ਹੁਸ਼ਿਆਰਪੁਰ: 17 ਸਤੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ’ਚ ਲੱਗੇਗਾ ਚੌਥਾ ਮੈਗਾ ਰੋਜ਼ਗਾਰ ਮੇਲਾ
- ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਮੈਗਾ ਰੋਜ਼ਗਾਰ ਮੇਲੇ ਦਾ ਲਾਭ ਉਠਾਉਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 15 ਸਤੰਬਰ 2021 - ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਭਿਆਨ ਤਹਿਤ ਚੌਥਾ ਮੈਗਾ ਰੋਜ਼ਗਾਰ ਮੇਲਾ 17 ਸਤੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਚ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿਚ ਜ਼ਿਲ੍ਹੇ ਦੀਆਂ ਨਾਮੀ ਕੰਪਨੀਆਂ ਜਿਨ੍ਹਾਂ ਵਿਚ ਸੋਨਾਲੀਕਾ ਟਰੈਕਟਰਜ਼, ਊਸ਼ਾ ਮਾਰਟਨ, ਲੂਮੀਨਸ ਗਗਰੇਟ, ਹੈਵਲਜ਼ ਬੱਦੀ, ਟੀ.ਡੀ.ਐਸ. ਪ੍ਰਾਈਵੇਟ ਲਿਮਟਡ ਲੁਧਿਆਨ, ਏਸ਼ੀਅਨ ਟਾਇਰਜ਼ ਜਲੰਧਰ, ਐਲ.ਆਈ.ਸੀ. ਇੰਡੀਆ, ਸ਼ਿਵਮ ਹਸਪਤਾਲ, ਅਮਨ ਹਸਪਤਾਲ, ਪਟੇਲ ਹਸਪਤਾਲ, ਕੈਪੀਟਲ ਹਸਪਤਾਲ ਜਲੰਧਰ, ਵਿਨਕਾਂਸ ਐਕਸਪਰਟ ਇੰਡੀਆ ਪ੍ਰਾਈਵੇਟ ਲਿਮਟਡ ਤੋਂ ਇਲਾਵਾ ਹੈਲਥ ਕੇਅਰ ਸੈਕਟਰ ਦੀ ਨਾਮੀ ਮਲਟੀਨੈਸ਼ਨਲ ਕੰਪਨੀਆਂ ਵਲੋਂ ਹਿੱਸਾ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿਚ ਜ਼ਿਲ੍ਹੇ ਦੇ ਨਾਮੀ ਪ੍ਰਾਈਵੇਟ ਸਕੂਲ ਜਿਨ੍ਹਾਂ ਵਿਚ ਜੈਮਜ਼ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਲੋਂ ਗਰੈਜੂਏਟ, ਪੋਸਟ ਗਰੈਜੂਏਟ ਅਤੇ ਬੀ.ਐਡ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀ ਇੰਡਸਟਰੀਜ਼ ਵਲੋਂ ਅਪ੍ਰੈਂਟਿਸਸ਼ਿਪ ਦੀਆਂ ਖਾਲੀ ਪਈਆਂ ਆਸਾਮੀਆਂ ਨੂੰ ਭਰਨ ਲਈ ਆਈ.ਟੀ.ਆਈ. ਪਾਸ ਨੌਜਵਾਨਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੈਗਾ ਰੋਜ਼ਗਾਰ ਮੇਲੇ ਵਿਚ 8ਵੀਂ ਤੋਂ ਲੈ ਕੇ ਗਰੈਜੂਏਟ, ਪੋਸਟ ਗਰੈਜੂਏਟ, ਡਿਪਲੋਮਾ, ਆਈ.ਟੀ.ਆਈ., ਸਕਿੱਲ ਕੋਰਸ, ਜੀ.ਡੀ.ਏ., ਨਰਸਿੰਗ ਕੋਰਸ ਵਾਲੇ ਪੜ੍ਹੇ ਲਿਖੇ ਨੌਜਵਾਨ ਆਪਣਾ ਬਾਇਓਡਾਟਾ ਤੇ ਸਰਟੀਫਿਕੇਟ ਲੈ ਕੇ ਇੰਟਰਵਿਊ ਵਿਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਰੋਜ਼ਗਾਰ ਮੇਲੇ ਦਾ ਫਾਇਦਾ ਜ਼ਰੂਰ ਉਠਾਉਣ।