ਵਿਦਿਆਰਥੀ ਚੇਤਨਾ ਪੀਖਿਆ ਕਰਵਾਉਣ ਲਈ ਤਰਕਸ਼ੀਲ ਸੁਸਾਇਟੀ ਵੱਲੋਂ ਲਾਮਬੰਦੀ
ਅਸ਼ੋਕ ਵਰਮਾ
ਬਠਿੰਡਾ ,26 ਮਈ 2023: ਤਰਕਸ਼ੀਲ ਸੁਸਾਇਟੀ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਕਰਵਾਈ ਜਾ ਰਹੀ ਹੈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਨਾਲ ਸਬੰਧਤ ਇਸ ਵਾਰ ਦੇ ਪ੍ਰੋਗਰਾਮ ਦਾ ਐਲਾਨ ਕਰਦਿਆਂ ਆਗੂਆਂ ਨੇ ਸਕੂਲਾਂ ਵਿੱਚ ਆਪਣੀ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸੁਸਾਇਟੀ ਨੇ ਵਗਿਆਨਕ ਅਤੇ ਜਾਣਕਾਰੀ ਚੇਤਨਾ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਸੂਬਾ ਕਮੇਟੀ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਸੂਬਾ ਮੁਖੀ ਰਜਿੰਦਰ ਭਦੌੜ, ਚੇਤਨਾ ਪ੍ਰੀਖਿਆ ਮੁਖੀ ਰਾਮ ਸਵਰਨ ਲੱਖੇਵਾਲੀ, ਪ੍ਰੀਖਿਆ ਸਹਾਇਕ ਗੁਰਪ੍ਰੀਤ ਸਹਿਣਾ ਅਤੇ ਪ੍ਰੀਖਿਆ ਵੈੱਬਸਾਈਟ ਇੰਚਾਰਜ਼ ਗਗਨ ਰਾਮਪੂਰਾ ਨੇ ਕਿਹਾ ਕਿ ਇਸ ਵਾਰ ਦੀ ਪ੍ਰੀਖਿਆ, ਜੀਵ ਵਿਕਾਸ ਦਾ ਸਿਧਾਂਤ ਦੇਣ ਵਾਲੇ ਵਿਗਿਆਨੀ ਚਾਰਲਸ ਡਾਰਵਿਨ ਨੂੰ ਸਮਰਪਿਤ ਹੋਵੇਗੀ। ਆਗੂਆ ਦੱਸਿਆ ਕਿ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਹਰ ਸਾਲ ਵਾਧਾ ਹੋ ਰਿਹਾ ਹੈ ਜੋਕਿ ਵਿਗਿਆਨਕ ਪੱਖ ਤੋਂ ਸ਼ੁਭ ਸੰਕੇਤ ਹੈ ਹੈ।
ਉਨ੍ਹਾਂ ਦੱਸਿਆ ਕਿ ਪਹਿਲੀ, ਦੂਜੀ, ਤੀਜੀ ਅਤੇ ਚੌਥੀ ਪ੍ਰੀਖਿਆ ਵਿੱਚ ਕ੍ਰਮਵਾਰ 4600, 9100, 19000, 25500 ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਸ ਵਾਰ ਇਹ ਗਿਣਤੀ 30 ਤੋਂ 40 ਹਜ਼ਾਰ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਕੋਈ ਵੀ ਸਕੂਲ ਚੇਤਨਾ ਪ੍ਰੀਖਿਆ ਦੇ ਵੈੱਬ ਪੋਰਟਲ (tarksheel.co.in) ਤੋਂ ਆਪਣੇ ਇਲਾਕੇ ਦੇ ਤਰਕਸ਼ੀਲ ਆਗੂ ਦਾ ਸੰਪਰਕ ਨੰਬਰ ਲੈ ਸਕਦਾ ਹੈ। ਆਗੂਆਂ ਨੇ ਦੱਸਿਆ ਕਿ ਵਿਦਿਆਰਥੀ ਵੈੱਬਸਾਈਟ ਰਾਹੀਂ ਰਜਿਸਟਰੇਸ਼ਨ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪ੍ਰੀਖਿਆ ਕਿਤਾਬ ਵਿੱਚ ਬੱਚਿਆ ਲਈ ਉਸਾਰੂ ਅਤੇ ਰੋਚਕ ਵਿਸ਼ੇ ਪਾਏ ਗਏ ਹਨ। ਜਿਵੇਂ ਕਿ ‘ਅੱਜ ਕੱਲ ਬਾਂਦਰ ਤੋਂ ਮਨੁੱਖ ਕਿਉਂ ਨਹੀਂ ਬਣਦੇ’। ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦੀ ਸਮਝ ਵਿਗਿਆਨਕ ਬਨਾਉਣ , ਭਾਰਤ ਦੇ ਸ਼ਾਨਮੱਤੇ ਇਤਿਹਾਸ ਤੋਂ ਜਾਣੂ ਅਤੇ ਸਮਾਜ ਦੇ ਅਸਲ ਨਾਇਕਾ ਦੇ ਰੂਬਰੂ ਕਰਵਾਉਣਾ ਹੈ। ਹਰ ਵਿਦਿਆਰਥੀ ਲਈ ਪਾਰਟੀਸਿਪੇਸ਼ਨ ਸਰਟੀਫਿਕੇਟ ਅਤੇ ਇਕਾਈ, ਜੋਨ ਅਤੇ ਸਟੇਟ ਵਿੱਚੋਂ ਸ਼੍ਰੇਣੀਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ। ਪ੍ਰੀਖਿਆ ਆਬਜੈਕਟਿਵ ਟਾਈਪ ਹੋਵੇਗੀ ਅਤੇ ਓ.ਐੱਮ.ਆਰ ਸ਼ੀਟ ਤੇ ਲਈ ਜਾਵੇਗੀ।