ਹਰੀਸ਼ ਕਾਲੜਾ
- ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਨੇ ਖੁਦ ਸਾਇਕਲ ਚਲਾ ਕੇ ਲੋਕਾਂ ਨੂੰ ਸਿਹਤ ਸੰਭਾਲ ਦਾ ਦਿੱਤਾ ਸੱਦਾ
ਰੂਪਨਗਰ 26 ਫਰਵਰੀ 2021: ਐਨ.ਪੀ.ਸੀ.ਡੀ.ਐਸ. ਪ੍ਰੋਗਰਾਮ ਅਧੀਨ ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਅਤੇ ਲੋਕਾਂ ਨੂੰ ਗੈਰ ਸੰਚਾਰੀ ਬੀਮਾਰੀਆਂ ਤੋਂ ਬਚਾਅ ਸੰਬੰਧੀ ਜਾਗਰੂਕ ਕਰਨ ਦੇ ਮੰਤਵ ਤਹਿਤ ਰਾਜ ਪੱਧਰ ਤੋਂ ਪ੍ਰਾਪਤ ਹਦਾਇਤਾਂ ਦੀ ਪਾਲਣਾਂ ਕਰਦਿਆਂ ਸਿਹਤ ਵਿਭਾਗ ਰੂਪਨਗਰ ਵੱਲੋਂ ਜਿਲ੍ਹਾ ਸਾਇਕਲਿੰਗ ਐਸੋਸੀਏਸ਼ਨ ਅਤੇ ਰੂਪਨਗਰ ਪੈਡਲਰਜ ਐਂਡ ਰਨਰਜ ਐਸੋਸੀਏਸ਼ਨ ਦੇ ਸਹਿਯੋਗ ਨਾਲ ਇੱਕ ਜਾਗਰੂਕਤਾ ਸਾਇਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਉਹਨਾਂ ਖੁਦ ਰੈਲੀ ਵਿੱਚ ਭਾਗ ਲੈਂਦਿਆ ਇਸ ਸਾਇਕਲ ਰੈਲੀ ਦੀ ਅਗਵਾਈ ਕੀਤੀ ਇਸ ਰੈਲੀ ਵਿੱਚ 12 ਸਾਲ ਦੀ ਬੱਚੇ-ਬੱਚੀਆਂ ਤੋ ਲੈ ਕੇ 60 ਸਾਲ ਤੱਕ ਦੇ ਵਿਅਕਤੀਆਂ ਨੇ ਸਿਹਤ ਸੰਭਾਲ ਦੇ ਸੁਨੇਹਾ ਦਿੰਦੇ ਹੋਏ ਭਾਗ ਲਿਆ।
ਇਸ ਮੋਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਕੰਮਕਾਜੀ ਤਣਾਅ ਅਤੇ ਸਮਾਜਿਕ ਜਿੰਮੇਵਾਰੀਆਂ ਦਾ ਨਿਰਵਾਹ ਕਰਦੇ ਅਸੀਂ ਅਕਸਰ ਆਪਣੀ ਸਿਹਤ ਨੂੰ ਅਣਗੋਲਿਆਂ ਕਰ ਦਿੰਦੇ ਹਾਂ, ਜ਼ੋ ਕਿ ਨਹੀਂ ਕੀਤਾ ਜਾਣਾ ਚਾਹੀਦਾ।ਸਿਹਤ ਪ੍ਰਤੀ ਅਵੇਸਲੇ ਹੋਣ ਕਾਰਨ ਸਾਡਾ ਸਰੀਰ ਕਈ ਤਰਾ੍ਹਂ ਦੀਆਂ ਬੀਮਾਰੀਆਂ ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬੀਮਾਰੀਆਂ, ਸ਼ੂਗਰ ਅਤੇ ਸਟ੍ਰੋਕ ਆਦਿ ਨਾਲ ਗ੍ਰਸਤ ਹੋ ਜਾਂਦਾ ਹੈ।ਸਿਹਤ ਸੱਭ ਤੋਂ ਵੱਡਾ ਧੰਨ ਹੈ ਅਤੇ ਸਾਨੂੰ ਸਰੀਰ ਨੂੰ ਤੰਦਰੁਸਤ ਰੱਖਣ ਹਿੱਤ ਸੁਚੇਤ ਹੋਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਐਨ.ਪੀ.ਸੀ.ਡੀ.ਐਸ. (ਨੈਸ਼ਨਲ ਪ੍ਰੋਗਰਾਮ ਫਾਰ ਪਰੀਵੈਨਸ਼ਨ ਐਂਡ ਕੰਟਰੋਲ ਆਫ ਕੈਂਸਰ, ਡਾਇਬਟੀਜ ਕਾਰਡੀਓ ਵੈਸਕੁਲਰ ਡਜੀਜ ਐਂਡ ਸਟ੍ਰੋਕ) ਪ੍ਰੋਗਰਾਮ ਅਧੀਨ ਅੱਜ ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਇਹ ਰੈਲੀ ਲੋਕਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਹਿੱਤ ਕੱਢੀ ਗਈ ਹੈ। ਉਹਨਾਂ ਅਪੀਲ ਕੀਤੀ ਕਿ ਲੋਕ ਜੰਕ ਫੂਡ, ਨਸ਼ੇ, ਸ਼ਰਾਬ, ਤੰਬਾਕੂ ਆਦਿ ਤੋਂ ਪਰਹੇਜ਼ ਕਰਨ, ਹਰੀਆਂ ਸਬਜੀਆਂ ਦਾ ਸੇਵਨ ਕਰਨ ਹਫਤੇ ਵਿੱਚ ਘੱਟ ਤੋਂ ਘੱਟ ਪੰਜ ਦਿਨ ਸਾਇਕਲਿੰਗ ਜਾਂ ਸਰੀਰਿਕ ਕਸਰਤ ਜਰੂਰ ਕੀਤੀ ਜਾਵੇ।ਹਰ ਛੇ ਮਹੀਨੇ ਬਾਅਦ ਇੱਕ ਵਾਰ ਸਰੀਰਿਕ ਜਾਂਚ ਜਰੂਰ ਕਰਵਾਈ ਜਾਵੇ। ਤਣਾਅ ਤੋਂ ਬਚਿਆ ਜਾਵੇ।ਤਲੇ ਭੋਜਨ ਦੇ ਸੇਵਨ ਤੋਂ ਗੁਰੇਜ਼ ਕੀਤਾ ਜਾਵੇ।
ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾਂ ਅਫਸਰ ਮੈਡਮ ਸੰਤੇਸ਼ ਕੁਮਾਰੀ ਨੈ ਕੈਂਸਰ ਤੋਂ ਬਚਾਅ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਸਰ ਦੀ ਬੀਮਾਰੀ ਦੇ ਮੁੱਖ ਕਾਰਨਾਂ ਵਿੱਚੋ ਇੱਕ ਕਾਰਨ ਤੰਬਾਕੂ ਦੀ ਵਰਤੋ ਹੈ। ਤੰਬਾਕੂ, ਬੀੜੀ, ਸਿਗਰੇਟ, ਹੁੱਕਾ, ਚਿਲਮ ਆਦਿ ਦਾ ਸੇਵਨ, ਧੂੰਆਂ ਰਹਿਤ ਤੰਬਾਕੂ ਜਰਦਾਂ/ਗੁਟਕਾ/ਪਾਨ ਮਸਾਲਾ ਆਦਿ ਦਾ ਸੇਵਨ ਸਿਧੇ ਤੌਰ ਤੇ ਕੈਂਸਰ ਨੂੰ ਸੱਦਾ ਦਿੰਦਾ ਹੈ।ਤੰਬਾਕੂ ਦੇ ਸੇਵਨ ਨਾਲ ਮੂੰਹ ਦਾ ਕੈਂਸਰ, ਜੀਭ ਦਾ ਕੈਂਸਰ, ਗਲੇ ਦਾ ਕੈਂਸਰ ਅਤੇ ਹੋਰ ਕਈ ਤਰ੍ਹਾਂ ਦੇ ਕੈਂਸਰ ਹੁੰਦੇ ਹਨ।ਸੋ ਸਾਨੂੰ ਸਭ ਨੂੰ ਕਿਸੇ ਵੀ ਤਰ੍ਹਾ ਦੇ ਤੰਬਾਕੂ ਦੇ ਸੇਵਨ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾਂ ਕੈਂਸਰ ਦੇ ਹੋਰ ਕਾਰਨਾਂ ਵਿੱਚ ਮਾਂਵਾ ਵੱਲੋ ਬੱਚਿਆਂ ਨੂੰ ਆਪਣਾ ਦੁੱਧ ਨਾ ਚੁੰਘਾਉਣਾ, ਨਸ਼ਿਆਂ ਦੀ ਵਰਤੋ, ਸ਼ਰਾਬ ਦਾ ਸੇਵਨ ਆਦਿ ਹਨ।
ਇਸ ਮੋਕੇ ਸਿਵਲ ਸਰਜਨ ਰੂਪਨਗਰ ਵੱਲੋਂ ਜਿਲ੍ਹਾ ਸਾਇਕਲਿੰਗ ਐਸੋਸੀਏਸ਼ਨ ਅਤੇ ਰੂਪਨਗਰ ਪੈਡਲਰਜ ਐਂਡ ਰਨਰਜ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਗਿਆ।
ਇਸ ਮੋਕੇ ਜਿਲ੍ਹਾ ਐਪੀਡੀਮਾਲੋਜਿਸਟ ਡਾ. ਭੀਮ ਸੈਨ, ਡਿਪਟੀ ਐਮ.ਈ.ਆਈ.ਓ. ਰਾਜ ਰਾਣੀ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ਼, ਜਿਲ੍ਹਾ ਪੀ.ਐਨ.ਡੀ.ਟੀ. ਕੋਆਰਡੀਨੇਟਰ ਰਮਨਦੀਪ ਸਿੰਘ, ਐਸ.ਟੀ.ਐਸ. ਦਵਿੰਦਰ ਕੋਰ, ਸਾਇਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਜੂ ਸਤਿਆਲ, ਜਗਦੀਪ ਸਿੰਘ ਪ੍ਰਧਾਨ ਰੂਪਨਗਰ ਪੈਡਲਰਜ ਐਂਡ ਰਨਰਜ ਐਸੋਸੀਏਸ਼ਨ ਤੋਂ ਇਲਾਵਾ ਗੁਰਪ੍ਰੀਤ ਸਿੰਘ ਹੀਰਾ ਅਤੇ ਸਾਇਕਲਿਸਟ ਮੋਜੂਦ ਸਨ।