ਸ਼ੂਗਰ ਅਤੇ ਹਾਈਪਰਟੈਂਸ਼ਨ ਦੇ ਮਰੀਜ਼ਾਂ ਨੂੰ ਮੁਸਤੈਦ ਰਹਿਣ ਦੀ ਸਲਾਹ
ਅਸ਼ੋਕ ਵਰਮਾ
ਬਠਿੰਡਾ,23ਜਨਵਰੀ2021:ਰੈੱਡ ਕਰਾਸ ਸੁਸਾਇਟੀ ਦੀ ਸਹਿਯੋਗੀ ਸੰਸਥਾ ਸੇਂਟ ਜਾਨ ਐਂਬੂਲੈਂਸ ਵੱਲੋਂ ਸਥਾਨਕ ਰੈੱਡ ਕਰਾਸ ਭਵਨ ਵਿਖੇ ਚਲਾਏ ਜਾ ਰਹੇ 4 ਰੋਜ਼ਾ ਫਸਟ ਏਡ ਟ੍ਰੇਨਿੰਗ ਕੈਂਪ ਦੇ ਆਖਰੀ ਦਿਨ ਸਿਵਲ ਹਸਪਤਾਲ ਬਠਿੰਡਾ ਦੇ ਜਿਲ੍ਹਾ ਐੱਨਸੀਡੀ ਕਲੀਨਿਕ ਤੋਂ ਪਹੁੰਚੇ ਇੰਚਾਰਜ ਡਾ.ਵਿਕਾਸ ਗੋਇਲ ਨੇ ਸਿਖਿਆਰਥੀਆਂ ਨੂੰ ਸ਼ੂਗਰ ਅਤੇ ਹਾਈਪਰਟੈਂਸ਼ਨ ਵਰਗੇ ਰੋਗਾਂ ਤੋਂ ਬਚਾਅ ਸਬੰਧੀ ਨੁਕਤੇ ਦੱਸੇ। ਸਕੱਤਰ ਰੈੱਡ ਕਰਾਸ ਸੁਸਾਇਟੀ ਦਰਸ਼ਨ ਕੁਮਾਰ ਬਾਂਸਲ ਦੀ ਅਗਵਾਈ ਹੇਠ ਲਾਏ ਇਸ ਟ੍ਰੇਨਿੰਗ ਕੈਂਪ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਡਾ.ਵਿਕਾਸ ਗੋਇਲ ਨੇ ਕਿਹਾ ਕਿ ਭਾਵੇਂ ਸ਼ੱਕਰ ਰੋਗ ਨੂੰ ਜੜ੍ਹੋਂ ਖਤਮ ਨਹੀਂ ਕੀਤਾ ਜਾ ਸਕਦਾ ਪਰੰਤੂ ਸਮੇਂ-ਸਮੇਂ ਸਿਰ ਸਿਹਤ ਜਾਂਚ, ਡਾਕਟਰੀ ਇਲਾਜ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਕਰਕੇ ਅਸੀਂ ਇਸ ’ਤੇ ਕਾਬੂ ਪਾ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਮੋਟਾਪੇ ਤੋਂ ਬਚਣ ਲਈ ਭਾਰ ਕਾਬੂ ਵਿੱਚ ਰੱਖਣਾ ਰਹਿਣਾ ਚਾਹੀਦਾ ਹੈ ਕਿਉਕਿ ਮੋਟਾਪਾ ਕਈ ਬਿਮਾਰੀਆਂ ਦੀ ਜੜ੍ਹ ਹੈ। ਘਿਓ ਜਾਂ ਮੱਖਣ ਦੀ ਮਾਤਰਾ ਨੂੰ ਸੀਮਿਤ ਕਰੋ। ਤਲੀਆਂ ਅਤੇ ਮਿੱਠੀਆਂ ਚੀਜਾਂ ਦੀ ਵਰਤੋਂ ਘੱਟ ਕਰੋ। ਨਮਕ ਦਾ ਸੀਮਤ ਮਾਤਰਾ ਵਿੱਚ ਸੇਵਨ ਕੀਤਾ ਜਾਵੇ। ਤਾਜ਼ੀਆਂ ਸਬਜੀਆਂ ਅਤੇ ਫਲਾਂ ਦੀ ਵਰਤੋਂ ਜ਼ਿਆਦਾ ਕਰੋ। ਸੇਂਟ ਜਾਨ ਕੇਂਦਰ ਦੇ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ ਨੇ ਸਿਖਿਆਰਥੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ ਕਿ ਭੀੜ ਭੜੱਕੇ ਵਾਲੀਆਂ ਥਾਵਾਂ ਵਿੱਚ ਜਾਣ ਤੋਂ ਪਰਹੇਜ ਕੀਤਾ ਜਾਵੇ। ਮੂੰਹ ਤੇ ਮਾਸਕ ਲਗਾਉਣਾ, ਹੱਥਾਂ ਨੂੰ ਚੰਗੀ ਤਰ੍ਹਾਂ ਵਾਰ ਵਾਰ ਸਾਬਣ ਪਾਣੀ ਜਾਂ ਸੈਨੀਟਾਈਜ਼ਰ ਨਾਲ ਧੋਣਾ ਅਤੇ ਟੀਕਾਕਾਰਣ ਕਰਵਾਉਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ।