ਪੰਜਾਬੀ ਯੂਨੀਵਰਸਿਟੀ ਫੁੱਟਬਾਲ ਪੁਰਸ਼ ਟੀਮ ਨੇ ਸਰਬ ਭਾਰਤੀ ਅੰਤਰਵਰਸਿਟੀ ਖੇਡ ਮੁਕਾਬਲਿਆਂ ਵਿਚ ਜਿੱਤਿਆ ਕਾਂਸੀ ਦਾ ਤਗਮਾ
ਜਗਤਾਰ ਸਿੰਘ
ਪਟਿਆਲਾ 19 ਜਨਵਰੀ 2022: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਹੜੇ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਕੇਰਲ ਵਿਖੇ ਮਿਤੀ 11 ਜਨਵਰੀ ਤੋਂ ਚਲ ਰਹੇ ਸਰਬ ਭਾਰਤੀ ਅੰਤਰਵਰਸਿਟੀ ਫੁੱਟਬਾਲ ਮੁਕਾਬਲਿਆਂ ਦੇ ਫਾਈਨਲ ਨਤੀਜਿਆਂ ਦੀ ਘੋਸ਼ਣਾ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਫੁੱਟਬਾਲ ਪੁਰਸ਼ ਟੀਮ ਦਾ ਕਾਂਸੀ ਦਾ ਤਗਮਾ ਐਲਾਨਿਆ ਗਿਆ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਸੰਪੰਨ ਹੋਏ ਉੱਤਰ ਖੇਤਰੀ ਅੰਤਰਵਰਸਿਟੀ ਫੁੱਟਬਾਲ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੀ ਟੀਮ ਕੇਰਲ ਦੀ ਐਮ.ਜੀ.ਯੂਨੀਵਰਸਿਟੀ, ਕੋਟਿਆਮ ਵਿਖੇ ਭਾਗ ਲੈਣ ਗਈ ਸੀ।
ਇਹਨਾਂ ਮੁਕਾਬਲਿਆਂ ਦੌਰਾਨ ਪੂਰੇ ਦੇਸ਼ ਭਰ ਦੀਆਂ ਮੋਹਰੀ 16 ਟੀਮਾਂ ਦੇ ਆਪਸ ਵਿਚ ਹੋਏ ਸੰਘਰਸ਼ਪੂਰਨ ਮੁਕਾਬਲਿਆਂ ਦੌਰਾਨ ਪੰਜਾਬੀ ਯੂਨੀਵਰਸਿਟੀ ਦੀ ਪੁਰਸ਼ ਫੁੱਟਬਾਲ ਟੀਮ ਨੇ ਉਕਤ ਜਿੱਤ ਹਾਸਲ ਕੀਤੀ। ਇਸ ਮੌਕੇ ਤੇ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਉਚੇਚੇ ਤੌਰ ਤੇ ਪੂਰੀ ਟੀਮ ਅਤੇ ਉਸਦੇ ਨਾਲ ਗਏ ਕੋਚ ਡਾ. ਦਲਬੀਰ ਸਿੰਘ ਰੰਧਾਵਾ, ਸਹਾਇਕ ਨਿਰਦੇਸ਼ਕ ਖੇਡਾਂ ਅਤੇ ਸੀਨੀਅਰ ਫੁੱਟਬਾਲ ਕੋਚ ਨੂੰ ਵਧਾਈਆਂ ਦਿੱਤੀਆਂ। ਉਹਨਾਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਹੀ ਨਤੀਜਿਆਂ ਦੀ ਉਮੀਦ ਯੂਨੀਵਰਸਿਟੀ ਦੀਆਂ ਹੋਰਨਾਂ ਟੀਮਾਂ ਤੋਂ ਵੀ ਜਤਾਈ।
ਇਸ ਤੋਂ ਇਲਾਵਾ ਖੇਡ ਵਿਭਾਗ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ, ਸ਼੍ਰੀਮਤੀ ਮਹਿੰਦਰਪਾਲ ਕੌਰ ਅਤੇ ਸ. ਦਲ ਸਿੰਘ ਬਰਾੜ, ਦੋਵੇਂ ਸਹਾਇਕ ਨਿਰਦੇਸ਼ਕ ਖੇਡਾਂ ਅਤੇ ਸਮੂਹ ਖੇਡ ਵਿਭਾਗ ਨੇ ਪਟਿਆਲਾ ਪੁੱਜੀ ਪੂਰੀ ਟੀਮ ਨੂੰ ਵਧਾਈ ਦਿੱਤੀ ਅਤੇ ਹਾਰ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਪੂਰੀ ਫੁੱਟਬਾਲ ਟੀਮ ਤੋਂ ਇਲਾਵਾ ਸਹਾਇਕ ਕੋਚ ਰਾਜਬੀਰ ਰੰਧਾਵਾ, ਮੈਨੇਜਰ ਡਾ: ਬਹਾਦਰ ਸਿੰਘ, ਫਿਜ਼ੀਓਥਰੈਪਿਸਟ ਕਰਨਬੀਰ ਸਿੰਘ ਅਤੇ ਹਰਵਿੰਦਰ ਸਿੰਘ ਵੀ ਮੌਜੂਦ ਸਨ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ. ਦਲਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਫੁੱਟਬਾਲ ਪੁਰਸ਼ ਟੀਮ ਨੇ ਪਿਛਲੇ 29 ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਦਾ ਝੰਡਾ ਪੂਰੇ ਦੇਸ਼ ਭਰ ਵਿਚ ਸਫਲਤਾਪੂਰਵਕ ਲਹਿਰਾਇਆ ਹੈ।
ਇਸੇ ਲੜੀ ਤਹਿਤ ਸੈਸ਼ਨ 2021-22 ਦੌਰਾਨ ਵੀ ਪੰਜਾਬੀ ਯੂਨੀਵਰਸਿਟੀ ਫੁੱਟਬਾਲ ਟੀਮ ਨੇ ਉੱਤਰ ਖੇਤਰੀ ਮੁਕਾਬਲਿਆਂ ਅਤੇ ਸਰਬ ਭਾਰਤੀ ਅੰਤਰਵਰਸਿਟੀ ਖੇਡ ਮੁਕਾਬਲਿਆਂ ਵਿਚ ਮੁਹਰਲੇ ਸਥਾਨ ਹਾਸਲ ਕਰਦਿਆਂ ਪੰਜਾਬੀ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਇਹਨਾਂ ਖੇਡ ਮੁਕਾਬਲਿਆਂ ਦੌਰਾਨ ਕਾਲੀਕੱਟ ਯੂਨੀਵਰਸਿਟੀ ਕੇਰਲਾ ਨੂੰ ਪਹਿਲਾ ਸਥਾਨ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਨੂੰ ਦੂਜਾ ਸਥਾਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਫਲਤਾਪੂਰਵਕ ਤੀਜਾ ਸਥਾਨ ਹਾਸਲ ਕੀਤਾ ਜਦੋਂਕਿ ਆਯੋਜਕ ਯੂਨੀਵਰਸਿਟੀ ਐਮ.ਜੀ.ਯੂ. ਕੋਟਿਆਮ ਨੂੰ ਚੌਥੇ ਸਥਾਨ ਪ੍ਰਾਪਤ ਹੋਇਆ।