ਐਕਸਪੈਂਡੀਚਰ ਓਬਜ਼ਰਵਰ ਨੇ ਜ਼ਿਲ੍ਹਾ ਰੂਪਨਗਰ ਵਿੱਚ ਵਿਧਾਨ ਸਭਾ ਚੋਣਾਂ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ
ਹਰੀਸ਼ ਕਾਲੜਾ
ਰੂਪਨਗਰ, 25 ਜਨਵਰੀ 2022:ਐਕਸਪੈਂਡੀਚਰ ਓਬਜ਼ਰਵਰ ਸ਼੍ਰੀ ਨਰਿੰਦਰ ਕੁਮਾਰ ਨਾਇਕ ਨੇ ਮੰਗਲਵਾਰ ਨੂੰ ਜ਼ਿਲ੍ਹਾ ਰੂਪਨਗਰ ਵਿਖੇ ਵਿਧਾਨ ਸਭਾ ਚੋਣਾਂ-2022 ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੀਡਿਓ ਕਾਨਫਰੰਸ ਕੀਤੀ।
ਮੀਟਿੰਗ ਦੀ ਸ਼ੁਰੂਆਤ ਵਿੱਚ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਐਕਸਪੈਂਡੀਚਰ ਓਬਜ਼ਰਵਰ ਨੂੰ ਅਦਰਸ਼ ਚੋਣ ਜਾਬਤਾ ਲੱਗਣ ਤੋਂ ਲੈ ਕੇ ਵੱਖ-ਵੱਖ ਮਾਪਦੰਡਾਂ ਅਤੇ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਨੂੰ ਲਾਗੂ ਕਰਨ ਲਈ ਚੁੱਕੇ ਕਦਮਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਕੋਵਿਡ ਨੂੰ ਧਿਆਨ ਵਿੱਚ ਰੱਖਦੇ ਹੋਏ ਚੋਣਾਂ ਸਬੰਧੀ ਡਿਊਟੀ ਉਤੇ ਤਾਇਨਾਤ ਅਫਸਰਾਂ ਅਤੇ ਕਰਮਚਾਰੀਆਂ ਵਲੋਂ ਨਿਯਮਾਂ ਦੀ ਪਾਲਣਾ ਯਕੀਨੀ ਤੌਰ ਤੇ ਕੀਤੀ ਜਾ ਰਹੀ ਹੈ। ਜੇਕਰ ਕੋਈ ਅਧਿਕਾਰੀ ਕੋਵਿਡ ਤੋਂ ਪ੍ਰਭਾਵਿਤ ਹੁੰਦਾ ਹੈ ਤਾ ਉਸ ਦੀ ਜਗ੍ਹਾ ਤੇ ਹੋਰ ਟੀਮਾਂ ਨੂੰ ਤਾਇਨਾਤ ਕਰਨ ਲਈ ਪਹਿਲਾਂ ਹੀ ਰਿਜ਼ਰਵ ਕਰਕੇ ਰੱਖਿਆ ਹੋਇਆ ਹੈ।
ਸੋਨਾਲੀ ਗਿਰਿ ਨੇ ਅੱਗੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਨਿਸ਼ਚਤ ਕੀਤੇ ਗਏ ਸਮੇਂ ਸੀਮਾ ਵਿੱਚ ਹੀ ਅਦਰਸ਼ ਚੋਣ ਜਾਬਤਾ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ।
ਐਕਸਪੈਂਡੀਚਰ ਓਬਜ਼ਰਵਰ ਨੇ ਹਦਾਇਤਾਂ ਜਾਰੀ ਕਰਦੇ ਕਿਹਾ ਕਿ ਚੋਣਾਂ ਦੌਰਾਨ ਹਰ ਪੱਧਰ ਤੇ ਨਿਗਰਾਨੀ ਰੱਖੀ ਜਾਵੇ ਕਿ ਕੋਈ ਕਿਸੇ ਵੀ ਰਾਜਨਿਤਕ ਪਾਰਟੀ ਦਾ ਉਮੀਦਵਾਰ ਪੈਸੇ ਜਾਂ ਕਿਸੇ ਹੋਰ ਵਸਤੂ ਦੀ ਇਵਜ਼ ਉਤੇ ਵੋਟਰਾਂ ਨੂੰ ਪ੍ਰਭਾਵਿਤ ਨਾ ਕਰੇ। ਉਨ੍ਹਾਂ ਕਿਹਾ ਕਿ ਬੈਂਕਾਂ ਅਤੇ ਨਾਨ ਬੈਂਕਿੰਗ ਫਾਇਨਾਸ਼ਿਅਲ ਮਾਧਿਅਮ ਰਾਹੀ ਹੋ ਰਹੀ ਨਗਦੀ ਲੈਣ-ਦੈਣ ਤੇ ਨਿਗਰਾਨੀ ਰੱਖੀ ਜਾਵੇ।
ਇਸ ਮੀਟਿੰਗ ਵਿੱਚ ਐਸ.ਐਸ.ਪੀ ਵਿਵੇਕ ਐਸ ਸੋਨੀ ਵਲੋਂ ਐਕਸਪੈਂਡੀਚਰ ਓਬਜ਼ਰਵਰ ਨੂੰ ਅੰਤਰਰਾਜੀ ਨਾਕਿਆਂ ਅਤੇ ਚੋਣਾਂ ਦੌਰਾਨ ਅਮਨ ਸ਼ਾਂਤੀ ਨੂੰ ਬਰਕਰਾਰ ਰੱਖ ਕੇ ਨਿਰਪੱਖ ਚੋਣਾਂ ਨੂੰ ਨੇਪੜੇ ਚਾੜਨ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ।
ਇਸ ਮੀਟਿੰਗ ਦੋਰਾਨ ਏ.ਡੀ.ਸੀ. ਦੀਪਸ਼ਿਖਾ ਸ਼ਰਮਾ, ਰਿਟਰਨਿੰਗ ਅਫਸਰ ਕੇਸ਼ਵ ਗੋਇਲ, ਰਿਟਰਨਿੰਗ ਅਫਸਰ ਗੁਰਵਿੰਦਰ ਜੌਹਲ, ਰਿਟਰਨਿੰਗ ਅਫਸਰ ਪਰਮਜੀਤ ਸਿੰਘ, ਐਸ.ਪੀ ਅੰਕੁਰ ਗੁਪਤਾ ਅਤੇ ਨੋਡਲ ਅਫਸਰਾਂ ਸਮੇਤ ਸੀਨੀਅਰ ਅਧਿਕਾਰੀ ਮੌਜੂਦ ਸਨ।