ਭਾਜਪਾ ਚੋਣਾਂ ਦੇ ਬਹਾਨੇ ਪੰਜਾਬ ਅੰਦਰ ਭੜਕਾਹਟ ਪੈਦਾ ਕਰਨ ਦੀ ਸਾਜ਼ਿਸ਼ ਘੜ ਰਹੀ ਹੈ,ਹੰਸ ਬਣਿਆ ਮੋਹਰਾ: ਪੀਟਰ,ਘੁੱਗਸ਼ੋਰ
ਦਲਜੀਤ ਕੌਰ
ਜਲੰਧਰ/ਚੰਡੀਗੜ੍ਹ, 17 ਮਈ, 2024: ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਨੇ ਭਾਜਪਾ ਆਰ ਐਸ ਐਸ ਵਲੋਂ ਚੋਣਾਂ ਦੇ ਬਹਾਨੇ ਪੰਜਾਬ ਅੰਦਰ ਭਾਈਚਾਰਕ ਸਾਂਝ ਵਿੱਚ ਭੜਕਾਹਟ ਪੈਦਾ ਕਰਨ ਲਈ ਸਾਜ਼ਿਸ਼ ਘੜਨ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਭਾਜਪਾ ਨੂੰ ਬਾਜ਼ ਆਉਣ ਦੀ ਚਿਤਾਵਨੀ ਦਿੱਤੀ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਭਾਜਪਾ ਦੀ ਉਪਰੋਕਤ ਘਟੀਆਂ ਸਾਜ਼ਿਸ਼ ਦਾ ਮੋਹਰਾ ਹੰਸ ਰਾਜ ਹੰਸ ਬਣਿਆ ਹੋਇਆ ਹੈ। ਹੰਸ ਰਾਜ ਹੰਸ ਵਲੋਂ ਕੀਤੀ ਗਈ ਘਟੀਆਂ ਬਿਆਨਬਾਜ਼ੀ ਨੇ ਇਸ ਸਾਜ਼ਿਸ਼ ਨੂੰ ਸਾਹਮਣੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੰਸ ਰਾਜ ਹੰਸ ਵਰਗੇ ਵਿਕਾਊ ਮਾਲ ਰਾਹੀਂ ਜਿੰਨਾਂ ਮਰਜ਼ੀ ਜ਼ੋਰ ਲਗਾ ਲਵੇ,ਉਸਦੀ ਚਾਲ ਸਫ਼ਲ ਨਹੀਂ ਹੋਵੇਗੀ। ਉਨ੍ਹਾਂ ਹੰਸ ਰਾਜ ਹੰਸ ਦੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦੀ ਔਲਾਦ ਦੇਸ਼ ਦੇ ਮੌਜੂਦਾ ਸੰਵਿਧਾਨ ਨੂੰ ਬਦਲ ਕੇ ਮਨੂ-ਸਿਮਰਤੀ ਲਾਗੂ ਕਰਨ ਲਈ ਯਤਨਸ਼ੀਲ ਆਰ ਐਸ ਐਸ ਭਾਜਪਾ ਦਾ ਹੱਥ ਠੋਕਾ ਕਦਾਚਿੱਤ ਵੀ ਨਹੀਂ ਬਣੇਗੀ।
ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਦਲਿਤ ਮਜ਼ਦੂਰਾਂ ਚ ਦਰਾੜ ਪੈਦਾ ਕਰਕੇ ਭਾਜਪਾ ਦੇਸ਼ ਅੰਦਰ ਬਾਬਾ ਸਾਹਿਬ ਅੰਬੇਡਕਰ ਦੀ ਅਗਵਾਈ ਹੇਠ ਬਣੇ ਸੰਵਿਧਾਨ ਨੂੰ ਬਦਲ ਕੇ ਮਨੂੰ-ਸਮਰਿਤੀ ਲਾਗੂ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਦਲਿਤ ਰਿਜ਼ਰਵੇਸ਼ਨ ਦਾ ਲਾਹਾ ਲੈ ਕੇ ਸਿਆਸਤ ਦੇ ਗਲਿਆਰਿਆਂ ਤੱਕ ਪਹੁੰਚਣ ਵਾਲੇ ਹੰਸ ਰਾਜ ਹੰਸ ਨੇ ਕਦੇ ਵੀ ਜ਼ਮੀਨ ਹੱਦਬੰਦੀ ਕਾਨੂੰਨ ਤੋਂ ਵਾਧੂ ਜ਼ਮੀਨਾਂ ਬੇਜ਼ਮੀਨੇ ਦਲਿਤਾਂ ਨੂੰ ਵੰਡਣ, ਪੰਚਾਇਤੀ ਜ਼ਮੀਨਾਂ ਚੋਂ ਰਾਖਵੇਂ ਤੀਜੇ ਹਿੱਸੇ ਦਾ ਹੱਕ ਦਲਿਤਾਂ ਨੂੰ ਪੱਕੇ ਤੌਰ ਉੱਤੇ ਮਿਲੇ, ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ, ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਮਿਲਣ, ਮਜ਼ਦੂਰਾਂ ਦੀ ਦਿਹਾੜੀ ਵਿੱਚ ਵਾਧਾ ਹੋਵੇ ਤੇ ਮਗਨਰੇਗਾ ਦਾ ਸਾਰਾ ਸਾਲ ਕੰਮ ਮਿਲੇ, ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਹੋਣ ਅਤੇ ਦਲਿਤਾਂ ਨਾਲ ਸਮਾਜਿਕ ਆਰਥਿਕ ਵਿਤਕਰਾ ਖ਼ਤਮ ਹੋਵੇ ਸੰਬੰਧੀ ਜ਼ੁਬਾਨ ਤੱਕ ਨਹੀਂ ਖੋਲੀ। ਉਨ੍ਹਾਂ ਕਿਹਾ ਕਿ ਦਲਿਤਾਂ ਦੀ ਭਾਵਨਾਵਾਂ ਨੂੰ ਵਰਤ ਕੇ ਪਿੰਡਾਂ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾ ਕੇ ਹੰਸ ਰਾਜ ਹੰਸ ਆਪਣੇ ਭਾਜਪਾਈ ਆਕਾਵਾਂ ਦੀ ਸ਼ਾਬਾਸ਼ ਲੈਣ ਲਈ ਦਰਾੜ ਪੈਦਾ ਕਰਨ ਲਈ ਊਟ ਪਟਾਂਗ ਬਿਆਨ ਦਾਗ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਬਾ ਜੀਵਨ ਸਿੰਘ ਦੇ ਵਾਰਸ ਭਾਜਪਾ ਦੀ ਫੁੱਟ ਪਾਊ ਸਾਜ਼ਿਸ਼ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
ਪੇਂਡੂ ਮਜ਼ਦੂਰ ਆਗੂਆਂ ਨੇ ਪੰਜਾਬ ਦੇ ਦਲਿਤ ਮਜ਼ਦੂਰਾਂ ਨੂੰ ਹੰਸ ਰਾਜ ਹੰਸ ਰਾਹੀਂ ਭਾਜਪਾ ਵਲੋਂ ਦਰਾੜ ਪਾਊ ਸਾਜ਼ਿਸ਼ ਨੂੰ ਪਿਛਾੜਦੇ ਹੋਏ ਦੇਸ਼ ਅੰਦਰ ਸੰਵਿਧਾਨ ਨੂੰ ਬਦਲ ਕੇ ਮਨੂ ਸਿਮਰਤੀ ਨੂੰ ਲਾਗੂ ਕਰਨ ਲਈ ਯਤਨਸ਼ੀਲ ਭਾਜਪਾ ਨੂੰ ਹਰਾਓਣ, ਭਾਜਪਾ ਨੂੰ ਭਜਾਓਣ ਦਾ ਸੱਦਾ ਦਿੱਤਾ।