋਰ ਉਸ ਨੂੰ ਧੱਕਾ ਦੇ ਕੇ ਭੱਜ ਗਏ।ਉਸ ਨੇ ਉਨਾਂ ਦੇ ਪਿੱਛੇ ਭੱਜ ਕੇ ਦੇਖਿਆ ਤਾਂ ਉਹ ਮੋਟਰਸਾਇਕਲ ਵਾਲੀ ਰੇਹੜੀ ਜਿਸ ਵਿੱਚ ਚੋਰੀ ਕੀਤਾ ਸਮਾਨ ਲੱਦਿਆ ਸੀ ਭਜਾ ਕੇ ਲੈ ਗਏ।
ਸਿਕਿਉਰਟੀ ਗਾਰਡ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਸਟੋਰ ਵਿੱਚ ਜਾ ਕੇ ਦੇਖਿਆ ਜਿਥੇ ਕਾਫੀ ਮਾਤਰਾ ਵਿੱਚ ਬ੍ਰਾਸ ਅਤੇ ਕਾਪਰ ਗਾਇਬ ਸੀ। ਚੋਰੀ ਹੋਏ ਸਮਾਨ ਦੀ ਲਿਸਟ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਪੁਲਿਸ ਨੂੰ ਦਿੱਤੀ ਜਾਵੇਗੀ।
ਦੂਜੇ ਪਾਸੇ ਪੁਲਿਸ ਨੇ ਮਾਮਲਾ ਤਾ ਦਰਜ ਕਰ ਲਿਆ ਹੈ ਪਰ ਪੁਲਿਸ ਅਧਿਕਾਰੀ ਇਸ ਬਾਰੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।