ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 7 ਮਾਰਚ 2021-ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਅੰਦਰ ਵਹੀਕਲ ਚੋਰੀ ਦੀਆਂ ਚੱਲ ਰਹੀਆਂ ਘਟਨਾਵਾਂ ਨੇ ਹੁਣ ਜੋਰ ਫੜ੍ਹ ਲਿਆ ਹੈ। ਸ਼ਹਿਰ ਅੰਦਰ ਥਾਂ-ਥਾਂ ’ਤੇ ਲਾਕ ਕੀਤੇ ਗਏ ਵਹੀਕਲਾਂ ਨੂੰ ਚੋਰਾਂ ਵੱਲੋਂ ਚਿੱਟੇ ਦਿਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦੋਂਕਿ ਅਜਿਹੇ ਸਮੇਂ ’ਚ ਪੁਲਸ ਪ੍ਰਸ਼ਾਸ਼ਨ ਦੇ ਸੁਰੱਖਿਆ ਪ੍ਰਬੰਧ ਵੀ ਸਵਾਲਾਂ ਦੇ ਘੇਰੇ ’ਚ ਆਉਣ ਲੱਗੇ ਹਨ। ਸ਼ਹਿਰ ਅੰਦਰ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਸੜਕਾਂ, ਪਾਰਕਿੰਗਾਂ ਜਾਂ ਹੋਰ ਪਬਲਿਕ ਥਾਵਾਂ ’ਤੇ ਖੜ੍ਹੇ ਵਹੀਕਲ ਪਲਾਂ ’ਚ ਹੀ ਚੋਰਾਂ ਵੱਲੋਂ ਚੋਰੀ ਕੀਤੇ ਜਾ ਰਹੇ ਹਨ, ਜਦੋਂਕਿ ਅਜਿਹੇ ਵਿਚ ਸੁਰੱਖਿਆ ਦਾ ਦਾਅਵਾ ਕਰਨ ਵਾਲਾ ਪੁਲਸ ਪ੍ਰਸ਼ਾਸ਼ਨ ਅਜਿਹੇ ਅਨਸਰਾਂ ’ਤੇ ਲਗਾਮ ਲਗਾਉਣ ’ਚ ਨਾਕਾਮ ਵਾਂਗ ਹੀ ਸਾਬਿਤ ਹੋ ਰਿਹਾ ਹੈ। ਅਜਿਹੇ ਹੀ ਦੋ ਹੋਰ ਮਾਮਲੇ ਸ਼ਹਿਰ ਅੰਦਰ ਵਾਪਰੇ ਹਨ, ਜਿੰਨਾਂ ਵਿਚ ਇੱਕ ਮਾਮਲਾ ਸ੍ਰੀ ਦਰਬਾਰ ਸਾਹਿਬ ਗੇਟ ਨੰਬਰ 1 ਤੇ ਦੂਜਾ ਮਾਮਲਾ ਅਬੋਹਰ ਰੋਡ ਤੋਂ ਹੈ, ਜਿੱਥੇ ਚੋਰ ਗਿਰੋਹ ਵੱਲੋਂ ਇੱਕ ਮੋਟਰਸਾਇਕਲ ਤੇ ਸਕੂਟਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸ੍ਰੀ ਦਰਬਾਰ ਸਾਹਿਬ ਗੇਟ ਨੰਬਰ 1 ਕੋਲ ਦੁਕਾਨ ਦੇ ਬਾਹਰ ਖੜ੍ਹਾ ਮੋਟਰਸਾਇਕਲ ਚੋਰੀ ਹੋਇਆ ਹੈ।
ਥਾਣਾ ਸਿਟੀ ਵਿਖੇ ਦਰਜ ਕਰਾਈ ਸ਼ਿਕਾਇਤ ’ਚ ਜ਼ਿਲੇ ਦੇ ਪਿੰਡ ਭੰਗਚੜੀ ਵਾਸੀ ਹਰਕ੍ਰਿਸਨ ਸਿੰਘ ਪੁੱਤਰ ਰਣਜੀਤ ਸਿੰਘ ਨੇ ਦੱਸਿਆ ਹੈ ਕਿ 3 ਮਾਰਚ ਦੇ ਦਿਨ ਉਸਨੇ ਆਪਣਾ ਬਜਾਜ ਸੀਟੀ ਨੀਲਾ ਰੰਗ ਮੋਟਰਸਾਇਕਲ ਸ੍ਰੀ ਦਰਬਾਰ ਸਾਹਿਬ ਗੇਟ ਨੰਬਰ 1 ਕੋਲ ਇੱਕ ਗਲੀ ’ਚ ਖੜ੍ਹਾ ਕੀਤਾ ਸੀ ਤੇ ਜਦੋਂ ਉਸਨੇ ਬਾਹਰ ਆ ਕੇ ਵੇਖਿਆ ਤਾਂ ਉਥੋਂ ਮੋਟਰਸਾਇਕਲ ਚੋਰੀ ਸੀ, ਜਿਸਦੀ ਕਾਫ਼ੀ ਤਲਾਸ਼ ਕੀਤੀ, ਪਰ ਕਿਤੋਂ ਮੋਟਰਸਾਇਕਲ ਬਾਰੇ ਉਗ ਸੁੱਘ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਮੋਟਰਸਾਇਕਲ ਦੀ ਕੀਮਤ ਕਰੀਬ 30 ਹਜ਼ਾਰ ਰੁਪਏ ਸੀ, ਜਿਸਨੂੰ ਕਿਸੇ ਅਣਪਛਾਤੇ ਵੱਲੋਂ ਚੋਰੀ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਤੋਂ ਬਾਅਦ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜਾ ਮਾਮਲਾ ਅਬੋਹਰ ਰੋਡ ਤੋਂ ਹੈ, ਜਿੱਥੇ ਚਿੱਟੇ ਦਿਨ ਇੱਕ ਚੋਰ ਨੇ ਸਕੂਟਰੀ ’ਤੇ ਹੱਥ ਸਾਫ਼ ਕਰ ਦਿੱਤਾ ਹੈ। ਐਕਟਿਵਾ ਸਕੂਟਰੀ, ਜਿਸਦਾ ਨੰਬਰ ਪੀਬੀ 30ਜੀ 4632 ਰੰਗ ਚਿੱਟਾ ਹੈ, ਸ਼ਾਮ ਚਾਰ ਵਜੇ ਚੋਰ ਨੇ ਚੋਰੀ ਕੀਤੀ, ਜਿਸਦੀ ਵੀਡਿਓ ਸੀਸੀਟੀਵੀ ਕੈਮਰੇ ’ਚ ਕੈਦ ਹੈ, ਜਿਸ ਵਿਚ ਚੋਰ ਸ਼ਰ੍ਹੇਆਮ ਸਕੂਟਰੀ ਚੋਰੀ ਕਰ ਰਿਹਾ ਹੈ। ਉਧਰ ਸ਼ਹਿਰ ਅੰਦਰ ਨਿੱਤ ਰੋਜ਼ ਅਜਿਹੀਆਂ ਘਟਨਾਵਾਂ ਵਾਪਰਨ ਨਾਲ ਲੋਕਾਂ ਅੰਦਰ ਖੌਫ਼ ਪਾਇਆ ਜਾਣ ਲੱਗਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜ਼ਿਲਾ ਪੁਲਸ ਵੱਲੋਂ ਭਾਵੇਂ ਲੋਕਾਂ ਦੀ ਸੁਰੱਖਿਆ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ, ਪਰ ਅਸਲ ਵਿਚ ਪੁਲਸ ਜਾਂ ਤਾਂ ਲਾਪਰਵਾਹੀ ਵਰਤ ਰਹੀ ਹੈ ਜਾਂ ਫ਼ਿਰ ਅਜਿਹੇ ਸ਼ਾਤਿਰ ਲੋਕ ਪੁਲਸ ਤੋਂ ਵੀ ਵੱਧ ਚਲਾਕ ਹਨ।