ਪੰਜਾਬ ਬਜਟ 2022 : ਉਦਯੋਗਾਂ 'ਤੇ ਦਿੱਤਾ ਖਾਸ ਧਿਆਨ
ਚੰਡੀਗੜ੍ਹ, 28 ਜੂਨ 2022 : ਪੰਜਾਬ ਵਿੱਚ ਉਦਯੋਗਿਕ ਵਿਕਾਸ ਲਈ ਬਜਟ ਵਿੱਚ 2503 ਕਰੋੜ ਰੁਪਏ ਰੱਖੇ ਗਏ ਹਨ। ਸਰਕਾਰ ਨੇ ਬਿਜਲੀ ਸਬਸਿਡੀ ਨੂੰ ਲੈ ਕੇ ਰਾਹਤ ਦਿੱਤੀ ਹੈ। ਉਦਯੋਗਾਂ ਲਈ ਬਿਜਲੀ ਸਬਸਿਡੀ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ ਪਰ ਸਰਕਾਰ ਨੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਬਾਰੇ ਬਜਟ ਵਿੱਚ ਕੋਈ ਫੈਸਲਾ ਨਹੀਂ ਲਿਆ ਹੈ। ਸਰਕਾਰ ਨੇ ਵੈਟ ਰਿਫੰਡ ਦੇ ਮੁੱਦਿਆਂ ਨੂੰ ਛੇ ਮਹੀਨਿਆਂ ਦੇ ਅੰਦਰ ਅੰਦਰ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਸੂਬੇ ਵਿੱਚ ਉਦਯੋਗਿਕ ਵਿਕਾਸ ਲਈ ਸਰਕਾਰ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਦਾ ਇੱਕ ਵਿਸ਼ੇਸ਼ ਕਮਿਸ਼ਨ ਕਾਇਮ ਕਰੇਗੀ। ਇਸ ਕਮਿਸ਼ਨ ਰਾਹੀਂ ਸਰਕਾਰ ਉਦਯੋਗ ਨਾਲ ਸਬੰਧਤ ਫੈਸਲੇ ਲੈਣ ਅਤੇ ਨੀਤੀ ਬਣਾਉਣ ਵਿੱਚ ਮਦਦ ਕਰੇਗੀ। ਕਮਿਸ਼ਨ ਦੀ ਸਥਾਪਨਾ ਦਾ ਸਰਕਾਰ ਦਾ ਮੁੱਖ ਉਦੇਸ਼ ਉਦਯੋਗਿਕ ਨੀਤੀਆਂ ਬਣਾਉਣ ਦੇ ਨਾਲ-ਨਾਲ ਰੁਜ਼ਗਾਰ ਪੈਦਾ ਕਰਨਾ ਹੋਵੇਗਾ।
ਰਾਜ ਵਿੱਚ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਸਰਕਾਰ ਜਲਦੀ ਹੀ ਇੱਕ ਪ੍ਰਗਤੀਸ਼ੀਲ ਨਵੀਂ ਉਦਯੋਗਿਕ ਨੀਤੀ ਵੀ ਲਿਆਵੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਮੁਹਾਲੀ, ਲੁਧਿਆਣਾ ਅਤੇ ਰਾਜਪੁਰਾ ਵਿੱਚ ਉਦਯੋਗਿਕ ਕੇਂਦਰ ਸਥਾਪਿਤ ਕਰੇਗੀ। ਇਸ ਦੇ ਲਈ ਸਰਕਾਰ ਮੁਹਾਲੀ ਵਿੱਚ 490 ਏਕੜ ਜ਼ਮੀਨ ਐਕੁਆਇਰ ਕਰੇਗੀ। ਹੁਣ ਤੱਕ ਸਰਕਾਰ ਲੁਧਿਆਣਾ ਵਿੱਚ 950 ਏਕੜ ਜ਼ਮੀਨ ਐਕੁਆਇਰ ਕਰ ਚੁੱਕੀ ਹੈ, ਇਸ ਜ਼ਮੀਨ ’ਤੇ ਸਰਕਾਰ ਟੈਕਸਟਾਈਲ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਲਈ ਟੈਕਸਟਾਈਲ ਪਾਰਕ ਬਣਾਏਗੀ।