- ਕਿਹਾ, ਸਾਹ ਸਬੰਧੀ ਬਿਮਾਰੀਆਂ ਭਾਰਤ 'ਚ ਲੁਕੀ ਹੋਈ ਮਹਾਂਮਾਰੀ ਹੈ
- ਡਾ. ਸੁਮਿਤ ਜੈਨ ਦਾ ਕਹਿਣਾ ਹੈ ਕਿ ਭਾਰਤ ਨੂੰ ਰਾਸ਼ਟਰੀ ਪੱਧਰ ਦੇ ਰੋਕਥਾਮ ਅਤੇ ਕੰਟਰੋਲ ਪ੍ਰੋਗਰਾਮ ਦੀ ਜ਼ਰੂਰਤ ਹੈ
- ਤੰਮਾਕੂ ਅਤੇ ਸਿਗਰਟਨੋਸ਼ੀ ਸਾਹ ਸਬੰਧੀ ਬਿਮਾਰੀਆਂ ਕਾਰਨ ਮੌਤਾਂ ਦੇ ਮੁੱਖ ਕਾਰਨ : ਡਾ. ਸੁਮਿਤ ਜੈਨ
ਚੰਡੀਗੜ੍ਹ, 19 ਨਵੰਬਰ 2020 - ਫੇਫੜਿਆਂ ਦੇ ਖ਼ਰਾਬ ਹੋਣ ਨਾਲ ਸਬੰਧਤ ਕਰੋਨਿਕ ਆਬਸਟਰੱਕਟਿਵ ਪਲਮੋਨੇਰੀ ਡਿਸੀਜ਼ (ਸੀ.ਓ.ਪੀ.ਡੀ.) ਬਾਰੇ ਜਾਗਰੂਕਤਾ ਫੈਲਾਉਣ ਲਈ ਪਾਰਸ ਹਸਪਤਾਲ, ਪੰਚਕੂਲਾ ਦੇ ਡਾਕਟਰਾਂ ਦੀ ਇੱਕ ਟੀਮ ਨੇ ਇਸ ਰੋਗ ਨਾਲ ਸਬੰਧਤ ਕਈ ਤੱਥਾਂ ਅਤੇ ਕਾਲਪਨਿਕ ਗੱਲਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਫੇਫੜਿਆਂ ਸਬੰਧੀ ਸੀਨੀਅਰ ਸਲਾਹਕਾਰ ਡਾ. ਐਸ.ਕੇ. ਗੁਪਤਾ ਅਤੇ ਸੀਨੀਅਰ ਮੈਡੀਸਨ ਸਲਾਹਕਾਰ ਡਾ. ਸੁਮਿਤ ਜੈਨ ਹਾਜ਼ਰ ਸਨ।
ਉਨ੍ਹਾਂ ਦਸਿਆ ਕਿ ਪੂਰੀ ਦੁਨੀਆਂ 'ਚ ਲੱਖਾਂ ਲੋਕ ਸੀ.ਓ.ਪੀ.ਡੀ. ਬਿਮਾਰੀਆਂ ਦੀ ਮਾਰ ਹੇਠ ਹਨ ਜਿਨ੍ਹਾਂ 'ਚ ਐਮਫ਼ੀਸਿਮਾ, ਸਥਾਈ ਸੋਜਿਸ਼, ਨਾ ਠੀਕ ਹੋਣ ਵਾਲਾ ਦਮਾ, ਅਤੇ ਸੋਜ਼ਿਸ਼ ਦੇ ਕੁੱਝ ਹੋਰ ਪ੍ਰਕਾਰ ਸ਼ਾਮਲ ਹਨ। ਕਰੋਨਿਕ ਆਬਸਟਰੱਕਟਿਵ ਪਲਮੋਨੇਰੀ ਡਿਸੀਜ਼ (ਸੀ.ਓ.ਪੀ.ਡੀ.) ਫੇਫੜਿਆਂ ਸਬੰਧੀ ਸਾਰੀਆਂ ਬਿਮਾਰੀਆਂ ਲਈ ਪ੍ਰਯੋਗ ਕੀਤਾ ਜਾਣ ਵਾਲਾ ਆਮ ਨਾਂ ਹੈ। ਇਸ ਬਿਮਾਰੀ ਦੀ ਪਛਾਣ ਸਾਹ ਲੈਣ 'ਚ ਤਕਲੀਫ਼ ਤੋਂ ਹੁੰਦੀ ਹੈ।
ਕਰੋਨਿਕ ਆਬਸਟਰੱਕਟਿਵ ਪਲਮੋਨੇਰੀ ਡਿਸੀਜ਼ (ਸੀ.ਓ.ਪੀ.ਡੀ.) ਰੋਗ ਅਤੇ ਇਸ ਦੇ ਇਲਾਜ 'ਤੇ ਚਾਨਣਾ ਪਾਉਂਦਿਆਂ ਪਾਰਸ ਹਸਪਤਾਲ ਪੰਚਕੂਲਾ ਦੇ ਫੇਫੜਿਆਂ ਸਬੰਧੀ ਸੀਨੀਅਰ ਸਲਾਹਕਾਰ ਡਾ. ਐਸ.ਕੇ. ਗੁਪਤਾ ਨੇ ਕਿਹਾ, ''ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਤੋਂ ਬਾਅਦ ਸੀ.ਓ.ਪੀ.ਡੀ. ਦੁਨੀਆਂ 'ਚ ਸਭ ਤੋਂ ਜ਼ਿਆਦਾ ਲੋਕਾਂ ਦੀ ਮੌਤ ਦਾ ਕਾਰਨ ਬਣਦਾ ਹੈ। ਜ਼ਿਆਦਾਤਰ ਲੋਕ ਸਾਹ ਲੈਣ 'ਚ ਤਕਲੀਫ਼ ਅਤੇ ਖਾਂਸੀ ਨੂੰ ਆਪਣੀ ਵਧਦੀ ਉਮਰ ਨਾਲ ਜੋੜ ਲੈਂਦੇ ਹਨ। ਹੋ ਸਕਦਾ ਹੈ ਕਿ ਇਸ ਬਿਮਾਰੀ ਦੇ ਸ਼ੁਰੂਆਤੀ ਦੌਰ 'ਚ ਤੁਹਾਨੂੰ ਇਸ ਦੇ ਲੱਛਣਾਂ ਬਾਰੇ ਪਤਾ ਨਾ ਲੱਗੇ। ਸੀ.ਓ.ਪੀ.ਡੀ. ਰੋਗ ਕਈ ਸਾਲਾਂ ਤਕ ਬਗ਼ੈਰ ਲੱਛਣਾਂ ਤੋਂ ਵੀ ਰਹਿ ਸਕਦਾ ਹੈ। ਜਦੋਂ ਇਹ ਰੋਗ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਉਸੇ ਸਮੇਂ ਤੁਹਾਨੂੰ ਇਸ ਦੇ ਲੱਛਣ ਵੇਖਣ ਨੂੰ ਮਿਲਦੇ ਹਨ। ਇਸ ਦੀ ਪਛਾਣ ਫੇਫੜਿਆਂ ਦੇ ਅੰਦਰ ਅਤੇ ਬਾਹਰ ਹਵਾ ਦੇ ਦੌਰੇ 'ਚ ਰੁਕਾਵਟ ਨਾਲ ਹੁੰਦੀ ਹੈ ਜਿਸ ਨਾਲ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ।''
ਪਾਰਸ ਹਸਪਤਾਲ ਪੰਚਕੂਲਾ 'ਚ ਮੈਡੀਸਨ ਦੇ ਸੀਨੀਅਰ ਸਲਾਹਕਾਰ ਡਾ. ਸੁਮਿਤ ਜੈਨ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ, ''ਸੀ.ਓ.ਪੀ.ਡੀ. ਆਮ ਤੌਰ 'ਤੇ 40 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ 'ਚ ਵੇਖਣ ਨੂੰ ਮਿਲਦਾ ਹੈ। ਇਸ ਰੋਗ ਨਾਲ ਪੀੜਤ ਹਰ ਕੋਈ ਨਹੀਂ ਪਰ ਜ਼ਿਆਦਾਤਰ (90%) ਲੋਕ ਅਜਿਹੇ ਹੁੰਦੇ ਹਨ ਜੋ ਸਿਗਰਟਨੋਸ਼ੀ ਕਰਦੇ ਹਨ। ਸੀ.ਓ.ਪੀ.ਡੀ. ਅਜਿਹੇ ਲੋਕਾਂ ਨੂੰ ਵੀ ਹੋ ਸਕਦਾ ਹੈ ਜੋ ਲੰਮੇ ਸਮੇਂ ਤਕ ਫੇਫੜਿਆਂ ਲਈ ਖ਼ਤਰਨਾਕ ਹਾਲਾਤ ਜਿਵੇਂ ਰਸਾਇਣਾਂ, ਧੂੜ ਜਾਂ ਧੂੰਏ 'ਚ ਅਤੇ ਚੁੱਲ੍ਹੇ ਸਾਹਮਣੇ ਕੰਮ ਕਰਦੇ ਰਹੇ ਹਨ। ਅਜਿਹੇ ਲੋਕਾਂ ਨੂੰ ਵੀ ਇਹ ਰੋਗ ਹੋ ਸਕਦਾ ਹੈ ਜਿਨ੍ਹਾਂ ਨੇ ਕਦੇ ਸਿਗਰਟਨੋਸ਼ੀ ਨਹੀਂ ਕੀਤੀ ਜਾਂ ਉਹ ਕਦੇ ਲੰਮੇ ਸਮੇਂ ਤਕ ਪ੍ਰਦੂਸ਼ਣ ਭਰੇ ਵਾਤਾਵਰਣ 'ਚ ਨਹੀਂ ਰਹੇ। ਭਾਰਤ 'ਚ ਸੀ.ਓ.ਪੀ.ਡੀ. ਦੀ ਦਰ 5.5 ਤੋਂ 7.55% ਹੈ। ਪਿੱਛੇ ਜਿਹੇ ਹੋਏ ਸਰਵੇਖਣਾਂ 'ਚ ਦਸਿਆ ਗਿਆ ਹੈ ਕਿ ਮਰਦਾਂ 'ਚ ਸੀ.ਓ.ਪੀ.ਡੀ. ਦੀ ਵੱਧ ਤੋਂ ਵੱਧ ਦਰ 22% ਹੈ ਜਦਕਿ ਔਰਤਾਂ 'ਚ ਇਹ 19% ਹੈ।
ਇਸ ਮੌਕੇ ਡਾ. ਸੁਮਿਤ ਜੈਨ ਨੇ ਕਿਹਾ, ''ਇਸ ਰੋਗ ਤੋਂ ਪੀੜਤ ਲੋਕਾਂ ਨੂੰ ਥੋੜਾ ਦੂਰ ਤੁਰਨ ਨਾਲ ਹੀ ਸਾਹ ਚੜ ਜਾਂਦਾ ਹੈ ਅਤੇ ਇਹ ਬਹੁਤ ਛੇਤੀ ਬਿਮਾਰੀਆਂ ਅਤੇ ਨਿਮੋਨੀਆ ਦਾ ਸ਼ਿਕਾਰ ਹੋ ਜਾਂਦੇ ਹਨ। ਅਕਸਰ, ਪੀੜਤਾਂ ਨੂੰ ਪ੍ਰਤੀ ਦਿਨ 24 ਘੰਟਿਆਂ ਤਕ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਹਾਡੇ 'ਚ ਐਫ਼ੀਸਿਮਾ ਜਾਂ ਸਥਾਈ ਸੋਜਿਸ਼ ਦੀ ਸਮੱਸਿਆ ਹੈ ਤਾਂ ਤੁਸੀਂ ਸੀ.ਓ.ਪੀ.ਡੀ. ਤੋਂ ਪੀੜਤ ਹੋ। ਸੀ.ਓ.ਪੀ.ਡੀ. ਦੇ ਲੰਮੇ ਸਮੇਂ ਰਹਿਣ ਨਾਲ ਦਿਲ ਦਾ ਸੱਜਾ ਪਾਸਾ ਵੱਡਾ ਹੋ ਜਾਂਦਾ ਹੈ ਜਿਸ ਨਾਲ ਅਖ਼ੀਰ ਵਿਅਕਤੀ ਦੀ ਮੌਤ ਹੋ ਜਾਂਦੀ ਹੈ।'' ਉਨ੍ਹਾਂ ਕਿਹਾ ਕਿ ਸੀ.ਓ.ਪੀ.ਡੀ. ਦਾ ਕੋਈ ਪੱਕਾ ਇਲਾਜ ਨਹੀਂ ਹੈ, ਪਰ ਰੋਗ ਕਰ ਕੇ ਸਰੀਰ ਦਾ ਹੋਰ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਉਣ ਅਤੇ ਜੀਵਨ ਦਾ ਮਿਆਰ ਬਿਹਤਰ ਕਰਨ ਦੇ ਬਦਲ ਮੌਜੂਦ ਹਨ।
ਡਾ. ਐਸ.ਕੇ. ਗੁਪਤਾ ਨੇ ਇਹ ਵੀ ਕਿਹਾ, ''ਜਦੋਂ ਸਰਦ ਰੁੱਤ ਆਉਂਦੀ ਹੈ ਤਾਂ ਸੀ.ਓ.ਪੀ.ਡੀ. ਨਾਲ ਪੀੜਤ ਲੋਕਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਜਾਂਦੀ ਹੈ। ਉਨ੍ਹਾਂ ਨੂੰ ਆਮ ਤੋਂ ਜ਼ਿਆਦਾ ਠੰਢ, ਜ਼ੁਕਾਮ ਅਤੇ ਹੋਰ ਸਾਹ ਸਬੰਧੀ ਬਿਮਾਰੀਆਂ ਹੁੰਦੀਆਂ ਹਨ। ਇਸ ਰੋਗ ਦੇ ਲੱਛਣ ਸਰਦੀਆਂ ਦੌਰਾਨ ਜ਼ਿਆਦਾ ਵੱਧ ਜਾਂਦੇ ਹਨ।'' ਉਨ੍ਹਾਂ ਕਿਹਾ ਕਿ ਫੇਫੜੇ ਖ਼ੂਨ 'ਚ ਆਕਸੀਜਨ ਮਿਲਾਉਣ ਦਾ ਕੰਮ ਕਰਦੇ ਹਨ ਅਤੇ ਦਿਲ ਖ਼ੂਨ ਦਾ ਦੌਰਾ ਚਲਾਉਂਦਾ ਹੈ, ਜਿਸ ਨਾਲ ਆਕਸੀਜਨ ਸਰੀਰ ਦੇ ਵੱਖੋ-ਵੱਖ ਹਿੱਸਿਆਂ 'ਚ ਪਹੁੰਚਦੀ ਹੈ। ਤਾਪਮਾਨ ਘਟਣ ਨਾਲ ਸਾਹ ਨਲੀ ਸੁੰਗੜ ਜਾਂਦੀ ਹੈ ਜਿਸ ਨਾਲ ਖ਼ੂਨ ਦਾ ਦੌਰਾ ਰੁਕਦਾ ਹੈ ਅਤੇ ਦਿਲ ਨੂੰ ਆਕਸੀਜਨ ਨਹੀਂ ਮਿਲਦੀ। ਦਿਲ ਜ਼ਿਆਦਾ ਤੇਜ਼ੀ ਨਾਲ ਧੜਕਦਾ ਹੈ ਅਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਇਸ ਲਈ ਠੰਢ ਦੇ ਮੌਸਮ 'ਚ ਸਾਹ ਪ੍ਰਣਾਲੀ 'ਤੇ ਜ਼ਿਆਦਾ ਭਾਰ ਪੈਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਜਦੋਂ ਵੀ ਤੁਹਾਨੂੰ ਇਸ ਤਰਾਂ ਦੇ ਲੱਛਣ ਦਿਸਣ ਤੁਸੀਂ ਡਾਕਟਰ ਨੂੰ ਛੇਤੀ ਤੋਂ ਛੇਤੀ ਸੰਪਰਕ ਕਰੋ।
ਇਸ ਮੌਕੇ ਹਾਜ਼ਰ ਪਾਰਸ ਹਸਪਤਾਲ ਪੰਚਕੂਲਾ ਦੇ ਫ਼ੈਸਿਲਿਟੀ ਡਾਇਰੈਕਟਰ ਡਾ. ਆਸ਼ੀਸ਼ ਚੱਢਾ ਨੇ ਕਿਹਾ, ''ਮੌਜੂਦਾ ਸਮੇਂ ਦੀ ਮੰਗ ਹੈ ਕਿ ਬਿਮਾਰੀਆਂ ਤੋਂ ਬਚਾਅ ਵਲ ਜ਼ਿਆਦਾ ਧਿਆਨ ਦਿਤਾ ਜਾਵੇ। ਇਸ 'ਚ ਸੀ.ਓ.ਪੀ.ਡੀ. ਅਤੇ ਹੋਰ ਫੇਫੜਿਆਂ ਨਾਲ ਸਬੰਧਤ ਬਿਮਾਰੀਆਂ ਅਤੇ ਇਨ੍ਹਾਂ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਫੈਲਾਉਣਾ ਸ਼ਾਮਲ ਹੈ। ਜਿਸ ਲਈ ਸੀ.ਓ.ਪੀ.ਡੀ. ਅਤੇ ਸਬੰਧਤ ਸਮੱਸਿਆਵਾਂ ਲਈ ਵੱਡੇ ਪੱਧਰ 'ਤੇ ਜਨਤਕ ਸਿੱਖਿਆ ਪ੍ਰੋਗਰਾਮ, ਵਰਕਸ਼ਾਪਾਂ ਅਤੇ ਸਲਾਹਕਾਰ ਸੈਸ਼ਨ ਚਲਾਉਣੇ ਚਾਹੀਦੇ ਹਨ।