ਧਾਰਮਿਕ ਸਥਾਨਾਂ ਤੇ ਨਤਮਸਤਕ ਹੋਕੇ ਗਿੱਲ ਨੇ ਬਠਿੰਡਾ ’ਚ ਠੋਕੀ ਸਿਆਸੀ ਤਾਲ
ਅਸ਼ੋਕ ਵਰਮਾ
ਬਠਿੰਡਾ,15 ਸਤੰਬਰ 2021: ਆਮ ਆਦਮੀ ਪਾਰਟੀ ਵੱਲੋਂ ਮੰਗਲਵਾਰ ਨੂੰ ਬਠਿੰਡਾ ਸ਼ਹਿਰੀ ਹਲਕੇ ਦੇ ਨਿਯੁਕਤ ਕੀਤੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਨੇ ਅੱਜ ਵੱਡੇ ਇਕੱਠ ਨਾਲ ਸ਼ਹਿਰ ਦੇ ਵੱਖ ਵੱਖ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਕੇ ਆਪਣੀ ਨਵੀਂ ਸਿਆਸੀ ਤਾਲ ਠੋਕ ਦਿੱਤੀ ਹੈ। ਪਿਛਲੇ ਕਾਫੀ ਸਮੇਂ ਤੋਂ ਸ਼ਹਿਰੀ ਹਲਕਾ ਆਮ ਆਦਮੀ ਪਾਰਟੀ ਦੀਆਂ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਸਿਆਸੀ ਸਰਗਰਮੀਆਂ ਦੀ ਰਾਹ ਤੱਕ ਰਿਹਾ ਸੀ। ਅੱਜ ਸ੍ਰੀ ਗਿੱਲ ਕਿਲਾ ਮੁਬਾਰਕ ਵਿਖੇ ਸਥਿਤ ਗੁਰੂ ਘਰ ’ਚ ਨਤਮਸਤਕ ਹੋਏ ਅਤੇ ਆਪਣੇ ਨਵੇਂ ਸਫਰ ਲਈ ਅਰਦਾਸ ਕੀਤੀ। ਇਸੇ ਤਰਾਂ ਹੀ ਅੱਜ ਉਨ੍ਹਾਂ ਬਠਿੰਡਾ ਦੇ ਪ੍ਰਾਚੀਨ ਹਨੂੰਮਾਨ ਮੰਦਰ ਵਿੱਚ ਵੀ ਮੱਥਾ ਟੇਕਿਆ ਅਤੇ ਆਸ਼ੀਰਵਾਦ ਹਾਸਲ ਕੀਤਾ। ਅੱਜ ਉਨ੍ਹਾਂ ਦੇ ਨਾਲ ਸ਼ਹਿਰੀ ਹਲਕੇ ਦੇ ਜਿਲ੍ਹਾ ਪ੍ਰਧਾਨ ਨੀਲ ਗਰਗ, ਜਿਲ੍ਹਾ ਮੀਤ ਪ੍ਰਧਾਨ ਅੰਮ੍ਰਿਤ ਅਗਰਵਾਲ, ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਰਾਜਨ ਅਤੇ ਹੋਰ ਵੀ ਕਾਫੀ ਗਿਣਤੀ ’ਚ ਆਗੂ ਹਾਜਰ ਸਨ।
ਅੱਜ ਸ਼ਹਿਰ ਦੇ ਵੱਡੀ ਗਿਣਤੀ ਆਪ ਆਗੂਆਂ ਨੇ ਸੋਸ਼ਲ ਮੀਡੀਆ ਰਾਹੀਂ ਜਾਂ ਨਿੱਜੀ ਤੌਰ ਤੇ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨਾਲ ਯਕਜਹਿਤੀ ਦਾ ਪ੍ਰਗਟਾਵਾ ਕੀਤਾ। ਉਂਜ ਅੱਜ ਹਲਕੇ ’ਚ ਖੁਦ ਨੂੰ ਅਗਲੇ ਉਮੀਦਵਾਰ ਵਜੋਂ ਦਾਅਵਾ ਕਰ ਰਹੇ ਪਾਰਟੀ ਦੇ ਸੂਬਾ ਬੁਲਾਰੇ ਅਤੇ ਲੀਗਲ ਸੈਲ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਤੋਂ ਇਲਾਵਾ ਵਪਾਰ ਵਿੰਗ ਦੇ ਸੂਬਾ ਆਗੂ ਅਨਿਲ ਠਾਕੁਰ ਬਠਿੰਡਾ ਗੈਰ ਹਾਜ਼ਰ ਸਨ। ਇਸ ਮਾਮਲੇ ਸਬੰਧੀ ਨਵਦੀਪ ਜੀਦਾ ਨੇ ਤਾਂ ਫੋਨ ਨਹੀਂ ਚੁੱਕਿਆ ਪਰ ਅਨਿਲ ਠਾਕੁਰ ਦਾ ਕਹਿਣਾ ਸੀ ਕਿ ਉਹ ਆਪਣੇ ਨਾਂ ਟਾਲੇ ਜਾ ਸਕਣ ਵਾਲੇ ਰੁਝੇਵਿਆਂ ਕਾਰਨ ਰਾਜਸਥਾਨ ਗਏ ਹੋਏ ਹਨ। ਉਨ੍ਹਾਂ ਆਖਿਆ ਕਿ ਉਹ ਪਾਰਟੀ ਦੇ ਫੈਸਲੇ ਦੇ ਪੂਰੀ ਤਰਾਂ ਨਾਲ ਹਨ ਅਤੇ ਕਿਸੇ ਵੀ ਕਿਸਮ ਦੀ ਨਰਾਜ਼ਗੀ ਨਹੀਂ ਹੈ। ਸ੍ਰੀ ਗਿੱਲ ਨੇ ਦੱਸਿਆ ਕਿ ਐਡਵੋਕੇਟ ਜੀਦਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਅੱਜ ਦੇ ਪ੍ਰੋਗਰਾਮ ’ਚ ਆਉਣ ਲਈ ਕਿਹਾ ਸੀ ,ਸ਼ਾਇਦ ਉਹ ਕਿਸੇ ਰੁਝੇਵੇਂ ਕਾਰਨ ਨਹੀਂ ਆ ਸਕੇ।
ਦੱਸਣਯੋਗ ਹੈ ਕਿ ਨਗਰ ਨਿਗਮ ਚੋਣਾਂ ਤੱਕ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਟਕਾਸਲੀ ਕਾਂਗਰਸੀ ਜਗਰੂਪ ਗਿੱਲ ਇਸ ਮੁਕਾਮ ਤੇ ਪੁੱਜ ਜਾਣਗੇ। ਪੀਪਲਜ਼ ਪਾਰਟੀ ’ਚ ਹੁੰਦਿਆਂ ਸਾਬਕਾ ਅਕਾਲੀ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਸੰਸਦੀ ਹਲਕਾ ਬਠਿੰਡਾ ਤੋਂ ਆਪਣੀ ਭਰਜਾਈ ਹਰਸਿਮਰਤ ਕੌਰ ਬਾਦਲ ਖਿਲਾਫ ਚੋਣ ਲੜੀ ਸੀ ਤਾਂ ਗਿੱਲ ਨੇ ਇਸ ਮੌਕੇ ਆਪਣਾ ਅਹਿਮ ਯੋਗਦਾਨ ਪਾਇਆ ਸੀ। ਇੰਨ੍ਹਾਂ ਚੋਣਾਂ ’ਚ ਮਨਪ੍ਰੀਤ ਬਾਦਲ ਬੇਸ਼ੱਕ ਹਾਰ ਗਏ ਸਨ ਪਰ ਉਨ੍ਹਾਂ ਨੇ ਬੀਬੀ ਬਾਦਲ ਨੂੰ ਤਕਰੀਬਨ 30 ਹਜਾਰ ਵੋਟਾਂ ’ਚ ਪਛਾੜ ਦਿੱਤਾ ਸੀ। ਇਸੇ ਤਰਾਂ ਹੀ ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਗਿੱਲ ਨੇ ਮਨਪ੍ਰੀਤ ਬਾਦਲ ਦੇ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜੀ ਤਾਂ ਕਾਂਗਰਸ 19 ਹਜਾਰ ਦੇ ਕਰੀਬ ਵੋਟਾਂ ਨਾਲ ਜਿੱਤੀ ਅਤੇ ਮਨਪ੍ਰੀਤ ਬਾਦਲ ਨੂੰ ਵਿੱਤ ਮੰਤਰੀ ਦਾ ਅਹੁਦਾ ਮਿਲਿਆ ਸੀ।
ਉਸ ਤੋਂ ਬਾਅਦ ਵੀ ਸ਼ਹਿਰੀ ਹਲਕੇ ਦੀਆਂ ਸਿਆਸੀ ਸਰਗਰਮੀਆਂ ’ਚ ਜਗਰੂਪ ਗਿੱਲ ਹਮੇਸ਼ਾ ਹੀ ਵਿੱਤ ਮੰਤਰੀ ਦੇ ਨਾਲ ਵਿਚਰਦੇ ਦਿਖਾਈ ਦਿੰਦੇ ਸਨ। ਉਨ੍ਹਾਂ ਦੇ ਸਿਆਸੀ ਕੱਦ ਨੂੰ ਦੇਖਦਿਆਂ ਵਿੱਤ ਮੰਤਰੀ ਨੇ ਉਨ੍ਹਾਂ ਨੂੰ ਜਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਵੀ ਨਿਯੁਕਤ ਕਰਵਾਇਆ ਸੀ। ਜਦੋਂ ਉਨ੍ਹਾਂ ਅਸਤੀਫਾ ਦੇਕੇ ਨਗਰ ਨਿਗਮ ਦੀ ਚੋਣ ਲੜੀ ਸੀ ਤਾਂ ਇਸ ਦੌਰਾਨ ਵੀ ਜਗਰੂਪ ਗਿੱਲ ਨੂੰ ਬਠਿੰਡਾ ’ਚ ਮੇਅਰ ਦਾ ਚਿਹਰਾ ਹੀ ਮੰਨਿਆ ਜਾਂਦਾ ਸੀ । ਕਾਂਗਰਸ ਦੀ ਮੁਕਾਮੀ ਲੀਡਰਸ਼ਿਪ ਨੇ ਜਿਸ ਤਰਾਂ ਇੱਕ ਸਧਾਰਨ ਘਰੇਲੂ ਔਰਤ ਰਮਨ ਗੋਇਲ ਨੂੰ ਮੇਅਰ ਬਣਾਇਆ ਤਾਂ ਜਗਰੂਪ ਗਿੱਲ ਦੇ ਰਾਹ ਵੱਖਰੇ ਕਰ ਲਏ। ਹਾਲਾਂਕਿ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਉਮੀਦਵਾਰ ਐਲਾਨਣ ਤੋਂ ਸਿਵਾਏ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਆਫੀਸ਼ੀਅਲ ਐਲਾਨ ਤਾਂ ਨਹੀਂ ਕੀਤਾ ਪਰ ਅੱਜ ਸ਼ਹਿਰੀ ਹਲਕੇ ’ਚ ਚਰਚਾ ਰਹੀ ਕਿ ਐਤਕੀਂ ਗਿੱਲ ਦਾ ਅਗਲਾ ਭੇੜ ਮਨਪ੍ਰੀਤ ਬਾਦਲ ਅਤੇ ਸਰੂਪ ਸਿੰਗਲਾ ਨਾਲ ਹੋ ਸਕਦਾ ਹੈ।
ਪ੍ਰਮਾਤਮਾਂ ਤੋਂ ਸਮਰੱਥਾ ਮੰਗੀ: ਜਗਰੂਪ ਗਿੱਲ
ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ ਹਲਕੇ ਦੇ ਇੰਚਾਰਜ ਜਗਰੂਪ ਸਿੰਘ ਗਿੱਲ ਦਾ ਕਹਿਣਾ ਸੀ ਕਿ ਪਾਰਟੀ ਨੇ ਜੋ ਜਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਪਾਰਟੀ ਦੀ ਏਕਤਾ ਲਈ ਪ੍ਰਮਾਤਮਾਂ ਤੋਂ ਵਿਵੇਕ,ਬੁੱਧੀ ਅਤੇ ਸਮਰੱਥਾ ਦੇਣ ਲਈ ਅਰਦਾਸ ਕੀਤੀ ਹੈ। ਉਨ੍ਹਾਂ ਆਖਿਆ ਕਿ ਪਾਰਟੀ ਨੇ ਉਨ੍ਹਾਂ ਤੇ ਵਿਸ਼ਵਾਸ਼ ਜਤਾਇਆ ਹੈ ਉਸ ਲਈ ਉਹ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਸਮੁੱਚੀ ਕੇਂਦਰੀ ਅਤੇ ਸੂਬਾ ਲੀਡਰਸ਼ਿਪ ਦੇ ਧੰਨਵਾਦੀ ਹਨ। ਉਨ੍ਹਾਂ ਆਖਿਆ ਕਿ ਉਹ ਸਥਾਨਕ ਆਗੂਆਂ ਅਤੇ ਵਲੰਟੀਅਰਾਂ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਦੀਆਂ ਦੇ ਨੀਤੀ ਪ੍ਰੋਗਰਾਮ ਘਰ ਘਰ ਪਹੁੰਚਾਉਣ ਲਈ ਆਪਣਾ ਪੂਰਾ ਤਾਣ ਲਾ ਦੇਣਗੇ।