ਮਲੇਰਕੋਟਲਾ: ਦਿਵਿਆਂਗਜਨ ਵੋਟਰਾਂ ਵੱਲੋਂ ਨੌਜਵਾਨ ਅਤੇ ਯੋਗ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਰੈਲੀ
* ਮਜ਼ਬੂਤ ਲੋਕਤੰਤਰ ਲਈ ਵੋਟਰਾਂ ਦੀ 100 ਫ਼ੀਸਦੀ ਸ਼ਮੂਲੀਅਤ ਜ਼ਰੂਰੀ : ਡਾ ਪੱਲਵੀ
* 'ਵੋਟ ਦਾ ਸਹੀ ਇਸਤੇਮਾਲ ਅਤੇ ਯੋਗ ਉਮੀਦਵਾਰ ਦੀ ਚੋਣ ' ਦੇ ਸਿਰਲੇਖ ਅਧੀਨ ਸਥਾਨਕ ਕਾਲਜ ਚੌਕ ਵਿਖੇ ਖੇਡਿਆਂ ਨੁੱਕੜ ਨਾਟਕ; ਜ਼ਿਲ੍ਹਾ ਚੋਣ ਅਫ਼ਸਰ ਨੇ ਕੀਤੀ ਸ਼ਲਾਂਘਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 17 ਮਈ :2024 - ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਮਾਲੇਰਕੋਟਲਾ ਜ਼ਿਲ੍ਹੇ ਦੇ ਦਿਵਿਆਂਗਜਨ ਵੋਟਰਾਂ ਨੂੰ ਉਤਸ਼ਾਹਿਤ ਕਰਨ ਅਤੇ ਚੋਣਾਂ ਦੇ ਪਰਵ,ਦੇਸ਼ ਦਾ ਗੋਰਵ ਵਾਲੇ ਦਿਨ (01 ਜੂਨ ) ਨੂੰ ਆਵਾਮ ਦੀ 100 ਫ਼ੀਸਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਵੀਪ ਦੀ ਟੀਮ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਕੜੀ ਤਹਿਤ ਜ਼ਿਲ੍ਹੇ ਦੇ ਦਿਵਿਆਂਗ ,ਮਹਿਲਾ,ਨੌਜਵਾਨ ਅਤੇ 85 ਸਾਲਾਂ ਤੋਂ ਵੱਧ ਉਮਰ ਦੇ ਵੋਟਰਾਂ ਦੀ ਸਮੂਲੀਅਤ ਨੂੰ ਯਕੀਨੀ ਬਣਾਉਣ ਲਈ ਏਕਤਾ ਹੈਂਡੀਕੈਪਡ ਐਂਡ ਵਿਧਵਾ ਵੈਲਫੇਅਰ ਸੁਸਾਇਟੀ ਮਾਲੇਰਕੋਟਲਾ ਦੇ ਸਹਿਯੋਗ ਨਾਲ ਵੋਟਰ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਲੋਕ ਸਭਾ ਚੋਣਾਂ-2024 'ਚ ਵੋਟਰਾਂ ਦੀ 100 ਫ਼ੀਸਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ,ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਅਤੇ ਪੋਲਿੰਗ ਪ੍ਰਤੀਸ਼ਤ ਨੂੰ ਵਧਾਉਣ ਵਾਲੀ ਇਸ ਚੋਣ ਜਾਗਰੂਕਤਾ ਰੈਲੀ ਨੂੰ ਦਫ਼ਤਰ ਡਿਪਟੀ ਕਮਿਸ਼ਨਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ।ਇਸ ਮੌਕੇ ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ ਦੇ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਅਪਰਨਾ ਐਮ.ਬੀ. ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਬ੍ਰਿਜ ਮੋਹਨ,ਸਵੀਪ ਨੋਡਲ ਅਫ਼ਸਰ(ਕਾਲਜ) ਜ਼ਿਲ੍ਹਾ ਸਵੀਪ ਨੋਡਲ ਅਫਸਰ(ਕਾਲਜ)-ਕਮ-ਪ੍ਰਿੰਸੀਪਲ ਸਰਕਾਰੀ ਕਾਲਜ ਆਫ ਐਜੂਕੇਸ਼ਨ ਮੁੰਹਮਦ ਇਰਫਾਨ ਫਾਰੂਕੀ , ਪ੍ਰਧਾਨ ਏਕਤਾ ਹੈਂਡੀਕੈਪਡ ਐਂਡ ਵਿਧਵਾ ਵੈਲਫੇਅਰ ਸੁਸਾਇਟੀ (ਸਟੇਟ ਐਵਾਰਡੀ) ਮਹਿਮੂਦ ਅਹਿਮਦ ਥਿੰਦ, ਸੇਵਾ ਟਰੱਸਟ ਯੂ.ਕੇ ਦੇ ਸੀਨੀਅਰ ਕੋਆਡੀਨੇਟਰ ਸ੍ਰੀ ਅਸ਼ੋਕ ਸਿੰਗਲਾ, ਸ੍ਰੀ ਵਰਿੰਦਰ ਜੈਨ,ਸੋਹਣ ਸਰਮਾਂ,ਕਪਿਲ ਸਿੰਗਲਾ,ਅਵਾਰ ਸਿੰਘ,ਅਨਿਲ ਗੁਪਤਾ , ਡੀ.ਡੀ.ਐਫ਼ ਆਸ਼ੀਫ ਖਾਨ, ਮਨਪ੍ਰੀਤ ਸਿੰਘ ਹਰਫੂਲ ਸਿੰਘ, ਦਿਲਬਰ ਹਸਨ, ਫਕੀਰ ਮੁਹੰਮਦ, ਸੁਲਤਾਨਾ, ਰਫੀਆਂ ਤੋਂ ਇਲਾਵਾ ਵੱਖ ਵੱਖ ਸੰਥਾਵਾਂ ਦੇ ਮੁਖੀ ਤੇ ਮੈਂਬਰ ਮੌਜੂਦ ਸਨ
ਜ਼ਿਲ੍ਹਾ ਚੋਣ ਅਫ਼ਸਰ ਨੇ ਇਸ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇਣ ਉਪਰੰਤ ਕਿਹਾ ਕਿ ਭਾਰਤ ਦੇ ਮਜ਼ਬੂਤ ਲੋਕਤੰਤਰ ਲਈ ਦਿਵਿਆਂਗਜਨ ਵੋਟਰਾਂ ਨੂੰ ਥੰਮ ਮੰਨਦੇ ਹੋਏ ਉਨ੍ਹਾਂ ਦੀਆਂ 100 ਫ਼ੀਸਦੀ ਵੋਟਾਂ 'ਚ ਸ਼ਮੂਲੀਅਤ ਲਈ ਉਨ੍ਹਾਂ ਨੂੰ ਅੱਗੇ ਆਉਣ ਤੇ ਦੂਜਿਆ ਨੂੰ ਇਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਆਖਿਆ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 3,24,188 ਵੋਟਰ ਹਨ, ਜਿਨ੍ਹਾਂ ਵਿੱਚ 1,71,389 ਪੁਰਸ ਅਤੇ 1,52,799 ਮਹਿਲਾ ,11 ਟਰਾਸਜੈਂਡਰ ਅਤੇ 2013 ਦਿਵਿਆਂਗ ਵੋਟਰ ਰਜਿਸਟਰ ਹਨ । ਜਿਨ੍ਹਾਂ ਵਿੱਚ 2796 ਵੋਟਰ 85 ਸਾਲ ਤੋਂ ਵੱਧ ਉਮਰ ਦੇ ਸਾਮਲ ਹਨ ।
ਇਸ ਮੌਕੇ ਉਨ੍ਹਾਂ ਜਮਹੂਰੀਅਤ 'ਚ ਭਾਗੀਦਾਰੀ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਸੰਵਿਧਾਨਕ ਹੱਕ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਕੀਤੇ ਗਏ ਪ੍ਰਬੰਧਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ 01 ਜੂਨ ਨੂੰ ਵੋਟ ਪਾਉਣ ਦਾ ਸੱਦਾ ਵੀ ਦਿੱਤਾ ।
ਇਸ ਮੌਕੇ ਦਿਵਿਆਂਗਜਨ ਕਰਮਚੰਦ ਅਵਾਸਪੁਰਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਆਯੋਜਿਤ ਸਵੀਪ ਗਤੀਵਿਧੀਆਂ ਤੋਂ ਪ੍ਰੇਰਿਤ ਹੋ ਕੇ ਅਸੀ ਆਪਣੀ ਭਾਗੀਦਾਰੀ ਦਰਜ ਕਰਵਾਉਣ ਲਈ ਅੱਗੇ ਆਏ ਹਾਂ ਤਾਂ ਜੋ ਲੋਕੰਤਤਰ ਦੀ ਮਜਬੂਤੀ ਲਈ 01 ਜੂਨ ਨੂੰ ਪੈਣ ਵਾਲੀਆਂ ਵੋਟਾਂ ਪ੍ਰਤੀ ਆਵਾਮ ਨੂੰ ਪ੍ਰੇਰਿਤ ਕਰ ਸਕੀਏ । ਮੁਹੰਮਦ ਸਕੀਲ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਚੋਣਾਂ ਦਾ ਪਰਵ , ਦੇਸ਼ ਦਾ ਗਰਵ ਦਾ ਹਿੱਸਾ ਬਣੀਏ ਅਤੇ ਆਪਣੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਆਪਣੇ ਸਕੇ ਸਬੰਧੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਕੇ ,ਲੋਕੰਤਤਰੀ ਦੀ ਮਜਬੂਤੀ ਵਿੱਚ ਵੋਟ ਕਾਸਟ ਕਰਕੇ ਆਪਣਾ ਅਹਿਮ ਰੋਲ ਅਦਾ ਕਰੀਏ ।
ਇਸ ਜਾਗਰੂਕਤਾ ਰੈਲੀ ਤੋਂ ਪਹਿਲਾ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ(ਮੁੰਡੇ) ਦੇ ਵਿਦਿਆਰਥੀਆਂ ਨੇ ਸਥਾਨਕ ਕਾਲਜ ਚੌਕ ਵਿਖੇ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੰਦਾ ਨੁੱਕੜ ਨਾਟਕ ਜ਼ਿਲ੍ਹਾ ਚੋਣ ਅਫ਼ਸਰ, ਸਹਾਇਕ ਰਿਟਰਨਿੰਗ ਅਫਸਰ ਮਾਲੇਰਕੋਟਲਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਖੇਡਿਆ ।
ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਅਧਿਆਪਕ ਹਰਮਨਵੀਰ ਕੌਰ ਤੇ ਮੋਨਿਕਾ ਬਾਂਸਲ ਦੀ ਨਿਗਰਾਨੀ ਹੇਠ ਲੋਕ ਸਭਾ ਚੋਣਾਂ 2024 ਵਿੱਚ ਵੋਟਰਾਂ ਦੀ 100 ਫ਼ੀਸਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ 'ਵੋਟ ਦਾ ਸਹੀ ਇਸਤੇਮਾਲ ਅਤੇ ਯੋਗ ਉਮੀਦਵਾਰ ਦੀ ਚੋਣ' ਦੇ ਸਿਰਲੇਖ ਅਧੀਨ ਖੇਡੇ ਇਸ ਨੁੱਕੜ ਨਾਟਕ ਦੀ ਸਲਾਂਘਾ ਕੀਤੀ । ਇਸ ਮੌਕੇ ਉਨ੍ਹਾਂ ਦਿਵਿਆਂਗਜਨ ਵੋਟਰਾਂ ਅਤੇ ਸਕੂਲੀ ਬੱਚਿਆ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ ।