ਕੋਟਕਪੂਰਾ ਵਿਖੇ ਸਿਹਤ ਵਿਭਾਗ ਦੀਆਂ ਟੀਮਾਂ ਘਰ ਘਰ ਜਾਕੇ ਲਗਾ ਰਹੀਆਂ ਕੋਰੋਨਾ ਵੈਕਸੀਨ
- ਕੁਝ ਦਿਨ ਪਹਿਲਾਂ ਡੀ ਸੀ ਫਰੀਦਕੋਟ ਨੇ ਖੁਦ ਨੂੰ ਬੂਸਟਰ ਡੋਜ ਲਗਵਾਕੇ ਲੋਕਾਂ ਨੂੰ ਵੈਕਸੀਨ ਪ੍ਰਤੀ ਕੀਤਾ ਸੀ ਜਾਗਰੂਕ
ਦੀਪਕ ਗਰਗ
ਕੋਟਕਪੂਰਾ , 22 ਜਨਵਰੀ 2022 - ਡਿਪਟੀ ਕਮਿਸ਼ਨਰ ਫਰੀਦਕੋਟ ਹਰਬੀਰ ਸਿੰਘ ਆਈ. ਏ ਐਸ, ਸਿਵਲ ਸਰਜਨ ਡਾ. ਸੰਜੇ ਕਪੂਰ ਦੀਆਂ ਹਦਾਇਤਾਂ ਮੁਤਾਬਿਕ ਕੋਟਕਪੂਰਾ ਵਿੱਖੇ ਐਸਐਮਓ ਸ. ਹਰਿੰਦਰ ਸਿੰਘ ਗਾਂਧੀ ਅਤੇ ਕੋਰੋਨਾ ਨੋਡਲ ਅਫਸਰ ਡਾਕਟਰ ਪੰਕਜ ਬਾਂਸਲ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਦੀਆਂ ਕਰੀਬ 15 ਟੀਮਾਂ ਵਲੋਂ ਲੋਕਾਂ ਨੂੰ ਘਰ-ਘਰ ਜਾ ਕੇ ਐਂਟੀ-ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ ਸ਼ਨੀਵਾਰ ਨੂੰ ਟੀਮ ਨੇ ਕੋਟਕਪੂਰਾ ਦੇ ਹੀਰਾ ਸਿੰਘ ਨਗਰ ਮੁਹੱਲੇ 'ਚ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਟੀਕਾਕਰਨ ਬਾਰੇ ਜਾਗਰੂਕ ਕੀਤਾ। ਜਿਨ੍ਹਾਂ ਨੇ ਅਜੇ ਤੱਕ ਵੈਕਸੀਨ ਦੀ ਇਕ ਵੀ ਡੋਜ ਨਹੀਂ ਲਗਵਾਈ ਹੈ।
ਇਸ ਦੌਰਾਨ ਕਰੀਬ 26 ਲੋਕਾਂ ਨੂੰ ਵੈਕਸੀਨ ਵੀ ਲਗਾਈ ਗਈ। ਏਐਨਐਮ ਹਰਪ੍ਰੀਤ ਕੌਰ ਨੇ ਦੱਸਿਆ ਕਿ ਕੋਵਿਸ਼ੀਲਡ ਵੈਕਸੀਨ ਦੇ ਮਾਮਲੇ ਵਿੱਚ ਪਹਿਲੀ ਅਤੇ ਦੂਜੀ ਡੋਜ਼ ਵਿੱਚ 12 ਹਫ਼ਤਿਆਂ ਦਾ ਸਮਾਂ ਲੱਗਦਾ ਹੈ, ਜਦੋਂ ਕਿ ਕੋਵੀਸੀਨ ਦੇ ਮਾਮਲੇ ਵਿੱਚ ਦੂਜੀ ਡੋਜ਼ ਚਾਰ ਹਫ਼ਤਿਆਂ ਬਾਅਦ ਹੀ ਦਿੱਤੀ ਜਾਂਦੀ ਹੈ। ਕੋਵਿਡ ਦੇ ਗੰਭੀਰ ਸੰਕਰਮਣ ਅਤੇ ਹਸਪਤਾਲ ਵਿੱਚ ਦਾਖਲ ਹੋਣ ਦੇ ਜੋਖਮ ਤੋਂ ਬਚਣ ਲਈ ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣਾ ਜ਼ਰੂਰੀ ਹੈ। ਜਿਥੇ ਟੀਮ ਘਰ ਘਰ ਦਸਤਕ ਦੇਕੇ ਲੋਕਾਂ ਨੂੰ ਕੋਵਿਡ ਵੈਕਸੀਨ ਬਾਰੇ ਜਾਣਕਾਰੀ ਦੇਕੇ ਉਨ੍ਹਾਂ ਲੋਕਾਂ ਨੂੰ ਵੈਕਸੀਨ ਲਗਾ ਰਹੀ ਹੈ। ਜਿਨ੍ਹਾਂ ਦੇ ਅਜੇ ਵੈਕਸੀਨ ਨਹੀਂ ਲੱਗੀ ਉਥੇ ਹੀ ਰਾਹਗੀਰਾਂ ਅਤੇ ਘਰਾਂ ਵਿੱਚ ਕੰਮ ਕਰ ਰਹੇ ਮਿਸਤਰੀ ਮਜ਼ਦੂਰਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇਹ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੇ ਪੜੇ ਲਿਖੇ ਅਤੇ ਸਾਧਨ ਸਮਰਥ ਲੋਕ ਵੀ ਵੈਕਸੀਨ ਨੂੰ ਲੈਕੇ ਜਾਗਰੂਕ ਨਹੀਂ ਹਨ। ਇਹ ਲੋਕ ਕਈ ਤਰਾਂ ਦੇ ਬਹਾਨੇ ਕਰਕੇ ਵੈਕਸੀਨ ਲਗਵਾਉਣ ਤੋਂ ਟਲਦੇ ਨਜਰ ਆਏ।
ਡਾਕਟਰ ਹਰਿੰਦਰ ਗਾਂਧੀ ਨੇ ਦੱਸਿਆ ਕਿ ਵੈਕਸੀਨ ਮੁਹਿੰਮ ਤਹਿਤ ਹੁਣ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦਾ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ। ਸਾਰੇ ਮਾਪੇ ਆਪਣੇ ਬੱਚਿਆਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰਨ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣ।
ਇਸ ਤੋਂ ਬਿਨਾਂ ਜਿਨ੍ਹਾਂ ਫਰੰਟ ਲਾਈਨ ਵਰਕਰਾਂ, ਹੈਲਥ ਕੇਅਰ ਵਰਕਰਾਂ, 60 ਸਾਲ ਤੋਂ ਉਪਰ ਵਿਅਕਤੀਆਂ ਦੇ ਦੋਵੇਂ ਡੋਜ਼ਾਂ ਲੱਗ ਗਈਆਂ ਹਨ, ਉਨ੍ਹਾਂ ਨੂੰ ਬੂਸਟਰ ਡੋਜ਼ ਵੀ ਲਗਾਈ ਜਾ ਰਹੀ ਹੈ, ਜਿਸਨੂੰ ਹਰੇਕ ਯੋਗ ਵਿਕਅਤੀ ਨੂੰ ਪਹਿਲਕਦਮੀ ਨਾਲ ਲਗਾਉਣਾ ਚਾਹੀਦਾ ਹੈ, ਤਾਂ ਜੋ ਕਰੋਨਾ ਮਹਾਂਮਾਰੀ ਦਾ ਮੁਕੰਮਲ ਖਾਤਮਾ ਕੀਤਾ ਜਾ ਸਕੇ।
ਇਥੇ ਜਿਕਰ ਯੋਗ ਹੈ ਕਿ ਕੁਝ ਦਿਨ ਪਹਿਲਾਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਰਬੀਰ ਸਿੰਘ ਆਈ.ਏ.ਐਸ ਨੇ ਵੀ ਸਿਵਲ ਹਸਪਤਾਲ ਫਰੀਦਕੋਟ ਵਿਖੇ ਖੁੱਦ ਨੂੰ ਬੂਸਟਰ ਡੋਜ਼ ਲਗਵਾਕੇ ਹੋਰ ਲੋਕਾਂ ਨੂੰ ਇਸ ਲਈ ਪ੍ਰੇਰਿਤ ਕੀਤਾ। ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਡਿਪਟੀ ਕਮਿਸ਼ਨਰ ਨੂੰ ਬੂਸਟਰ ਡੋਜ਼ ਲਗਾਈ ਸੀ। ਹੁਣ ਸਿਹਤ ਵਿਭਾਗ ਨੇ ਆਸ਼ਾ ਵਰਕਰਾਂ ਅਤੇ ਏ.ਐਨ.ਐਮਜ਼ ਨੂੰ ਘਰ-ਘਰ ਜਾ ਕੇ ਟੀਕਾਕਰਨ ਤੋਂ ਰਹਿ ਗਏ ਲੋਕਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਜਿਸ ਤਹਿਤ ਹਰ ਘਰ ਦੇ ਲੋਕਾਂ ਦੇ ਟੀਕਾਕਰਨ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਟੀਕਾਕਰਨ ਤੋਂ ਰਹਿ ਗਏ ਲੋਕਾਂ ਨੂੰ ਵੀ ਟੀਕਾਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ। ਤਾਂ ਜੋ 100% ਲੋਕਾਂ ਦਾ ਟੀਕਾਕਰਨ ਕੀਤਾ ਜਾ ਸਕੇ।
ਜ਼ਿਲ੍ਹੇ ਵਿੱਚ ਟੀਕਾਕਰਨ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਦਿੱਖ ਰਿਹਾ ਹੈ। ਇਸ ਦੇ ਮੱਦੇਨਜ਼ਰ ਵੱਧ ਤੋਂ ਵੱਧ ਲੋਕਾਂ ਨੂੰ ਟੀਕਾਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰਾਂ 'ਤੇ ਪਹਿਲੀ ਖੁਰਾਕ ਲੈਣ ਵਾਲੇ ਲੋਕਾਂ ਦੀ ਗਿਣਤੀ ਘੱਟ ਜਾਪ ਰਹੀ ਹੈ। ਇਸ ਦੇ ਨਾਲ ਹੀ ਲੋਕ ਵੈਕਸੀਨ ਦੀ ਦੂਜੀ ਡੋਜ਼ ਲੈਣ ਤੋਂ ਵੀ ਲਾਪਰਵਾਹ ਹੋ ਗਏ ਹਨ। ਸੰਭਾਵਿਤ ਤੀਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਚੌਕਸ ਹਨ। ਟੀਚਾ ਹੈ ਕਿ ਕੋਈ ਵੀ ਟੀਕਾਕਰਨ ਤੋਂ ਵਾਂਝਾ ਨਾ ਰਹੇ। ਇਸ ਸਬੰਧੀ ਹੁਣ ਸਿਹਤ ਵਿਭਾਗ ਨੇ ਨਿਵੇਕਲੀ ਪਹਿਲ ਸ਼ੁਰੂ ਕੀਤੀ ਹੈ। ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਵਾਂਗ ਘਰ ਘਰ ਦਸਤਕ ਦੇਕੇ ਟੀਕਾਕਰਨ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ।