ਗੁਰੂ ਨਾਨਕ ਸੇਵਕ ਜਥਾ ਬਾਹਰਾ ਵੱਲੋਂ ਚੱਲਣਗੇ ਲੰਗਰ
ਸੰਤ ਬਾਬਾ ਹਰਜੀਤ ਸਿੰਘ ਦੀ ਅਗਵਾਈ ਹੇਠ ਜੋੜ ਮੇਲੇ ਮੌਕੇ ਕੀਤੇ ਗਏ ਸੁਚੱਜੇ ਪ੍ਰਬੰਧ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 6 ਮਈ 2024 : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਧੰਨ ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ 180ਵੇਂ ਸ਼ਹੀਦੀ ਜੋੜ ਮੇਲੇ ਸਤਾਈਆਂ ਮੌਕੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਦੀ ਸੁਚੱਜੀ ਅਗਵਾਈ ਹੇਠ ਦੇਸ਼ ਵਿਦੇਸ਼ ਤੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ 2 ਰੋਜਾ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਵਿਚ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਦੇਸ਼ ਵਿਦੇਸ਼ ਤੇ ਇਲਾਕੇ ਭਰ ਤੋਂ ਹਾਜ਼ਰੀਆਂ ਭਰਦੀਆਂ ਹਨ। ਇਹਨਾਂ ਸਮਾਗਮਾਂ ਸਮੇਂ ਨਤਮਸਤਕ ਹੋਣ ਵਾਲੀਆਂ ਸੰਗਤਾਂ ਵਾਸਤੇ ਲੰਗਰਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਜਿਸ ਸਬੰਧੀ ਅੱਜ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਵੱਲੋਂ ਉਚੇਚੇ ਤੌਰ ਤੇ ਜਾਇਜਾ ਲਿਆ ਗਿਆ ਅਤੇ ਨਵ ਨਿਰਮਾਣ ਨਵੇਂ ਲੰਗਰ ਹਾਲ ਵਿੱਚ ਗੁਰੂ ਨਾਨਕ ਸੇਵਕ ਜਥਾ ਬਾਹਰਾ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਲੰਗਰ ਦੀਆਂ ਤਿਆਰੀਆਂ ਮੁਕੰਮਲ ਹੋਣ ਤੇ ਖੁਸ਼ੀ ਪ੍ਰਗਟ ਕੀਤੀ ਤੇ ਸੰਗਤਾਂ ਵੱਲੋਂ ਨਿਰੰਤਰ ਦਿਨ ਰਾਤ ਕੀਤੀ ਜਾ ਰਹੀ ਸੇਵਾ ਦੀ ਸਰਾਹਨਾ ਕੀਤੀ। ਉਨ੍ਹਾਂ ਦੱਸਿਆ ਕਿ 8 ਅਤੇ 9 ਮਈ ਨੂੰ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ ਅਤੇ ਇਹਨਾਂ ਸਮਾਗਮਾਂ ਦੌਰਾਨ ਰਾਗੀ,ਢਾਡੀ , ਕਵੀਸ਼ਰ,ਕਥਾ ਵਾਚਕ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਸੰਤਾਂ ਮਹਾਪੁਰਸ਼ਾਂ ਵੱਲੋਂ ਇਹਨਾਂ ਸਮਾਗਮਾਂ ਵਿੱਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਕਿਹਾ ਕਿ ਗੁਰੂ ਘਰ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਹੋਏ ਆਪਣਾ ਜੀਵਨ ਸਫਲਾ ਕਰੋ।
ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਸ਼ਹੀਦੀ ਜੋੜ ਮੇਲੇ ਮੌਕੇ ਸੰਗਤਾਂ ਦੀ ਆਮਦ ਨੂੰ ਵੇਖਦਿਆਂ ਸੁਚੱਜੇ ਢੰਗ ਨਾਲ ਪ੍ਰਬੰਧ ਕੀਤੇ ਗਏ ਹਨ ਅਤੇ ਸੰਗਤਾਂ ਲਈ ਲੰਗਰ ਦਾ ਵੀ ਖਾਸ ਇਤਜ਼ਾਮ ਕੀਤਾ ਗਿਆ ਹੈ। ਸਤਾਈਆਂ ਦੇ ਜੋੜ ਮੇਲੇ ਮੌਕੇ ਗੁਰੂ ਨਾਨਕ ਸੇਵਕ ਜਥਾ ਬਾਹਰਾ ਠੱਟਾ ਟਿੱਬਾ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਦੀਆਂ ਸੇਵਾਵਾਂ ਨਿਭਾਉਣ ਵਿਚ ਵੱਡੇ ਪੱਧਰ 'ਤੇ ਸੇਵਾ ਕੀਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰੂ ਨਾਨਕ ਸੇਵਕ ਜਥਾ ਬਾਹਰਾ ਦੇ ਪ੍ਰਧਾਨ ਸੰਤੋਖ ਸਿੰਘ ਬਿਧੀਪੁਰ ਨੇ ਦੱਸਿਆ ਕਿ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਦੇ ਦੱਸੇ ਮਾਰਗ ਤੇ ਚਲਦਿਆਂ ਉਨਾਂ ਵੱਲੋਂ ਚਲਾਈ ਲੰਗਰ ਦੀ ਪਰੰਪਰਾ ਤਹਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਦੀ ਅਗਵਾਈ ਹੇਠ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਅੱਜ 5 ਮਈ ਤੋਂ ਲੈ ਕੇ 11 ਮਈ ਮੋਸ਼ੇ ਤੱਕ ਚਾਹ ਪਕੌੜਿਆਂ ਅਤੇ ਗੁਰੂ ਕੇ ਲੰਗਰ ਲਗਾਤਾਰ ਅਤੁੱਟ ਵਰਤਾਏ ਜਾਣਗੇ। ਉਹਨਾਂ ਸਮੂਹ ਇਲਾਕਾ ਨਿਵਾਸੀ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜਰੀਆਂ ਭਰਦਿਆਂ ਨਿਸ਼ਕਾਮ ਸੇਵਾ ਕਰਦਿਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ।