ਡੇਅਰੀ ਕਿੱਤੇ ਨੂੰ ਹੋਰ ਲਾਹੇਵੰਦ ਬਣਾਉਣਾ ਸਮੇਂ ਦੀ ਜ਼ਰੂਰਤ : ਡਾ.ਬਿਮਲ ਸ਼ਰਮਾ
ਮਲਕੀਤ ਸਿੰਘ ਮਲਕਪੁਰ
ਲਾਲੜੂ 29 ਮਾਰਚ 2024 - ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ ਤੇ ਖੇਤੀਬਾੜੀ ਨੇ ਨਾਲ- ਨਾਲ ਕਿਸਾਨ ਡੇਅਰੀ ਦਾ ਕਿੱਤਾ ਵੀ ਕਰ ਰਹੇ ਹਨ। ਅੱਜ ਕੱਲ ਖੇਤੀਬਾੜੀ ਦੇ ਕਿੱਤੇ ਵਿੱਚ ਖੜੋਤ ਆ ਗਈ ਹੈ ਤੇ ਇਸ ਲਈ ਇਸ ਨੂੰ ਵਧਾਉਣ ਲਈ ਵੱਖ- ਵੱਖ ਉਪਰਾਲੇ ਕੀਤੇ ਜਾ ਰਹੇ ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਇਹ ਜਾਣਕਾਰੀ ਦਿੰਦਿਆਂ ਡਾ. ਬਿਮਲ ਸ਼ਰਮਾ ਨੇ ਅੱਜ ਲਾਲੜੂ ਗਊਸਾਲਾ ਦਾ ਦੌਰਾ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਮੁੱਖ ਤੌਰ ਤੇ ਡੇਅਰੀ ਅਜਿਹਾ ਕਿੱਤਾ ਹੈ ਜਿਸ ਨੂੰ ਅਪਣਾ ਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਡੇਅਰੀ ਕਿੱਤੇ ਨੂੰ ਲਾਹੇਵੰਦ ਬਣਾਉਣ ਲਈ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆ ਨੂੰ ਸਾਰਾ ਸਾਲ ਹਰਾ ਚਾਰਾ ਉਪਲੱਬਧ ਕਰਵਾਉਣਾ ਚਾਹੀਦਾ ਹੈ ਅਤੇ ਹਰੇ ਚਾਰੇ ਦੀ ਘਾਟ ਨੂੰ ਪੂਰਾ ਕਰਨ ਲਈ ਅਤੇ ਸਾਰਾ ਸਾਲ ਹਰੇ ਚਾਰ ਦੀ ਪ੍ਰਾਪਤੀ ਲਈ ਹਰੇ ਚਾਰੇ ਦਾ ਅਚਾਰ(ਸਾਈਲੇਜ) ਬਣਾ ਕੇ ਵਰਤਣਾ ਚਾਹੀਦਾ ਹੈ ਤੇ ਲੇਬਰ ਦੇ ਖਰਚੇ ਨੂੰ ਘਟਾਉਣ ਲਈ ਵੱਧ ਤੋਂ ਵੱਧ ਘਰੇਲੂ ਲੇਬਰ ਦੀ ਵਰਤੋ ਕਰਨੀ ਚਾਹੀਦੀ ਹੈ। ਡਾ. ਸ਼ਰਮਾ ਨੇ ਕਿਹਾ ਕਿ ਦਧਾਰੂ ਪਸ਼ੂਆਂ ਦੀ ਅਚਾਨਕ ਮੌਤ ਹੋ ਜਾਣ ਕਾਰਨ ਪੈ ਰਹੇ ਘਾਟੇ ਨੂੰ ਘਟਾਉਣ ਲਈ ਪਸ਼ੂਆਂ ਦਾ ਬੀਮਾ ਜ਼ਰੂਰ ਕਰਵਾਉਣਾ ਚਾਹੀਦਾ ਹੈ ਅਤੇ ਪਸ਼ੂਆਂ ਦਾ ਟੀਕਾਕਰਨ ਵੀ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਡੇਅਰੀ ਕਿੱਤੇ ਨੂੰ ਲਾਹੇਵੰਦ ਬਣਾਉਣ ਲਈ ਇਸ ਦਾ ਰਿਕਾਰਡ ਰੱਖਣਾ ਵੀ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਚਾਹੀਦਾ ਹੈ ਕਿ ਆਪਣੇ ਪਸ਼ੂਆਂ ਦੀ ਪ੍ਰਜਨਣ ਕਿਰਿਆ ਨੂੰ ਵਧੀਆ ਬਣਾਉਣ ਲਈ ਸੁਪੀਰੀਅਰ ਜਰਮ ਪੁਲਾਜਮ ਦੀ ਵਰਤੋਂ ਕਰਨ ।
ਉਨ੍ਹਾਂ ਕਿਹਾ ਕਿ ਕਿਸਾਨ ਵੱਲੋਂ ਗੋਬਰ ਬਿਨਾਂ ਕਿਸੇ ਕੀਮਤ ਤੇ ਦੇਣ ਦੀ ਬਜਾਏ ਰੂੜੀ ਖਾਦ ਅਤੇ ਪਾਥੀਆਂ ਤਿਆਰ ਕਰਕੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਰੂੜੀ ਦੀ ਖਾਦ ਦੇ ਨਾਲ ਗੰਡੋਆਂ ਖਾਦ ਅਤੇ ਕੰਪੋਜਿਟ ਖਾਦ ਤਿਆਰ ਕਰਕੇ ਵੀ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ।ਡਾ. ਸ਼ਰਮਾ ਨੇ ਕਿਹਾ ਕਿ ਕਿਸਾਨਾਂ ਨੂੰ ਇਕੱਲੇ ਤਰਲ ਦੁੱਧ ਨੂੰ ਵੇਚਣ ਦੀ ਬਜਾਏ ਇਸ ਤੋਂ ਬਣਨ ਵਾਲੇ ਪਦਾਰਥ ਜਿਵੇਂ ਕਿ ਮੱਖਣ,ਘਿਓ,ਦਹੀਂ, ਪਨੀਰ, ਮਿਲਕ ਕੇਕ ਅਤੇ ਫਲੇਵਰਡ ਮਿਲਕ ਬਣਾ ਕੇ ਵੇਚਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਪਸ਼ੂ ਪਾਲਕ ਉਪਰੋਕਤ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੁੱਧ ਉਤਪਾਦਨ ਦੇ ਖਰਚਿਆਂ ਨੂੰ ਘਟਾ ਸਕਦੇ ਹਨ ਅਤੇ ਡੇਅਰੀ ਕਿੱਤੇ ਨੂੰ ਹੋਰ ਲਾਹੇਵੰਦ ਬਣਾ ਸਕਦੇ ਹਨ।