ਕੈਪਟਨ ਅਮਰਿੰਦਰ ਸਰਕਾਰ ਨੇ ਯੋਜਨਾਬੱਧ ਤਰੀਕੇ ਨਾਲ ਪੰਜਾਬੀ ਯੂਨੀਵਰਸਿਟੀ ਤਬਾਹ ਕੀਤੀ : ਐਨ. ਕੇ. ਸ਼ਰਮਾ
ਜਗਤਾਰ ਸਿੰਘ
ਪਟਿਆਲਾ, 15 ਸਤੰਬਰ 2021: ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਯੋਜਨਾਬੱਧ ਤਰੀਕੇ ਨਾਲ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਬਣਾਈ ਪੰਜਾਬੀ ਯੂਨੀਵਰਸਿਟੀ ਤਬਾਹ ਕੀਤੀ ਹੈ, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਜੀ ਤੇ ਹਲਕਾ ਡੇਰਾਬਸੀ ਦੇ ਵਿਧਾਇਕ ਐਨ. ਕੇ. ਸ਼ਰਮਾ ਨੇ ਕੀਤਾ ਹੈ।
ਐਨ. ਕੇ. ਸ਼ਰਮਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਬਣਾਈ ਗਈ ਸੀ ਪਰ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਫੰਡ ਨਾ ਦਿੱਤੇ ਜਾਣ ਕਾਰਨ ਯੂਨੀਵਰਸਿਟੀ ਤਬਾਹ ਹੋਣ ਕੰਢੇ ਪੁੱਜ ਗਈ ਹੈ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਦਾ ਬਜਟ 260 ਕਰੋੜ ਰੁਪਏ ਹੈ ਤੇ ਸਰਕਾਰ ਇਸਨੂੰ ਸਿਰਫ 90 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਦੀ ਹੈ। ਉਹਨਾਂ ਦੱਸਿਆ ਕਿ ਹਾਲਾਤ ਇਹ ਹੈ ਕਿ ਮੁਲਾਜ਼ਮਾਂ ਨੂੰ ਤਿੰਨ ਤਿੰਨ ਮਹੀਨੇ ਮਗਰੋਂ ਤਨਖਾਹਾਂ ਮਿਲ ਰਹੀਆਂ ਨ ਤੇ ਮੁਲਾਜ਼ਮ ਦਾ ਹਰ ਵਰਗ ਅੱਜ ਹੜਤਾਲ ’ਤੇ ਬੈਠਾ ਹੈ।
ਐਨ. ਕੇ. ਸ਼ਰਮਾ ਨੇ ਕਿਹਾ ਕਿ ਅੱਜ ਯੂਨੀਵਰਸਿਟੀ ਵਿਚ ਪੜ੍ਹਾਈ ਲਿਖਾਈ ਦਾ ਕੰਮ ਤਾਂ ਠੱਪ ਹੋਇਆ ਹੀ ਹੈ ਬਲਕਿ ਸਮੁੱਚੇ ਢਾਂਚੇ ਨੂੰ ਖੋਰ੍ਹਾ ਲੱਗ ਰਿਹਾ ਹੈ। ਨਾ ਤਾਂ ਲੋੜੀਂਦੀਆਂ ਲੈਬਾਰਟਰੀਆਂ ਸਹੀ ਤਰੀਕੇ ਨਾਲ ਕੰਮ ਕਰ ਰਹੀਆਂ ਹਨ ਤੇ ਨਾ ਹੀ ਲੋੜੀਂਦਾ ਸਮਾਨ ਕੰਮਾਂ ਵਾਸਤੇ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਹੇਠਲੇ ਦਰਜਾ ਚਾਰ ਮੁਲਾਜ਼ਮਾਂ ਤਾਂ ਹੋਰ ਵੀ ਜ਼ਿਆਦਾ ਮੰਦਾ ਹਾਲ ਹੈ ਤੇ ਇਸੇ ਕਾਰਨ ਪਿਛਲੇ ਸਮੇਂ ਅੰਦਰ ਇਕ ਮੁਲਾਜ਼ਮ ਵੱਲੋਂ ਆਤਮ ਹੱਤਿਆ ਵੀ ਕੀਤੀ ਗਈ ਸੀ।
ਐਨ. ਕੇ. ਸ਼ਰਮਾ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਂਗਰਸ ਸਰਕਾਰ ਸੂਬੇ ਵਿਚ ਸਿਰਫ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਪ੍ਰਫੁੱਲਤਾ ਚਾਹੁੰਦੀ ਹੈ, ਇਸੇ ਲਈ ਧੜਾਧੜ ਪ੍ਰਾਈਵੇਟ ਯੂਨੀਵਰਸਿਟੀਆਂ ਖੋਲ੍ਹਣ ਵਾਸਤੇ ਮਾਨਤਾ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪ ਵੀ ਕੁਝ ਸਰਕਾਰੀ ਯੂਨੀਵਰਸਿਟੀਆਂ ਸਥਾਪਿਤ ਕਰਨ ਵੱਲ ਕਦਮ ਚੁੱਕੇ ਹਨ ਜਦਕਿ ਪਹਿਲਾਂ ਵਾਲੀਆਂ ਯੂਨੀਵਰਸਿਟੀਆਂ ਪੈਸੇ ਪੈਸੇ ਨੂੰ ਤਰਸ ਰਹੀਆਂ ਹਨ। ਉਹਨਾਂ ਕਿਹਾ ਕਿ ਬਜਾਏ ਨਵੀਂਆਂ ਯੂਨੀਵਰਸਿਟੀਆਂ ਖੋਲ੍ਹਣ ਦੇ ਪਹਿਲਾਂ ਤੋਂ ਚਲ ਰਹੀਆਂ ਯੂਨੀਵਰਸਿਟੀਆਂ ਨੂੰ ਗ੍ਰਾਂਟਾਂ ਦੇ ਕੇ ਪੈਰਾ ਸਿਰ ਖੜ੍ਹੇ ਕਰਨ ਦੀ ਜ਼ਰੂਰਤ ਹੈ।
ਉਹਨਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਤਾਂ ਦੇਸ਼ ਦੀ ਇਕਲੌਤੀ ਯੂਨੀਵਰਸਿਟੀ ਹੈ ਜੋ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਸਥਾਪਿਤ ਕੀਤੀ ਗਈ ਸੀ ਪਰ ਅਫਸੋਸ ਕਿ ਅੱਜ ਪੰਜਾਬ ਸਰਕਾਰ ਇਸਨੂੰ ਬੰਦ ਕਰਨ ਦੇ ਰਾਹ ਪਈ ਹੋਈ ਹੈ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਲਈ ਤੁਰੰਤ ਗਰਾਂਟ ਜਾਰੀ ਕੀਤੀ ਜਾਵੇ ਤੇ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿਚੋਂ ਕੱਢਿਆ ਜਾਵੇ।