- ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਕੀਤਾ ਗਿਆ ਪੰਜ ਰੋਜ਼ਾ ਚੈਂਪੀਅਨਸ਼ਿਪ ਦਾ ਉਦਘਾਟਨ
- ਵੁਸ਼ੂ ਦੇ ਖੇਤਰ 'ਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਦ੍ਰੋਣਾਚਾਰੀਆ ਅਤੇ ਅਰਜੁਨ ਐਵਾਰਡੀਆਂ ਦਾ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਸਨਮਾਨ
- ਚੈਂਪੀਅਨਸ਼ਿਪ ਦੌਰਾਨ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ 1000 ਤੋਂ ਵੱਧ ਖਿਡਾਰੀ ਕਰਨਗੇ ਸ਼ਮੂਲੀਅਤ
ਚੰਡੀਗੜ੍ਹ, 26 ਫਰਵਰੀ 2021 - ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਚੰਡੀਗੜ ਯੂਨੀਵਰਸਿਟੀ ਘੜੂੰਆਂ ਵਿਖੇ 26 ਤੋਂ 2 ਫ਼ਰਵਰੀ ਤੱਕ ਕਰਵਾਈ ਜਾ ਰਹੀ 29ਵੀਂ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ (ਲੜਕੇ/ਲੜਕੀਆਂ) ਦਾ ਸ਼ਾਨੋ-ਸ਼ੌਕਤ ਨਾਲ ਆਗ਼ਾਜ਼ ਹੋਇਆ। ਪੰਜ ਰੋਜ਼ਾ ਚੈਂਪੀਅਨਸ਼ਿਪ ਦਾ ਉਦਘਾਟਨ ਪੰਜਾਬ ਦੇ ਖੇਡਾਂ, ਯੂਵਕ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਉਚੇਚੇ ਤੌਰ 'ਤੇ ਕੀਤਾ ਗਿਆ।
ਇਸ ਦੌਰਾਨ ਚੰਡੀਗੜ ਯੂਨੀਵਰਸਿਟੀ ਵੱਲੋਂ ਅਰਜੁਨ ਐਵਾਰਡੀ ਪੂਜਾ ਕਾਦੀਆਂ, ਬਿਮੋਲਜੀਤ ਸਿੰਘ, ਸੰਧਿਆ ਰਾਣੀ ਦੇਵੀ ਅਤੇ ਦ੍ਰੋਣਾਚਾਰੀਆ ਐਵਾਰਡੀ ਕੁਲਦੀਪ ਹਾਂਡੂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰੈਜੀਡੈਂਟ ਭੁਪਿੰਦਰ ਸਿੰਘ ਬਾਜਵਾ, ਅਰਜੁਨ ਐਵਾਰਡੀ ਅਤੇ ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਦੇ ਵਾਈਸ ਪ੍ਰੈਜੀਡੈਂਟ ਸੁਰਿੰਦਰ ਸਿੰਘ ਸੋਢੀ (ਆਈ.ਪੀ.ਐਸ), ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਦੇ ਸੀ.ਈ.ਓ ਸੋਹਿਲ ਅਹਿਮਦ ਅਤੇ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਉਚੇਚੇ ਤੌਰ 'ਤੇ ਹਾਜ਼ਰ ਰਹੇ।
ਜ਼ਿਕਰਯੋਗ ਹੈ ਕਿ ਪੰਜ ਦਿਨ ਚੱਲਣ ਵਾਲੇ ਇਨਾਂ ਮੁਕਾਬਲਿਆਂ 'ਚ ਆਈ.ਟੀ.ਬੀ.ਪੀ, ਬੀ.ਐਸ.ਐਫ਼, ਆਲ ਇੰਡੀਆ ਪੁਲਿਸ ਸਰਵਿਸਿਜ਼ ਅਤੇ ਐਸ.ਐਸ.ਬੀ ਦੀਆਂ ਟੀਮਾਂ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਲੜਕੇ/ਲੜਕੀਆਂ ਦੀਆਂ 43 ਟੀਮਾਂ ਦੇ 1000 ਤੋਂ ਵੱਧ ਖਿਡਾਰੀ ਸ਼ਮੂਲੀਅਤ ਕਰਨਗੇ।
ਉਦਘਾਟਨੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਪੰਜਾਬ ਸਰਕਾਰ ਸੂਬੇ 'ਚ ਖੇਡ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਮਾਰਚ 'ਚ ਜਾਰੀ ਹੋਣ ਵਾਲੇ ਖੇਡ ਬਜ਼ਟ ਦੇ ਪਹਿਲੇ ਗੇੜ ਦੌਰਾਨ 250 ਕਰੋੜ ਦੀ ਰਾਸ਼ੀ ਖਰਚ ਕਰੇਗੀ। ਜਿਸ 'ਚ ਖੇਡਾਂ ਸਬੰਧੀ ਬੁਨਿਆਦੀ ਢਾਂਚੇ ਦੇ ਨਿਰਮਾਣ, ਨਵੀਨੀਕਰਨ ਅਤੇ ਖਿਡਾਰੀਆਂ ਦੇ ਸਨਮਾਨਾਂ ਨੂੰ ਵਿਸੇਸ਼ ਪਹਿਲੀ ਦਿੱਤੀ ਜਾਵੇਗੀ।
ਪੰਜਾਬ 'ਚ ਖੇਡਾਂ ਦੇ ਮਿਆਰ ਨੂੰ ਉਪਰ ਚੁੱਕਣ ਲਈ ਉਸਾਰੀ ਜਾ ਰਹੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਬਾਰੇ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ 'ਵਰਸਿਟੀ ਦੇ ਨਿਰਮਾਣ 'ਤੇ ਕੁੱਲ 500 ਕਰੋੜ ਦਾ ਖ਼ਰਚਾ ਆਵੇਗਾ ਜਦਕਿ ਇਸ ਸਬੰਧੀ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ 25 ਕਰੋੜ ਦੀ ਰਾਸ਼ੀ ਜਾਰੀ ਵੀ ਕੀਤੀ ਗਈ ਹੈ। ਖੇਡ ਮੰਤਰੀ ਨੇ ਦੱਸਿਆ ਕਿ ਮਾਰਚ ਮਹੀਨੇ ਜਾਰੀ ਹੋਣ ਵਾਲੇ 2021-ਬਜ਼ਟ ਤੋਂ ਬਾਅਦ ਖੇਡ ਯੂਨੀਵਰਸਿਟੀ ਲਈ 50 ਤੋਂ 100 ਕਰੋੜ ਦੀ ਹੋਰ ਰਾਸ਼ੀ ਜਾਰੀ ਕੀਤੀ ਜਾਵੇਗੀ।
ਉਨਾਂ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਖੇਡ ਯੂਨੀਵਰਸਿਟੀ 'ਚ ਤਿੰਨ ਪ੍ਰਬੰਧਕੀ ਬਲਾਕ ਅਤੇ ਲੜਕਿਆਂ ਅਤੇ ਲੜਕੀਆਂ ਲਈ ਵੱਖਰੇ ਹੋਸਟਲ ਉਸਾਰੇ ਜਾਣਗੇ। ਸੂਬੇ 'ਚ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚਾ ਤਿਆਰ ਕਰਨ ਉਦੇਸ਼ ਨਾਲ ਸਰਕਾਰ ਵੱਲੋਂ ਇੰਗਲੈਂਡ ਦੀ ਲੋਫ਼ਰਬਰੋ ਯੂਨੀਵਰਸਿਟੀ ਲੰਡਨ ਨਾਲ ਖੇਡਾਂ ਸਬੰਧੀ ਨਵੇਂ ਕੋਰਸਾਂ, ਨਵੀਨਤਮ ਸਹੂਲਤਾਂ ਅਤੇ ਤਕਨੀਕਾਂ ਦੀ ਪ੍ਰਾਪਤੀ ਲਈ ਸਮਝੌਤਾ ਸਹੀਬੱਧ ਕੀਤਾ ਜਾਵੇਗਾ।
ਖੇਡ ਮੰਤਰੀ ਨੇ ਕਿਹਾ ਕਿ ਚੀਨ ਤੋਂ ਉਤਪੰਨ ਹੋਈ ਵੁਸ਼ੂ ਦੀ ਖੇਡ ਬਹੁਤ ਹੀ ਥੋੜੇ ਸਮੇਂ 'ਚ ਭਾਰਤ 'ਚ ਵੱਡੇ ਪੱਧਰ 'ਤੇ ਪ੍ਰਫ਼ੁਲਿੱਤ ਹੋ ਚੁੱਕੀ ਹੈ। ਵਿਸ਼ਵ ਵੁਸ਼ੂ ਚੈਂਪੀਅਨਸ਼ਿਪ 'ਚ ਭਾਰਤ ਦੀ ਕਾਰਗੁਜ਼ਾਰੀ ਦੀ ਸ਼ਾਲਾਘਾ ਕਰਦਿਆਂ ਉਨਾਂ ਕਿਹਾ ਕਿ ਪੂਨਮ ਖੱਤਰੀ ਨੇ ਪਿਛਲੇ ਸਾਲ ਚੀਨ 'ਚ ਹੋਈ 15ਵੀਂ ਵਿਸ਼ਵ ਵੁਸ਼ੂ ਚੈਂਪੀਅਨਸ਼ਿਪ 'ਚ ਦੇਸ਼ ਦੀ ਪ੍ਰਤੀਨਿਧਤਾ ਕਰਦਿਆਂ ਸੋਨ ਤਮਗ਼ਾ ਹਾਸਲ ਕੀਤਾ ਉਥੇ ਹੀ 2019 ਦੀਆਂ ਖੇਡਾਂ 'ਚ ਪਰਵੀਨ ਕੁਮਾਰ ਨੇ ਸੋਨ ਤਮਗ਼ਾ ਜਿੱਤ ਕੇ ਭਾਰਤ ਦਾ ਨਾਮ ਵਿਸ਼ਵ ਪੱਧਰ 'ਤੇ ਉਚਾ ਕਰ ਵਿਖਾਇਆ। ਉਨਾਂ ਕਿਹਾ ਕਿ ਵੁਸ਼ੂ ਨਾ ਸਿਰਫ਼ ਇੱਕ ਖੇਡ ਹੈ ਬਲਕਿ ਔਰਤਾਂ ਅਤੇ ਬੱਚਿਆਂ ਦੁਆਰਾ ਸਵੈ-ਰੱਖਿਆ ਦੇ ਸਾਧਨ ਵਜੋਂ ਵੀ ਲਾਹੇਮੰਦ ਸਿੱਧ ਹੋਵੇਗੀ। ਉਨਾਂ ਕਿਹਾ ਪੰਜਾਬ ਸਰਕਾਰ ਯੋਜਨਾ ਬਣਾ ਰਹੀ ਹੈ ਕਿ ਵੁਸ਼ੂ ਵਰਗੀ ਮਾਰਸ਼ਲ ਆਰਟ ਖੇਡ ਨੂੰ ਸੂਬੇ ਦੇ ਸਕੂਲਾਂ 'ਚ ਲਾਗੂ ਕੀਤਾ ਜਾਵੇ।
ਇਸ ਮੌਕੇ ਬੋਲਦਿਆਂ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਉਲੀਕੀ ਗਈ ਸ਼ੱਭ ਤੋਂ ਵੱਡੀ ਨੈਸ਼ਨਲ ਪੱਧਰੀ ਚੈਂਪੀਅਨਸ਼ਿਪ ਖਿਡਾਰੀਆਂ 'ਚ ਨਵਾਂ ਉਤਸ਼ਾਹ ਤੇ ਊਰਜਾ ਲੈ ਕੇ ਆਵੇਗੀ। ਉਨਾਂ ਦੱਸਿਆ ਕਿ 'ਵਰਸਿਟੀ ਪ੍ਰਸ਼ਾਸਨ ਵੱਲੋਂ ਖਿਡਾਰੀਆਂ ਦੇ ਰਹਿਣ-ਸਹਿਣ ਸਮੇਤ ਸਾਰੇ ਮੈਡੀਕਲ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਇਸ ਮੌਕੇ ਉਨਾਂ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਨੂੰ ਮੁਕਾਬਲਿਆਂ ਲਈ ਸੁੱਭਕਾਮਨਾਵਾਂ ਦਿੱਤੀਆਂ।