ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕੁਲਬੀਰ ਸਿੰਘ ਮੱਤਾ ਦਾ ਸਿਆਸੀ ਸਫ਼ਰ ਪੜ੍ਹੋ
ਦੀਪਕ ਗਰਗ
ਕੋਟਕਪੂਰਾ 25 ਜਨਵਰੀ 2022 - ਵਿਧਾਨ ਸਭਾ ਚੋਣਾਂ 2022: ਸੰਯੁਕਤ ਸਮਾਜ ਮੋਰਚਾ ਵਲੋਂ ਕਿਸਾਨ, ਸਮਾਜ ਸੇਵੀ ਅਤੇ ਰਾਜਸੀ ਪਿਛੋਕੜ ਵਾਲੇ ਪਰਿਵਾਰ ਦੇ ਵਾਰਸ ਕੁਲਬੀਰ ਸਿੰਘ ਮੱਤਾ ਨੂੰ ਕੋਟਕਪੂਰਾ ਵਿਧਾਨਸਭਾ ਹਲਕੇ ਤੋਂ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ। ਜਿਨ੍ਹਾਂ ਨੇ ਬੀਤੀ 30 ਨਵੰਬਰ ਨੂੰ ਪੰਜਾਬ ਮੰਡੀਕਰਨ ਬੋਰਡ ‘ਚੋਂ ਬਤੌਰ ਡੀ.ਜੀ.ਐਮ ਸੇਵਾਮੁਕਤ ਹੋਣ ਉਪਰੰਤ ਸਿਆਸੀ ਪਿੜ ‘ਚ ਉਤਰਨ ਦਾ ਐਲਾਨ ਕਰ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਸਵ. ਜਥੇਦਾਰ ਰਾਜਿੰਦਰ ਸਿੰਘ ਮੱਤਾ ਦੇ ਸਪੁੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਅਤਿ ਨੇੜਲੇ ਰਿਸ਼ਤੇਦਾਰ ਮੱਤਾ ਵਲੋਂ ਵਿਧਾਨ ਸਭਾ ਹਲਕਾ ਕੋਟਕਪੂਰਾ ‘ਚ ਸਿਆਸੀ ਜ਼ਮੀਨ ਦੀ ਤਲਾਸ਼ ਕਰਦਿਆਂ ਚੁੱਪ-ਚੁਪੀਤੇ ਹੀ ਸਰਗਰਮੀਆਂ ਵਿੱਢ ਦਿੱਤੀਆਂ ਗਈਆਂ ਸਨ।
ਉਨ੍ਹਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਰਵਾਇਤੀ ਪਾਰਟੀਆਂ ‘ਚੋਂ ਕਿਸੇ ਵੀ ਪਾਰਟੀ ਦੀ ਟਿਕਟ ਹਾਸਲ ਕਰਨ ਦੀ ਦੌੜ ‘ਚ ਸ਼ਾਮਿਲ ਨਹੀਂ ਹਨ, ਸਗੋਂ ਹਲਕੇ ਦੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਚੋਣ ਮੈਦਾਨ ‘ਚ ਨਿੱਤਰਨਗੇ।ਸੇਵਾ ਮੁਕਤੀ ਉਪਰੰਤ ਉਹ ਲਗਾਤਾਰ ਹਲਕੇ ਦੇ ਸੂਝਵਾਨ ਲੋਕਾਂ ਅਤੇ ਸੀਨੀਅਰ ਆਗੂਆਂ ਨਾਲ ਨੁੱਕੜ ਮੀਟਿੰਗਾਂ ਕਰ ਰਹੇ ਹਨ। ਇਨ੍ਹਾਂ ਦੀਆਂ ਭਾਵਨਾਵਾਂ ਅਤੇ ਸਰਗਰਮੀਆਂ ਨੂੰ ਵੇਖਦੇ ਹੋਏ ਸੰਯੁਕਤ ਸਮਾਜ ਮੋਰਚਾ ਨੇ ਇਨ੍ਹਾਂ ਨੂੰ ਕੋਟਕਪੂਰਾ ਵਿਧਾਨਸਭਾ ਹਲਕੇ ਤੋਂ ਟਿਕਟ ਦੇਣ ਦਾ ਐਲਾਨ ਕਰ ਦਿੱਤਾ। ਕੁਲਬੀਰ ਸਿੰਘ ਮੱਤਾ ਨੇ ਦੱਸਿਆ ਕਿ ਉਹ ਸੇਵਾ ਭਾਵਨਾ ਦੇ ਮਨਸ਼ੇ ਨਾਲ ਹੀ ਸਰਗਰਮ ਰਾਜਨੀਤੀ ਦਾ ਹਿੱਸਾ ਬਣਨਾ ਚਾਹੁੰਦੇ ਹਨ।