ਜਗਮੀਤ ਸਿੰਘ
ਭਿੱਖੀਵਿੰਡ, 6 ਮਾਰਚ 2021 -ਸ੍ਰੌਮਣੀ ਅਕਾਲੀ ਦਲ ਟਕਸਾਲੀ ਪੰਜਾਬ ਅੰਦਰ ਮਜ਼ਬੂਤ ਤੇ ਪ੍ਰਭਾਵਸ਼ਾਲੀ ਤੀਸਰੀ ਧਿਰ ਬਣਾਉਣ ਲਈ 21 ਮਾਰਚ ਨੂੰ ਮਾਝੇ ਦੇ ਤਰਨ ਤਾਰਨ ਜਿਲ੍ਹੇ
ਅੰਦਰ ਇਕ ਵਿਸ਼ਾਲ ਇਕੱਤਰਤਾ ਕਰਕੇ ਸ਼ੁਰੂਆਤ ਕਰੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਅੱਜ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਿਲਾ ਜਥੇਦਾਰ ਦਲਜੀਤ ਸਿੰਘ ਗਿੱਲ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਆਉਦੇ ਦਿਨਾ ਵਿਚ ਸ੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਸ੍ਰੌਮਣੀ ਅਕਾਲੀ ਦਲ ਡੈਮੋਕ੍ਰੇਟਿਕ ਸਮੇਤ ਆਮ ਆਦਮੀ ਪਾਰਟੀ ਸਮੇਤ ਹੋਰ ਹਮਖਿਆਲ ਪਾਰਟੀਆ ਦਰਮਿਆਨ ਸਾਂਝ ਬਣ ਰਹੀ ਹੈ, ਜਿਸ ਦੇ ਤਹਿਤ ਤੀਸਰੀ ਮਜਬੂਤ ਧਿਰ ਪੰਜਾਬ ਦੇ ਰਾਜਨੀਤਕ ਧਾਰਮਿਕ ਮਾਹੌਲ ਵਿਚ ਇਕ ਨਵਾਂ ਇਨਕਲਾਬ ਲਿਆਉਣ ਵਿਚ ਸਹਾਈ ਹੋਵੇਗਾ। ਕਰਨੈੈਲ ਸਿੰਘ ਪੀਰਮੁਹੰਮਦ ਨੇ ਪੱਤਰਕਾਰਾਂ ਦੇ ਸਵਾਲਾ ਦੇ ਜੁਆਬ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿਚ ਬਣੇ ਹਾਲਾਤ ਬੇਹੱਦ ਚਿੰਤਾਜਨਕ ਹਨ ਅਤੇ ਦੇਸ਼ ‘ਚ ਫੈਡਰਲ ਢਾਂਚਾ (ਸੂਬਿਆਂ ਨੂੰ ਵੱਧ ਅਧਿਕਾਰ) ਅਮਲ ‘ਚ ਨਾ ਆਉਣ ਕਰਕੇ ਚੁਣੇ ਹੋਏ ਪ੍ਰਤੀਨਿਧਾਂ ਦੇ ਤਾਨਾਸ਼ਾਹ ਦਾ ਬੁਰਕਾ ਪਾਉਣ ਨਾਲ ਲੋਕਤੰਤਰ ਦੇ ਤਾਕਤਵਾਰ ਥੰਮ ਵਿਧਾਨ ਸਭਾ, ਕਾਰਜਪਾਲਿਕਾ, ਨਿਆਪਾਲਿਕਾ, ਚੋਣ ਕਮਿਸ਼ਨ, ਮੀਡੀਆ, ਧਰਮ-ਨਿਰਪੱਖਤਾ ਕਮਜ਼ੋਰ ਪੈ ਗਈ ਹੈ। ਇਸ ਵੇਲੇ ਸਤਾਧਾਰੀਆਂ ਨੂੰ ਪੂੰਜੀਪਤੀ ਤੇ ਮਾਫੀਆ ਚਲਾ ਰਿਹਾ ਹੈ, ਜਿਸ ਕਾਰਨ ਲੋਟੂ ਟੋਲਾ ਚੰਮ ਦੀਆਂ ਚਲਾ ਰਿਹਾ ਹੈ।
ਉਹਨਾਂ ਕਿਹਾ ਕਿ ਪਾਰਟੀ ਦੇ ਸੁਪਰੀਮੋ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਇਸ ਵੇਲੇ ਸਭ ਤੋ ਭੱਖਦਾ ਮਸਲਾ ਕਿਸਾਨੀ ਦਾ ਹੈ ਤੇ 3 ਮਹੀਨਿਆਂ ਤੋਂ ਮੋਦੀ ਸਰਕਾਰ ਨੇ ਅੰਨਦਾਤੇ ‘ਤੇ ਕਹਿਰ ਦੀ ਸਰਦੀ ‘ਚ ਅਣ-ਮਨੁੱਖੀ ਤਸ਼ੱਦਦ ਕੀਤਾ, ਪਰ ਕਾਲੇ ਖੇਤੀ ਕਾਨੂੰਨ ਰੱਦ ਨਹੀ ਕੀਤੇ। ਜਿਸ ਕਾਰਨ ਕਿਸਾਨ ਹੋਰ ਕਰਜ਼ਾਈ ਹੋ ਗਿਆ ਜੋ ਘਰੋ-ਬਾਹਰ ਅੰਦੋਲਨ ਆਪਣੀ ਜਮੀਨਾਂ ਬਚਾਉਣ ਲਈ ਕਰ ਰਿਹਾ ਹੈ। ਪੀਰਮਹੁੰਮਦ ਨੇ ਆਖਿਆ ਕਿ ਪਹਿਲਾਂ 6 ਮਹੀਨੇ ਅੰਨਦਾਤਾ ਆਪਣੇ ਪਰਿਵਾਰਾਂ ਸਮੇਤ ਕੜਕ ਦੀ ਧੁੱਪ ਵਿਚ ਪੰਜਾਬ ਦੀਆਂ ਰੇਲ ਪਟੜੀਆਂ ਤੇ ਸੜਕਾਂ ‘ਤੇ ਰੁਲਦਾ ਰਿਹਾ, ਫਿਰ ਸਰਕਾਰੀ ਤੰਤਰ ਦੀਆਂ ਰੁਕਵਾਟਾਂ ਨੂੰ ਪਾਰ ਕਰਨ ਲਈ ਅਨੇਕਾਂ ਤਸੀਹੇ ਝੱਲੇ। ਉਨਾ ਹੈਰਾਨੀ ਪ੍ਰਗਟਾਈ ਕਿ ਕਿਸਾਨੀ ਘੋਲ ਚ ਕਰੀਬ 200 ਤੋ ਵੱਧ ਕਿਸਾਨ, ਮਜਦੂਰ ਸ਼ਹੀਦ ਹੋ ਗਏ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਵੇਦਨਸ਼ੀਲ ਮਸਲੇ ਤੇ ਚੁੱਪ ਹਨ, ਜਿਸ ਦੀ ਉਹ ਸਖਤ ਸ਼ਬਧਾਂ ਚ ਨਿਖੇਧੀ ਕਰਦੇ ਹਨ, ਜਦਕਿ ਬਾਹਰਲੇ ਦੇਸ਼ਾਂ ਚ ਕੋਈ ਵੀ ਹਿੰਸਕ ਘਟਨਾ ਵਾਪਰਦੀ ਹੈ ਤਾਂ ਮੋਦੀ ਦਾ ਬਿਆਨ ਸਭ ਤੋਂ ਪਹਿਲਾ ਆਉਦਾ ਹੈ।
ਪੀਰਮੁਹੰਮਦ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਹਰ ਸਾਹ ਕਿਸਾਨੀ ਘੋਲ ਲੇਖੇ ਹੈ। ਸਿੱਖ ਕਿਸਾਨਾਂ ‘ਤੇ ਪੁਲਿਸ ਨੇ ਤਸ਼ੱਦਦ ਕਰਕੇ ਅਪਰਾਧੀ ਪਰਚੇ ਦਰਜ ਕਰਕੇ ਤਿਹਾੜ ਜੇਲ ਵਿਚ ਬੰਦ ਕੀਤੇ ਹਨ ਅਤੇ ਸੱਤਾ ਦੇ ਜੋਰ ਨਾਲ ਗੈਰਭਾਜਪਾਈ ਸਰਕਾਰਾਂ ਤੇ ਪਾਰਟੀਆਂ ਨੂੰ ਨੁੱਕਰੇ ਲਾਇਆ ਜਾ ਰਿਹਾ ਹੈ, ਇਕ ਸਾਜਿਸ਼ ਤਹਿਤ ਘੱਟ-ਗਿਣਤੀਆਂ ਨੂੰ ਉਠਣ ਨਹੀ ਦਿੱਤਾ ਜਾ ਰਿਹਾ। ਉਹਨਾ ਦੋਸ਼ ਲਾਇਆ ਕਿ ਮੋਦੀ ਤੇ ਭਾਜਪਾ ਲੀਡਰਸ਼ਿਪ ਦਾ ਇਕੋ-ਇਕ ਨਿਸ਼ਾਨਾ ਪੂੰਜੀਪਤੀਆਂ ਨੂੰ ਹੋਰ ਮਾਲੋ-ਮਾਲ ਕਰਕੇ ਭਾਰਤ ਨੂੰ ਭੰਗਵਾ ਰੂਪ ਦੇਣਾ ਹੈ ਅਤੇ ਦੇਸ਼ ਨੂੰ ਕਮਜੋਰ ਕਰਨਾ ਹੈ। ਸਿੱਖ ਮਸਲਿਆਂ ਦੀ ਚਰਚਾ ਕਰਦਿਆਂ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇੇਟੀ ਦੀਆਂ ਚੋਣਾਂ ਪੰਜਾਬ ਸਰਕਾਰ ਨਹੀਂ ਕਰਵਾ ਰਹੀ, ਇਸ ਕਾਰਨ ਸਿੱਖਾਂ ‘ਚ ਰੋਹ ਹੈ। ਪੰਜਾਬੀ ਸੂਬਾ ਬਣਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਚੋਣ ਕਦੇ ਵੀ ਸਮੇ ਸਿਰ ਨਹੀ ਹੋਈ, ਜਦ ਕਿ ਇਸ ਦੀ ਚੋਣ ਵੀ ਪੰਚਾਇਤਾਂ, ਨਿਗਮਾਂ, ਵਿਧਾਨ ਸਭਾਵਾਂ ਤੇ ਲੋਕ ਸਭਾ ਵਾਂਗ ਪੰਜ ਸਾਲ ਤੇ ਨਿਸ਼ਚਿਤ ਸਮੇਂ ਹੋਣੀਆਂ ਚਾਹੀਦੀਆਂ ਹਨ।
ਕਰਨੈਲ ਸਿੰਘ ਪੀਰਮਹੰੁਮਦ ਨੇ ਇਹ ਵੀ ਕਿਹਾ ਕਿ ਚੰਡੀਗੜ ਪੰਜਾਬ ਨੂੰ ਨਹੀ ਦਿੱਤਾ ਗਿਆ, ਜਾਣ-ਬੁਝ ਕੇ ਸ਼੍ਰੀ ਨਨਕਾਣਾ ਸਾਹਿਬ ਸਿੱਖਾਂ ਨੂੰ ਜਾਣ ਨਹੀ ਦਿੱਤਾ ਗਿਆ, ਪੰਜਾਬੀ
ਜੁਬਾਨ ਨਾਲ ਵਿਤਕਰਾ ਕੀਤਾ ਜਾ ਰਿਹਾ, ਸਾਕਾ ਨੀਲਾ ਤਾਰਾ ਦੇ ਦੋਸ਼ੀ ਅੱਜ ਵੀ ਘੁੰਮ ਰਹੇ ਹਨ, ਪੀੜਤਾਂ ਨੂੰ ਢੁਕਵਾ ਮੁਆਵਜਾ ਨਹੀ ਮਿਲਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ, ਮਹਿੰਗਾਈ ਨੇ ਗਰੀਬ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ, ਤੇਲ ਦੀਆਂ ਕੀਮਤਾਂ ਵਧਣ ਨਾਲ ਮਿਹਨਤਕਸ਼ਾਂ ਦਾ ਬਜਟ ਹਿੱਲ ਗਿਆ, ਐਸਵਾਈਐਲ ਨਹਿਰ ਦਾ ਮਸਲਾ ਜਿਉ ਦਾ ਤਿਉ ਹੈ, ਦਰਿਆਈ ਪਾਣੀਆਂ ਦੀ ਕਾਣੀ ਵੰਡ ਕੀਤੀ ਗਈ, ਨਸ਼ਾਖੋਰੀ ਚਰਮ ਸੀਮਾ ‘ਤੇ ਹੈ। ਉਹਨਾ ਦੋਸ਼ ਲਾਇਆ ਕਿ ਕਾਲੇ ਖੇਤੀ ਕਾਨੂੰਨਾਂ ਲਈ ਹਰਸਿਮਰਤ ਕੌਰ ਬਾਦਲ ਸਾਬਕਾ ਵਜੀਰ ਗੁਨਾਹਗਾਰ ਹੈ, ਜਿਸ ਨੇ ਕੇਦਰੀ ਕੈਬਨਿਟ ‘ਚ ਹਾਮੀ ਭਰੀ ਸੀ, ਜਿਸ ਦਾ ਖਮਿਆਜਾ ਪੰਜਾਬ ਤੇ ਦੇਸ਼ ਨੂੰ ਭੁਗਤਣਾ ਪੈ ਰਿਹਾ ਹੈ। ਜਦੋਂਕਿ ਬਾਦਲ ਪਰਿਵਾਰ ਨੂੰ ਲੋਕਾਂ ਬਹੁਤ ਪਿਆਰ ਦਿੱਤਾ, ਪਰ ਉਹਨਾ ਪੰਜਾਬ ਦੀ ਜੱਖਣਾ ਪੁੱਟ ਦਿੱਤੀ, ਜਿਨਾ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ, ਉਹ ਕਿਸੇ ਨੇ ਨਹੀ ਕੀਤਾ ਅਤੇ ਸਿੱਖੀ ਸਿਧਾਂਤ ਚ ਧਰਮ, ਸਿਆਸਤ ਤੋਂ ਉਪਰ ਹੈ, ਪਰ ਇਸ ਪਰਿਵਾਰ ਨੇ ਧਰਮ ਨੂੰ ਸਿਆਸਤ ਹੇਠਾਂ ਕੀਤਾ, ਜਿਸ ਦੀ ਮਿਸਾਲ ਜਥੇਦਾਰਾਂ ਨੂੰ ਚੰਡੀਗੜ ਸਰਕਾਰੀ ਕੋਠੀ ਸੱਦ ਕੇ ਸੋਦਾ-ਸਾਧ ਨੂੰ ਬਿਨਾ ਮੰਗਿਆ ਮੁਆਫੀ ਦੇਣਾ ਹੈ।
ਉਹਨਾ ਪੰਜਾਬ ਸਰਕਾਰ ਨੂੰ ਜੋਰ ਦਿੱਤਾ ਕਿ ਉਹ ਕੀਤੇ ਵਾਅਦੇ ਪੂਰੇ ਕਰਕੇ ਕਿਸਾਨੀ ਕਰਜਾ ਮੁਆਫ ਕਰੇ, ਘਰ-ਘਰ ਰੁਜਗਾਰ ਦੇਵੇ ਅਤੇ ਚੋਣ ਮੈਨੀਫੈਸਟੋ ਇਨ-ਬਿਨ ਲਾਗੂ ਕਰਕੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ, ਨਹੀਂ ਤਾਂ 2022 ਦੀਆਂ ਚੋਣਾਂ ‘ਚ ਲੋਕਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਕਰਨੈਲ ਸਿੰਘ ਪੀਰ ਮੁਹੰਮਦ ਕਿਹਾ ਕਿ ਸਾਡੀ ਪਾਰਟੀ ਜਥੇਬੰਦਕ ਪੱਧਰ ‘ਤੇ ਸਰਗਰਮ ਹੋਵੇਗੀ ਅਤੇ ਜਿਲ੍ਹਾ ਪੱਧਰ ‘ਤੇ ਲੋਕਾਂ ਨੂੰ ਇਕੱਠਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ 21 ਮਾਰਚ ਨੂੰ ਤਰਨਤਾਰਨ ਜਿਲੇ ਅੰਦਰ ਸ੍ਰੌਮਣੀ ਅਕਾਲੀ ਦਲ ਟਕਸਾਲੀ ਵਿਸਾਲ ਇੱਕਤਰਤਾ ਕਰਕੇ ਪੰਜਾਬ ਦੇ ਰਾਜਨੀਤਕ ਮਾਹੌਲ ਵਿਚ ਨਵੀ ਦਿਸ਼ਾ ਪ੍ਰਦਾਨ ਕਰੇਗਾ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ, ਹੋਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸਨ ਸਿੰਘ ਘੋਲੀਆ, ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਿੱਲ, ਬੂਟਾ ਸਿੰਘ ਭੁੱਲਰ ਆਦਿ ਹਾਜਰ ਸਨ।