ਪਨਗਰ ਪੁਲਿਸ ਵਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ
- ਡੀ ਐਸ ਪੀ ਗੁਰਪ੍ਰੀਤ ਸਿੰਘ ਬੈਂਸ ਨੇ ਨਾਕਾਬੰਦੀ ਕਰ ਕੀਤੀ ਚੈਕਿੰਗ
- ਸ਼ਰਾਬ ਦਾ ਨਸ਼ਾ ਕਰਕੇ ਖੁਦ ਡਰਾਇਵਿੰਗ ਨਾ ਕਰੋ, ਆਪ ਨੂੰ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਕਰੋ
ਹਰੀਸ਼ ਕਾਲੜਾ
ਰੂਪਨਗਰ, 8 ਦਸੰਬਰ 2022: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਅਹਿਮ ਫ਼ੈਸਲੇ ਲਏ ਜਾ ਰਹੇ ਹਨ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇ ਆਦੇਸ਼ ਦਿੱਤੇ ਹਨ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਹੋ ਰਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਸੂਬੇ ਭਰ ਵਿੱਚ ਪੰਜਾਬ ਪੁਲਿਸ ਵਲੋਂ ਨਾਕਾਬੰਦੀ ਕਰਕੇ ਇਨ੍ਹਾਂ ਨੂੰ ਨੱਥ ਪਾਈ ਜਾਵੇ। ਇਸੇ ਲੜੀ ਤਹਿਤ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਹੋ ਰਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਮੈਰਿਜ ਪੈਲੇਸਾਂ ਦੇ ਬਾਹਰ ਰੂਪਨਗਰ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਚੈਕਿੰਗ ਕੀਤੀ ਗਈ।
ਇਸ ਦੌਰਾਨ ਰੂਪਨਗਰ ਪੁਲਿਸ ਵਲੋਂ ਰੂਪਨਗਰ ਬਾਈਪਾਸ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਸ. ਗੁਰਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਅੱਜ ਕੱਲ ਵਿਆਹਾਂ ਦੇ ਸੀਜ਼ਨ ਦਾ ਚਲ ਰਿਹਾ ਹੈ ਅਤੇ ਇਸ ਦੇ ਨਾਲ ਧੁੰਦ ਕਾਰਨ ਦੁਰਘਟਨਾਵਾਂ ਹੋਣ ਦਾ ਖ਼ਤਰਾ ਹੋਰ ਵੀ ਵਧ ਜਾਂਦਾ ਹੈ। ਇਸ ਲਈ ਉਨ੍ਹਾਂ ਕਿਹਾ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਵੱਖ-ਵੱਖ ਥਾਵਾਂ ਉੱਤੇ ਨਾਕੇ ਵੀ ਲਗਾ ਕੇ ਐਲਕੋਮੀਟਰ ਰਾਹੀਂ ਵਹਾਨ ਚਾਲਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਗੁਰਪ੍ਰੀਤ ਨੇ ਦੱਸਿਆ ਕਿ ਇਹ ਨਾਕੇ ਰੋਜ਼ਾਨਾ ਸ਼ਾਮੀ 6 ਵਜੇ ਤੋਂ ਰਾਤੀ 11 ਵਜੇ ਤੱਕ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਮੈਰਿਜ ਪੈਲਸਾਂ ਵਿਖੇ ਪ੍ਰੋਗਰਾਮ ਵਾਲੇ ਦਿਨ ਉਨ੍ਹਾਂ ਦੇ ਬਾਹਰ ਸਪੈਸ਼ਲ ਨਾਕੇ ਲਗਾ ਕੇ ਚੈਕਿੰਗ ਕੀਤੀ ਜਾਵੇਗੀ। ਤਾਂ ਜੋ ਵਿਆਹ ਵਿੱਚੋਂ ਸ਼ਰਾਬ ਪੀ ਕੇ ਗੱਡੀ ਨਾ ਚਲਾਵੇ।
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੇ ਸ਼ਰਾਬ ਦਾ ਨਸ਼ਾ ਕੀਤਾ ਵੀ ਹੈ ਤਾਂ ਉਹ ਖੁਦ ਡਰਾਇਵਿੰਗ ਨਾ ਕਰਕੇ ਆਪ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਕਰੋ।