ਮੂਸੇਵਾਲਾ ਕਤਲਕਾਂਡ : ਬੱਬੂ ਮਾਨ ਤੇ ਮਨਕੀਰਤ ਤੋਂ ਹੋਈ ਪੁੱਛਗਿੱਛ, ਆਪਸੀ ਤਕਰਾਰ ਨੂੰ ਲੈ ਕੇ ਪੁੱਛੇ ਗਏ ਸਵਾਲ
ਸੰਜੀਵ ਜਿੰਦਲ
ਮਾਨਸਾ, 8 ਦਸੰਬਰ 2022 : ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ 'ਚ ਪੰਜਾਬੀ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਪੁੱਛਗਿੱਛ ਕੀਤੀ। ਬੱਬੂ ਮਾਨ ਮਾਨਸਾ ਦੇ ਸੀਆਈਏ ਸਟਾਫ਼ ਦੇ ਦਫ਼ਤਰ ਪੁੱਜੇ ਅਤੇ ਐਸਆਈਟੀ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ।
ਦੋਵੇਂ ਦੁਪਿਹਰ ਕਰੀਬ 2 ਵਜੇ CIA ਮਾਨਸਾ ਦਫਤਰ ਪਹੁੰਚੇ ਅਤੇ ਤਿੰਨ ਘੰਟੇ ਤੱਕ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਦੋਵੇਂ ਕਰੀਬ 5 ਵਜੇ ਉਥੋਂ ਨਿਕਲੇ।
SIT ਟੀਮ ਨੇ ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਤੋਂ ਉਨ੍ਹਾਂ ਦੀ ਤਕਰਾਰ ਨੂੰ ਲੈ ਕੇ ਪੁੱਛਗਿੱਛ ਕੀਤੀ ਹੈ। ਪੰਜਾਬ ਦੇ ਜਿਨ੍ਹਾਂ ਵੱਡੇ ਗਾਇਕਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ, ਉਨ੍ਹਾਂ ਵਿੱਚ ਬੱਬੂ ਮਾਨ ਦਾ ਨਾਂ ਸਭ ਤੋਂ ਉੱਪਰ ਹੈ l
ਦਰਅਸਲ, ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਕੁਝ ਸਮਾਂ ਪਹਿਲਾਂ ਦੋਵਾਂ ਗਾਇਕਾਂ ਵਿਚਾਲੇ ਝਗੜਾ ਹੋ ਗਿਆ ਸੀ। ਸਿੱਧੂ ਮੂਸੇਵਾਲਾ ਨੇ ਵੀ ਬੱਬੂ ਮਾਨ ਦਾ ਨਾਂ ਲਏ ਬਿਨਾਂ ਆਪਣੀ ਗੱਲ ਲਾਈਵ ਰੱਖੀ ਸੀ। ਇੱਥੋਂ ਤੱਕ ਕਿ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਦੋਵਾਂ ਧਿਰਾਂ ਦੇ ਪ੍ਰਸ਼ੰਸਕ ਆਹਮੋ-ਸਾਹਮਣੇ ਆ ਗਏ ਸਨ।
ਜਾਣਕਾਰੀ ਅਨੁਸਾਰ ਪੁਲੀਸ ਨੇ ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਦੀ ਆਪਸੀ ਤਕਰਾਰ ਦੇ ਸਬੰਧ ਵਿੱਚ ਪੁੱਛ-ਪੜਤਾਲ ਕੀਤੀ। ਪੁਲੀਸ ਨੇ ਇਨ੍ਹਾਂ ਦੋਨੋਂ ਗਾਇਕਾਂ ਤੋਂ ਵੱਖ-ਵੱਖ ਵੀ ਪੜਤਾਲ ਕੀਤੀ। ਇਹ ਪੁੱਛ-ਪੜਤਾਲ ਸੀਆਈਏ ਦੇ ਇੰਚਾਰਜ ਜਗਦੀਸ਼ ਕੁਮਾਰ ਸ਼ਰਮਾ ਸਮੇਤ ਹੋਰ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ। ਮੂਸੇਵਾਲਾ ਦੇ ਕਤਲ ਤੋਂ ਕੁੱਝ ਸਮਾਂ ਪਹਿਲਾਂ ਦੋਨੋਂ ਗਾਇਕਾਂ ਵਿਚਕਾਰ ਵਿਵਾਦ ਹੋ ਗਿਆ ਸੀ। ਸਿੱਧੂ ਮੂਸੇਵਾਲਾ ਨੇ ਬੱਬੂ ਮਾਨ ਦਾ ਨਾਮ ਲਏ ਬਿਨਾਂ ਲਾਈਵ ਹੋ ਕੇ ਆਪਣੀ ਗੱਲ ਰੱਖੀ ਸੀ ਅਤੇ ਇਸ ਮਾਮਲੇ ਵਿੱਚ ਦੋਨੋਂ ਗਾਇਕਾਂ ਦੇ ਪ੍ਰਸ਼ੰਸਕ ਵੀ ਇੱਕ-ਦੂਜੇ ਖਿਲਾਫ਼ ਸੋਸ਼ਲ ਮੀਡੀਆ ’ਤੇ ਆ ਗਏ ਸਨ। ਭਾਵੇਂ ਬੱਬੂ ਮਾਨ, ਮੂਸੇਵਾਲਾ ਦੇ ਨਾਲ ਆਨ-ਲਾਈਨ ਝਗੜਿਆਂ ਵਿੱਚ ਸ਼ਾਮਲ ਸੀ, ਪਰ ਮਨਕੀਰਤ ਔਲਖ ਦਾ ਨਾਮ ਪੰਜਾਬੀ ਗਾਇਕ ਦੇ ਕਤਲ ਨਾਲ ਸ਼ੁਰੂ ਤੋਂ ਹੀ ਜੁੜ ਗਿਆ ਸੀ ਅਤੇ ਇਸ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਔਲਖ ਦੀਆਂ ਤਸਵੀਰਾਂ ਵਿਆਪਕ ਤੌਰ ’ਤੇ ਸਾਂਝੀਆਂ ਕੀਤੀਆਂ ਗਈਆਂ ਸਨ। ਇੱਥੋਂ ਤੱਕ ਕਿ ਬੰਬੀਹਾ ਗੈਂਗ ਨੇ ਔਲਖ ’ਤੇ ਕਤਲ ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ ਅਤੇ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਹਾਲਾਂਕਿ, ਐਸਆਈਟੀ ਨੇ ਚਾਰਜਸ਼ੀਟ ਵਿੱਚ ਇਸ ਕਤਲ ਨੂੰ ਬਿਸ਼ਨੋਈ ਅਤੇ ਬੰਬੀਹਾ ਗੈਂਗ ਵਿਚਾਲੇ ਬਦਲੇ ਦੀ ਹੱਤਿਆ ਦੀ ਇੱਕ ਲੰਬੀ ਲੜੀ ਦਾ ਹਿੱਸਾ ਕਰਾਰ ਦਿੱਤਾ ਸੀ। ਇਸ ਵਿੱਚ ਸੰਗੀਤ ਉਦਯੋਗ ਨਾਲ ਜੁੜੇ ਕਿਸੇ ਵਿਅਕਤੀ ਦੀ ਸ਼ਮੂਲੀਅਤ ਦਾ ਕੋਈ ਜ਼ਿਕਰ ਨਹੀਂ ਸੀ। ਪੁਲੀਸ ਨੇ ਸੰਗੀਤ ਨਿਰਦੇਸ਼ਕ ਨਿਸ਼ਾਨ ਸਿੰਘ, ਜੋ ਕਿ ਇੱਕ ਸੀਨੀਅਰ ਪੁਲੀਸ ਅਧਿਕਾਰੀ ਦਾ ਪੁੱਤਰ ਹੈ ਅਤੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਭੰਗਚੜੀ ਦੇ ਦੋ ਵਸਨੀਕਾਂ ਨੂੰ ਵੀ ਸੰਮਨ ਕੀਤਾ ਹੈ।
ਇਸ ਦੌਰਾਨ ਦਿਲਪ੍ਰੀਤ ਬਾਬਾ ਗਰੁੱਪ ਦੇ ਗੈਂਗਸਟਰ ਯਾਦੀ ਰਾਣਾ (ਯਾਦੀ ਰੰਗੜ) ਦੀ ਵੀ ਐਂਟਰੀ ਹੋਈ। ਹੁਣ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਬੱਬੂ ਮਾਨ ਤੋਂ ਪੁੱਛਗਿੱਛ ਕੀਤੀ ਹੈ।
ਉਥੇ ਹੀ ਮਨਕੀਰਤ ਔਲਖ ਤੋਂ ਉਸ ਦੇ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਨਾਲ ਨੇੜਤਾ ਨੂੰ ਲੈ ਕੇ ਸਵਾਲ ਪੁੱਛੇ ਗਏ। ਦੱਸ ਦੇਈਏ ਕਿ ਮੂਸੇਵਾਲਾ ਕਤਲਕਾਂਡ ਵਿੱਚ ਗੈਂਗਸਟਰਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਸਿੱਧੂ ਨੂੰ ਮੌਤ ਦੇ ਘਾਟ ਉਤਾਰਿਆ ਸੀ।
ਜ਼ਿਕਰਯੋਗ ਹੈ ਕਿ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਵੀ ਧਮਕੀਆਂ ਮਿਲ ਚੁੱਕੀਆਂ ਹਨ। ਮੋਹਾਲੀ ਜ਼ਿਲੇ ‘ਚ ਬੱਬੂ ਮਾਨ ਦੇ ਘਰ ‘ਤੇ ਪੰਜਾਬ ਪੁਲਸ ਵਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਸ ਨੂੰ ਮਿਲਣ ਵਾਲਿਆਂ ‘ਤੇ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਐੱਸ.ਐੱਸ.ਪੀ. ਨਾਨਕ ਸਿੰਘ ਦਾ ਕਹਿਣਾ ਹੈ ਕਿ ਇਹ ਪੁੱਛ-ਗਿੱਛ ਇੱਕ ਰੈਗੂਲਰ ਪ੍ਰਕਿਰਿਆ ਹੈ। ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਸਵਾਲ ਪੁੱਛੇ ਗਏ ਹਨ ਕਿ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਕੁਝ ਜਾਣਕਾਰੀ ਹੈ ਜਾਂ ਨਹੀਂ।