“ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ” ਤਹਿਤ ਹਾਈਰਿਸਕ ਗਰਭਵਤੀ ਔਰਤਾਂ ਦੀ ਏ.ਐੱਨ.ਸੀ. ਜਾਂਚ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 9 ਦਸੰਬਰ 2022 : ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ ਸੁਰੱਖਿਅਤ ਤੇ ਗੁਣਵੱਤਾਪੂਰਨ ਜੱਚਾ-ਬੱਚਾ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵੱਡੇ ਉਪਰਾਲੇ ਕਰ ਰਿਹਾ ਹੈ। ਇਸੇ ਕੜੀ ਤਹਿਤ “ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ” ਤਹਿਤ ਹਾਈਰਿਸਕ ਗਰਭਵਤੀ ਔਰਤਾਂ ਦੇ ਉੱਚਿਤ ਇਲਾਜ ਪ੍ਰਬੰਧਨ 'ਤੇ ਵਧੇਰੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।
ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਅੱਜ ਮਨਾਏ ਗਏ “ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ” ਦੇ ਸੰਦਰਭ ਵਿਚ ਦੱਸਿਆ ਕਿ ਦੇਸ਼ ਵਿੱਚ ਹਰ ਸਾਲ ਅੰਦਾਜ਼ਨ 30 ਹਜ਼ਾਰ ਗਰਭਵਤੀ ਔਰਤਾਂ ਦੀ ਮੌਤ ਹੋ ਜਾਂਦੀ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜੇਕਰ ਗਰਭਵਤੀ ਔਰਤਾਂ ਖ਼ਾਸ ਕਰਕੇ ਹਾਈਰਿਸਕ ਔਰਤਾਂ ਦੀ ਸਮੇਂ-ਸਮੇਂ ’ਤੇ ਰੈਗੂਲਰ ਸਿਹਤ ਜਾਂਚ ਕੀਤੀ ਜਾਵੇ ਤਾਂ ਗਰਭ ਅਵਸਥਾ ਦੀਆਂ ਸਮੱਸਿਆਵਾਂ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਲੋਕਾਂ ਨੂੰ ਬਿਹਤਰ ਜੱਚਾ-ਬੱਚਾ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਇਸੇ ਕੜੀ ਤਹਿਤ ਅੱਜ ਜ਼ਿਲ੍ਹੇ ਦੇ ਸਮੂਹ ਹੈਲਥ ਬਲਾਕਾਂ ਵਿਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ (ਪੀ.ਐਮ.ਐਸ.ਐਮ.ਏ) ਤਹਿਤ ਗਰਭਵਤੀ ਔਰਤਾਂ ਦੀ ਜਾਂਚ ਕਰਨ ਤੋਂ ਇਲਾਵਾ ਆਇਰਨ ਤੇ ਕੈਲਸ਼ੀਅਮ ਦੀਆਂ ਗੋਲੀਆਂ ਦੇ ਕੇ ਔਰਤਾਂ ਦੇ ਸੁਰੱਖਿਅਤ ਜਣੇਪੇ ਨੂੰ ਯਕੀਨੀ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਡਾ. ਢਾਂਡਾ ਨੇ ਦੱਸਿਆ ਕਿ ਮਾਵਾਂ ਅਤੇ ਬੱਚਿਆਂ ਦੀ ਮੌਤ ਦਰ ਵਿਚ ਕਮੀ ਲਿਆਉਣ ਵਿਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਅਭਿਆਨ ਦੇਸ਼ ਭਰ ਅੰਦਰ 9 ਜੂਨ 2016 ਨੂੰ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ ਸੰਸਥਾਵਾਂ ਵਿਖੇ ਮਹੀਨੇ ਦੀ ਹਰ 9 ਤਰੀਕ ਨੂੰ ਵਿਸ਼ੇਸ਼ ਤੌਰ 'ਤੇ ਹਾਈਰਿਸਕ ਗਰਭਵਤੀ ਔਰਤਾਂ ਦੇ ਸੁਰੱਖਿਅਤ ਜਣੇਪੇ ਲਈ ਮਾਹਰ ਡਾਕਟਰਾਂ ਵੱਲੋਂ ਜਾਂਚ ਕੀਤੀ ਜਾਂਦੀ ਹੈ। ਸਿਹਤ ਵਿਭਾਗ ਵੱਲੋਂ ਲੋੜਵੰਦ ਅਤੇ ਗਰਭਵਤੀ ਔਰਤਾਂ ਦੀ ਸੁਰੱਖਿਆ ਲਈ ਸ਼ੁਰੂ ਕੀਤੇ ਗਏ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਜ਼ਿਲ੍ਹੇ ਦੀਆਂ ਲੋੜਵੰਦ ਗਰਭਵਤੀ ਔਰਤਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਜ਼ਿਲ੍ਹੇ ਅੰਦਰ ਹੁਣ ਤੱਕ ਵੱਡੀ ਗਿਣਤੀ ਵਿੱਚ ਗਰਭਵਤੀ ਔਰਤਾਂ ਵੱਲੋਂ ਲਾਭ ਉਠਾਇਆ ਜਾ ਚੁੱਕਿਆ ਹੈ।
ਉਨ੍ਹਾਂ ਨੇ ਜ਼ਿਲ੍ਹੇ ਦੇ ਲੋੜਵੰਦ ਲੋਕਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਪਹੁੰਚ ਕੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ। ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਹਿਫਾਜਤ ਅਤੇ ਸਲਾਮਤੀ ਲਈ ਗਰਭਵਤੀ ਔਰਤਾਂ ਨੂੰ ਜਾਗਰੂਕ ਕਰਦੇ ਸਿਵਲ ਸਰਜਨ ਨੇ ਕਿਹਾ ਕਿ ਕਦੇ ਵੀ ਗੈਰ-ਸਿੱਖਿਅਤ ਵਿਅਕਤੀ ਤੋਂ ਜਣੇਪਾ ਨਹੀਂ ਕਰਾਉਣਾ ਚਾਹੀਦਾ, ਕਿਉਂਕਿ ਅਜਿਹਾ ਕਰਨ ਨਾਲ ਔਰਤ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਹਰੇਕ ਜਣੇਪੇ ਸਮੇਂ ਇਕ ਸਿੱਖਿਅਤ ਹੈਲਥ ਕੇਅਰ ਮਾਹਰ ਦਾ ਮੌਜੂਦ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਮੈਡੀਕਲ ਅਫਸਰ ਪੀ.ਐੱਚ.ਸੀ. ਮੁਜ਼ੱਫਰਪੁਰ ਡਾ. ਗੀਤਾਂਜਲੀ ਸਿੰਘ, ਡਾ ਜਸਵਿੰਦਰ ਕੌਰ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਮਨਿੰਦਰ ਸਿੰਘ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।