ਪੀ ਐੱਚ ਸੀ ਕੌਹਰੀਆਂ ਅਧੀਨ 1 ਤੋਂ 19 ਸਾਲ ਦੇ 39 ਹਜ਼ਾਰ 666 ਬੱਚਿਆ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਖੁਆਈਆਂ ਗੋਲ਼ੀਆਂ
ਦਲਜੀਤ ਕੌਰ ਭਵਾਨੀਗੜ੍ਹ
ਕੌਹਰੀਆਂ/ਸੰਗਰੂਰ 10 ਅਗਸਤ, 2022: ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਪੀ ਐਚ ਸੀ ਕੌਹਰੀਆਂ ਡਾ. ਰਾਕੇਸ਼ ਕੁਮਾਰ ਦੀ ਅਗਵਾਈ ਵਿੱਚ ਕੌਮੀ ਪੇਟ-ਕੀੜੇ ਮੁਕਤੀ ਦਿਵਸ ਮੌਕੇ 1 ਤੋਂ 19 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਅਲਬੈਡਾਜੋਲ ਦਵਾਈ ਆਂਗਨਵਾੜੀ ਕੇਂਦਰਾਂ ਅਤੇ ਸਕੂਲਾਂ 'ਚ ਮੁਫ਼ਤ ਦਿੱਤੀ ਗਈ।
ਡਾ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਕਿਸ਼ੋਰ ਅਵਸਥਾ ਦੌਰਾਨ ਬੱਚਿਆਂ 'ਚ ਖੂਨ ਦੀ ਕਮੀ ਹੋਣਾ ਅਕਸਰ ਦੇਖਿਆ ਗਿਆ ਹੈ। ਇਸ ਦਾ ਪਹਿਲਾ ਕਾਰਨ ਸੰਤੁਲਿਤ ਭੋਜਨ ਦੀ ਕਮੀ ਹੈ ਅਤੇ ਜੇ ਬੱਚੇ ਸੰਤੁਲਿਤ ਭੋਜਨ ਖਾਂਦੇ ਵੀ ਹੋਣ ਤੇ ਕਈ ਵਾਰ ਪੇਟ 'ਚ ਕੀੜੇ ਹੋਣ ਕਰ ਕੇ ਇਹ ਭੋਜਨ ਉਨ੍ਹਾਂ ਦੇ ਸਰੀਰ ਨੂੰ ਨਹੀਂ ਲਗਦਾ ਜਿਸ ਕਾਰਨ ਉਹ ਖ਼ੂਨ ਦੀ ਕਮੀ, ਕਮਜ਼ੋਰੀ ਅਤੇ ਹੋਰ ਬਿਮਾਰੀਆਂ ਤੋਂ ਗ੍ਰਸਤ ਹੋ ਜਾਂਦੇ ਹਨ। ਆਮ ਤੌਰ 'ਤੇ ਬੱਚਿਆਂ ਦਾ ਮਿੱਟੀ 'ਚ ਖੇਡਣ ਕਾਰਨ, ਨਹੁੰਆਂ ਰਾਹੀਂ, ਨੰਗੇ ਪੈਰ ਘੁੰਮਣ ਕਾਰਨ ਅਤੇ ਬਿਨਾਂ ਹੱਥ ਧੋਤੇ ਖਾਣਾ ਖਾਣ ਨਾਲ ਪੇਟ 'ਚ ਕੀੜੇ ਚੱਲੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਦਾ ਸੰਕਰਮਣ ਹੋਵੇ, ਉਨ੍ਹਾਂ ਵਿੱਚ ਕੀੜਿਆਂ ਦੇ ਅੰਡੇ ਜਾਂ ਲਾਰਵਾ ਰਹਿੰਦੇ ਹਨ ਅਤੇ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਨ੍ਹਾਂ ਬੱਚਿਆਂ 'ਚ ਖੂਨ ਦੀ ਕਮੀ ਹੋਣ ਦੇ ਨਾਲ ਨਾਲ ਕੁਪੋਸ਼ਣ, ਭੁੱਖ ਨਾ ਲੱਗਣਾ, ਥਕਾਵਟ, ਬੇਚੈਨੀ, ਪੇਟ 'ਚ ਦਰਦ ਵਰਗੇ ਲੱਛਣ ਆਮ ਤੌਰ 'ਤੇ ਪਾਏ ਜਾਂਦੇ ਹਨ। ਬੱਚਿਆਂ ਦੀ ਨਰੋਈ ਸਿਹਤ ਨੂੰ ਵਿਚਾਰਦੇ ਹੋਏ ਸਿਹਤ ਵਿਭਾਗ ਵੱਲੋਂ 1 ਤੋਂ 19 ਸਾਲ ਦੇ ਸਾਰੇ ਬੱਚਿਆਂ ਨੂੰ ਆਂਗਨਵਾੜੀ ਕੇਂਦਰਾਂ ਅਤੇ ਸਕੂਲਾਂ 'ਚ ਅਲਬੈਡਾਜੋਲ ਦੀ ਦਵਾਈ ਦਿੱਤੀ ਜਾ ਰਹੀ ਹੈ ਤਾਂ ਜੋਂ ਬੱਚੇ ਪੇਟ ਦੇ ਕੀੜਿਆਂ ਕਾਰਨ ਪੈਦਾ ਹੋਈ ਖੂਨ ਦੀ ਕਮੀ ਤੋਂ ਸੁਰੱਖਿਅਤ ਰਹਿ ਸਕਣ, ਉਨ੍ਹਾਂ ਨੂੰ ਬਿਹਤਰ ਪੋਸ਼ਣ ਪੱਧਰ ਦਾ ਫਾਇਦਾ ਮਿਲੇ ਅਤੇ ਉਨ੍ਹਾਂ ਦੀ ਇਮੂਨਿਟੀ ਵਧਾਉਣ 'ਚ ਮਦਦ ਮਿਲ ਸਕੇ।
ਆਰ ਬੀ ਐੱਸ ਕੇ ਦੇ ਡਾ. ਵਰਿੰਦਰ ਕੁਮਾਰ ਅਤੇ ਡਾ. ਕਨਿਕਾ ਬੱਗਾ ਨੇ ਦੱਸਿਆ ਕਿ ਬਲਾਕ ਦੇ 39 ਹਜ਼ਾਰ 666 ਬੱਚਿਆਂ ਨੂੰ ਗੋਲ਼ੀਆਂ ਖਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਬੱਚੇ ਕਿਸੇ ਕਾਰਨ ਦੁਆਈ ਨਹੀਂ ਖਾ ਸਕੇ ਉਨ੍ਹਾਂ ਨੂੰ 17 ਅਗਸਤ ਦੇ ਮੌਪ ਅੱਪ ਡੇ ‘ਤੇ ਦਵਾਈ ਦਿੱਤੀ ਜਾਵੇਗੀ। ਪੇਟ ਦੇ ਕੀੜੇ ਮਾਰਨ ਦੀ ਦਵਾਈ ਖਾਣ ਦੇ ਨਾਲ ਹੀ ਕੀੜਿਆਂ ਦੀ ਰੋਕਥਾਮ ਲਈ ਹੋਰ ਕਈ ਮਹੱਤਵਪੂਰਣ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਖਾਣਾ ਖਾਣ ਤੋਂ ਪਹਿਲਾਂ ਜਾਂ ਸ਼ੌਚਾਲੇ ਜਾਣ ਤੋਂ ਬਾਅਦ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਤੇ ਹੱਥਾਂ ਦੇ ਨਹੁੰਆਂ ਨੂੰ ਕੱਟ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਹੱਥ ਪੂਰੀ ਤਰ੍ਹਾਂ ਕੀਟਾਣੂ ਮੁਕਤ ਹੋ ਜਾਣ। ਜੇਕਰ ਹੱਥਾਂ ਅਤੇ ਨਹੁੰਆਂ ਦੀ ਸਾਫ ਸਫਾਈ ਨਾ ਰੱਖੀ ਜਾਵੇ ਤਾਂ ਇਹ ਕੀਟਾਣੂ ਪੇਟ ਅੰਦਰ ਚਲੇ ਜਾਂਦੇ ਹਨ। ਆਪਣੀ ਸਾਫ਼ ਸਫਾਈ ਦੇ ਨਾਲ ਨਾਲ ਫਲਾਂ ਅਤੇ ਸਬਜੀਆਂ ਨੂੰ ਸੇਵਨ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ਤੇ ਦੂਸ਼ਿਤ ਪਾਣੀ ਤੋਂ ਵੀ ਪਰਹੇਜ ਕਰਨਾ ਚਾਹੀਦਾ ਹੈ। ਹਮੇਸ਼ਾਂ ਸਾਫ ਪਾਣੀ ਪੀਓ, ਖਾਣੇ ਨੂੰ ਢੱਕ ਕੇ ਰੱਖੋ, ਆਸ ਪਾਸ ਦੀ ਸਫਾਈ ਰੱਖੋ, ਜੁੱਤੀਆਂ ਜਾਂ ਚੱਪਲਾਂ ਪਾ ਕੇ ਰੱਖੋ ਅਤੇ ਹਮੇਸ਼ਾ ਸ਼ੌਚਾਲੇ ਦੀ ਵਰਤੋਂ ਕਰੋ।