- ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ 4-5 ਦਿਨਾਂ ‘ਚ ਕੰਮ ਹੋਵੇਗਾ ਮੁਕੰਮਲ
- ਆਉਂਦੇ ਸਮੇਂ ‘ਚ ਸ਼ਹਿਰ ਅੰਦਰ ਵੱਡੇ ਪੱਧਰ ‘ਤੇ ਹੋਣਗੇ ਵਿਕਾਸ ਕਾਰਜ
ਹੁਸ਼ਿਆਰਪੁਰ, 6 ਮਾਰਚ 2021 - ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਸਥਾਨਕ ਬੱਸ ਅੱਡੇ ਤੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਤੱਕ ਸੜਕ ਦੀ ਰੀਕਾਰਪੇਟਿੰਗ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਲੋਕਾਂ ਦੀਆਂ ਸਹੂਲਤਾਂ ਦੇ ਮੱਦੇਨਜਰ ਸ਼ਹਿਰ ਵਿੱਚ ਮਿਸਾਲੀਆ ਵਿਕਾਸ ਕਾਰਜ ਕਰਾਏ ਜਾਣਗੇ।
ਸ਼ਹਿਰ ਦੀ ਇਸ ਮੁੱਖ ਸੜਕ ‘ਤੇ ਕਰੀਬ 50 ਲੱਖ ਰੁਪਏ ਦੀ ਲਾਗਤ ਵਾਲੇ ਕੰਮ ਦੀ ਸ਼ੁਰੂਆਤ ਵੇਲੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਹ ਕੰਮ ਆਉਂਦੇ 4-5 ਦਿਨ ਵਿੱਚ ਮੁਕੰਮਲ ਕਰ ਲਿਆ ਜਾਵੇਗਾ ਜਿਸ ਨਾਲ ਸ਼ਹਿਰ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਅੰਦਰ ਵੱਖ-ਵੱਖ ਪ੍ਰਾਜੈਕਟ ਉਲੀਕੇ ਗਏ ਸਨ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕੰਮ ਮੁਕੰਮਲ ਹੋ ਗਏ ਹਨ ਅਤੇ ਰਹਿੰਦੇ ਪ੍ਰਾਜੈਕਟਾਂ ‘ਤੇ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਵਿਕਾਸ ਕਾਰਜਾਂ ਦੀ ਰਫ਼ਤਾਰ ਹੋਰ ਤੇਜ਼ੀ ਫੜੇਗੀ ਜਿਸ ਨਾਲ ਸ਼ਹਿਰ ਅੰਦਰ ਵੱਡੇ ਪੱਧਰ ‘ਤੇ ਲੋਕ ਪੱਖੀ ਕੰਮ ਨੇਪਰੇ ਚਾੜ੍ਹੇ ਜਾਣਗੇ । ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਲਗਭਗ ਸਾਰੇ ਵਾਰਡਾਂ ਵਿੱਚ ਸੜਕਾਂ-ਗਲ਼ੀਆਂ ਦੇ ਕੰਮ ਕਰਵਾਕੇ ਇਨ੍ਹਾਂ ਅੰਦਰੂਨੀ ਖੇਤਰਾਂ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਵਾਰਡਾਂ ਵਿੱਚ ਰਹਿੰਦੇ ਕੰਮ ਵੀ ਛੇਤੀਂ ਹੀ ਕਰਵਾਏ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਮਨਿੰਦਰ ਕੌਰ, ਕੌਂਸਲਰ ਅਨਮੋਲ ਜੈਨ, ਕਸ਼ਮੀਰ ਸਿੰਘ, ਮਨਜੀਤ ਸਿੰਘ, ਰੂਬੀ ਸਿੰਘ, ਨਵਦੀਪ ਸਿੰਘ, ਰਣਜੀਤ ਸਿੰਘ, ਅਮਿਤ ਸਹਿਗਲ, ਸੁਮਿਤ ਸ਼ਰਮਾ, ਸ਼ਰਨਜੀਤ ਕੌਰ, ਪ੍ਰਕਾਸ਼ ਕੌਰ, ਨਵਜੋਤ ਸਿੰਘ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ ਆਦਿ ਮੌਜੂਦ ਸਨ।