ਰੇਲ ਗਡੀ ਹੇਠਾਂ ਆਉਣ ਵਾਲੇ ਵਿਅਕਤੀ ਦੇ ਪਰਿਵਾਰ ਨੇ ਹੱਤਿਆ ਦਾ ਦੋਸ਼ ਲਗਾਉਂਦੇ ਹਾਈਵੇ ਕੀਤਾ ਜਾਮ
ਰੋਹਿਤ ਗੁਪਤਾ
ਗੁਰਦਾਸਪੁਰ, 20 ਮਾਰਚ 2023 : ਅੱਜ ਸਵੇਰੇ 40 ਸਾਲਾਂ ਨੌਜਵਾਨ ਵੱਲੋਂ ਰੇਲ ਗੱਡੀ ਹੇਠਾਂ ਆ ਕੇ ਆਤਮ ਹੱਤਿਆ ਕਰਨ ਦੇ ਧੀ ਵੀ ਇਸ ਮਾਮਲੇ ਵਿਚ ਇਕ ਨਵਾਂ ਮੋੜ ਆ ਗਿਆ ਜਦੋਂ ਮ੍ਰਿਤਕ ਦੇ ਪਰਿਵਾਰ ਨੇ ਹਤਿਆ ਦਾ ਦੋਸ਼ ਲਗਾਉਂਦੇ ਹੋਏ ਮਿਸ਼ਨ ਏ ਮਸੀਹ ਏਕਤਾ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਹਾਈਵੇ ਜਾਮ ਕਰ ਦਿੱਤਾ। ਦੇਰ ਸ਼ਾਮ ਪੁਲਸ ਦੇ ਉੱਚ ਅਧਿਕਾਰੀਆਂ ਨੇ ਮਾਮਲੇ ਵਿਚ ਕਾਰਵਾਈ ਕਰਨ ਦਾ ਆਸ਼ਵਾਸਨ ਦੇ ਕੇ ਮੌਕੇ ਤੇ ਰੇਲਵੇ ਪੁਲਿਸ ਦੇ ਅਧਿਕਾਰੀਆਂ ਨੂੰ ਬੁਲਾਇਆ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ। ਦੱਸ ਦਈਏ ਕਿ ਪਠਾਨਕੋਟ-ਅੰਮ੍ਰਿਤਸਰ ਡੀ ਐਮ ਯੂ ਜੋ ਦੁਪਹਿਰ 1 ਵੱਜ ਕੇ 40 ਮਿੰਟ ਤੇ ਗੁਰਦਾਸਪੁਰ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਸੀ ਦੇ ਹੇਠਾਂ ਔਜਲਾ ਬਾਈਪਾਸ ਦੇ ਨੇੜੇ ਇਕ ਵਿਅਕਤੀ ਆ ਗਿਆ ਜਿਸ ਦੀ ਪਹਿਚਾਣ ਸ਼ਮੀ ਮਸੀਹ ਪੁੱਤਰ ਡੈਨਲ ਮਸੀਹ ਵਾਸੀ ਪਿੰਡ ਕ੍ਰਿਸ਼ਨਾ ਨਗਰ ਪੰਡੋਰੀ ਰੋਡ ਦੇ ਤੌਰ ਤੇ ਹੋਈ ਸੀ। ਰੇਲਵੇ ਪੁਲਿਸ ਵੱਲੋਂ ਮਾਮਲੇ ਵਿੱਚ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟ ਮਾਰਟਮ ਲਈ ਭੇਜੀ ਗਈ ਸੀ ਪਰ ਪਰਿਵਾਰ ਦਾ ਦੋਸ਼ ਹੈ ਕਿ ਮ੍ਰਿਤਕ ਸੰਮੀ ਮਸੀਹ ਨੂੰ ਇੱਕ ਔਰਤ ਅਤੇ ਕੁਝ ਰਾਜਨੀਤਿਕ ਵਿਅਕਤੀਆਂ ਵੱਲੋਂ ਪੈਸੇ ਦੀ ਮੰਗ ਕਰਕੇ ਬਲੈਕਮੇਲ ਕੀਤਾ ਜਾ ਰਿਹਾ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਹਨਾਂ ਵੱਲੋਂ ਮ੍ਰਿਤਕ ਸ਼ੰਮੀ ਮਸੀਹ ਦੀ ਸਵੇਰੇ ਮਾਰਕੁਟਾਈ ਕੀਤੀ ਗਈ ਸੀ ਅਤੇ ਦੁਪਹਿਰ ਨੂੰ ਉਸ ਨੂੰ ਮਾਰ ਕੇ ਗੱਡੀ ਅੱਗੇ ਸੁੱਟ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਮ੍ਰਿਤਕ ਸ਼ੰਮੀ ਮਸੀਹ ਦੇ ਪਰਿਵਾਰਕ ਮੈਂਬਰਾਂ ਅਤੇ ਮਿਸ਼ਨ ਏ ਮਸੀਹ ਏਕਤਾ ਕਮੇਟੀ ਦੇ ਪ੍ਰਧਾਨ ਸਰਬਜੀਤ ਮਸੀਹ ਨੇ ਦੱਸਿਆ ਕਿ ਮ੍ਰਿਤਕ ਸ਼ੰਮੀ ਮਸੀਹ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਉਸ ਦੇ ਕੁਝ ਦੇਰ ਪਹਿਲਾਂ ਇੱਕ ਔਰਤ ਨਾਲ ਰਿਲੇਸ਼ਨ ਬਣ ਗਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਔਰਤ ਕੁਝ ਰਾਜਨੀਤਕ ਵਿਅਕਤੀਆਂ ਨਾਲ ਮਿਲ ਕੇ ਮ੍ਰਿਤਕ ਨੂੰ ਬਲੈਕਮੇਲ ਕਰ ਰਹੀ ਸੀ ਅਤੇ ਉਸ ਕੋਲੋਂ ਛੇ ਲੱਖ ਰੁਪਏ ਦੀ ਮੰਗ ਕਰ ਰਹੀ ਸੀ। ਰਾਜਨੀਤਿਕ ਵਿਅਕਤੀ ਉਸ ਨੂੰ ਪੈਸੇ ਨਾ ਦੇਣ ਦੀ ਸੂਰਤ ਵਿੱਚ ਮਾਰਨ ਦੀਆਂ ਧਮਕੀਆਂ ਦਿੰਦੇ ਸੀ । ਉਨ੍ਹਾਂ ਦੱਸਿਆ ਕਿ ਅੱਜ ਵੀ ਸੰਮੀ ਮਸੀਹ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਤੇ ਦੱਸਿਆ ਸੀ ਕਿ ਉਸ ਦੀ ਬੁਰੀ ਤਰ੍ਹਾਂ ਨਾਲ ਮਾਰ ਕੁਟਾਈ ਕੀਤੀ ਗਈ ਹੈ ਅਤੇ ਦੁਪਹਿਰ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਸ਼ਮੀ ਦੀ ਰੇਲ ਗੱਡੀ ਹੇਠਾਂ ਆਉਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਉਸ ਦੀ ਲਾਸ਼ ਨੂੰ ਦੇਖਿਆ ਤਾਂ ਉਸ ਦੇ ਸਿਰ ਤੇ ਇੱਕ ਡੂੰਘੀ ਸੱਟ ਲੱਗੀ ਸੀ ਜਿਸ ਤੋਂ ਉਨ੍ਹਾਂ ਨੂੰ ਸ਼ੱਕ ਹੁੰਦਾ ਹੈ ਕਿ ਸ਼ੰਮੀ ਮਸੀਹ ਨੂੰ ਮਾਰ ਕੇ ਉਥੇ ਸੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੋਸ਼ੀਆਂ ਦੇ ਨਾਮ ਪੁਲੀਸ ਅੱਗੇ ਉਜਾਗਰ ਕਰ ਦਿੱਤੇ ਹਨ ਅਤੇ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਧਰਨਾ ਲਗਾਇਆ ਹੈ।
ਦੂਜੇ ਪਾਸੇ ਮੌਕੇ ਤੇ ਪਹੁੰਚੇ ਡੀ ਐਸ ਪੀ ਸਿਟੀ ਰਿਪੁਦਮਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸਮਝਾ ਬੁਝਾ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕਰਨ ਲਈ ਰੇਲਵੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਹੈ। ਜਾਂਚ ਤੋਂ ਬਾਅਦ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।