ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡਾਂ ਦਾ ਪਿਛਲ਼ੇ ਪੰਜ ਸਾਲਾਂ ਵਿੱਚ ਭਰਪੂਰ ਵਿਕਾਸ ਕਰਕੇ ਪਿੰਡਾਂ ਦੀ ਨੁਹਾਰ ਬਦਲ਼ੀ - ਰਾਣਾ ਕੇ.ਪੀ.ਸਿੰਘ
- ਰਾਣਾ ਕੇ.ਪੀ. ਸਿੰਘ ਨੇ ਪਿੰਡ ਕੋਟਲਾ ਪਾਵਰ ਹਾਊਸ ਦਾ ਦੌਰਾ ਕਰਕੇ ਕੀਤਾ ਚੋਣ ਪ੍ਰਚਾਰ
ਹਰੀਸ਼ ਕਾਲੜਾ
ਸ਼੍ਰੀ ਅਨੰਦਪੁਰ ਸਾਹਿਬ,25 ਜਨਵਰੀ 2022:ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਕੇ.ਪੀ. ਸਿੰਘ ਨੇ ਅੱਜ ਪਿੰਡ ਕੋਟਲਾ ਪਾਵਰ ਹਾਊਸ ਦਾ ਦੌਰਾ ਕਰਕੇ ਚੋਣ ਪ੍ਰਚਾਰ ਕੀਤਾ । ਰਾਣਾ ਕੇਪੀ ਸਿੰਘ ਨੇ ਆਪਣੀ ਚੋਣ ਮੁਹਿੰਮ ਦੌਰਾਨ ਵੋਟਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਲਈ ਕੰਮ ਕਰਨ ਦੀ ਅਪੀਲ ਕੀਤੀ।ਇਸ ਮੌਕੇ 'ਤੇ ਰਾਣਾ ਨੇ ਕਿਹਾ ਕਿ ਉਨ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡਾਂ ਦਾ ਪਿਛਲ਼ੇ ਪੰਜ ਸਾਲਾਂ ਵਿੱਚ ਭਰਪੂਰ ਵਿਕਾਸ ਕਰਕੇ ਪਿੰਡਾਂ ਦੀ ਨੁਹਾਰ ਬਦਲ਼ੀ ਹੈ ਅਤੇ ਪਿੰਡਾਂ ਨੂੰ ਵਧੀਆਂ ਸਹੂਲਤਾਂ ਪ੍ਰਦਾਨ ਕਰਵਾਕੇ ਆਪਣਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਇਨ੍ਹਾਂ ਪਿੰਡਾਂ ਵਿੱਚ ਲਿੰਕ ਸੜਕਾਂ ਦੀ ਉਸਾਰੀ ਕਰਵਾਕੇ ਆਵਾਜਾਈ ਦੇ ਚੰਗੇਰੇ ਲਿੰਕ ਸਥਾਪਿਤ ਕੀਤੇ ਗਏ ਹਨ।
ਇਸ ਤੋਂ ਇਲਾਵਾ ਪਿੰਡਾਂ ਵਿੱਚ ਕੰਮ ਕਰਦੇ ਮਹਿਲਾ ਮੰਡਲ਼ਾਂ ਅਤੇ ਸਮਾਜਸੇਵੀ ਤੇ ਖੇਡ ਕਲੱਬਾਂ ਨੂੰ ਦਿਲ ਖੋਲ੍ਹ ਕੇ ਗਰਾਂਟਾਂ ਦਿੱਤੀਆ ਗਈਆਂ ਹਨ। ਰਾਣਾ ਨੇ ਕਿਹਾ ਕਿ ਵਿਕਾਸ ਕਾਰਜਾਂ ਨੂੰ ਲੈ ਕੇ ਪਿੰਡਾਂ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦਾ ਮਾਹੌਲ ਹੈ ਅਤੇ ਲੋਕਾਂ ਦਾ ਭਰਪੂਰ ਸਮਰਥਨ,ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਲੋਕਾਂ ਦੇ ਸੇਵਾਦਾਰ ਬਣਕੇ ਹਲਕੇ ਵਿੱਚ ਵਿਚਰੇ ਹਨ। ਰਾਣਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੁਆਰਾ ਮਹਿਲਾਵਾਂ ਸਮੇਤ ਸੂਬੇ ਦੇ ਹਰ ਵਰਗ ਨੂੰ ਵੱਡੀਆਂ ਸਹੂਲਤਾਂ ਦਿੱਤੀਆ ਗਈਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਪੰਜਾਬ ਵਿੱਚ ਦੋਬਾਰਾ ਕਾਂਗਰਸ ਪਾਰਟੀ, ਦੀ ਸਰਕਾਰ ਬਣੇਗੀ।
ਇਸ ਮੌਕੇ 'ਤੇ ਹਰਬੰਸ ਲਾਲ ਮਹਿੰਦਲੀ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਅਨੰਦਪੁਰ ਸਾਹਿਬ, ਚੌਧਰੀ ਪਹੁ ਲਾਲ, ਚੌਧਰੀ ਮੱਘਰ ਸਿੰਘ ਸਰਪੰਚ,ਬਲਵੀਰ ਸਿੰਘ ਬੱਢਲ, ਕੈਪਟਨ ਦਰਸ਼ਨ ਕੁਮਾਰ ਸੈਣੀ ਆਦਿ ਵੀ ਹਾਜ਼ਰ ਸਨ।