ਅਮਰੀਕਾ 'ਚ ਕੋਰੋਨਾ ਮੌਤਾਂ ਦੀ ਗਿਣਤੀ 1918 ਦੀ ਮਹਾਂਮਾਰੀ ਦੀ ਮੌਤ ਗਿਣਤੀ ਨਾਲੋਂ ਵਧਣ ਦੇ ਨੇੜੇ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 15 ਸਤੰਬਰ 2021 - ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ। ਅਮਰੀਕਾ ਵਿੱਚ ਵੱਡੀ ਪੱਧਰ 'ਤੇ ਹੋਈਆਂ ਕੋਵਿਡ -19 ਮੌਤਾਂ ਦੀ ਸੰਖਿਆ ਹੁਣ 1918 ਵੇਲੇ ਦੀ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਦੇ ਨੇੜੇ ਹੈ, ਅਤੇ ਇਹ ਗਿਣਤੀ ਤਕਰੀਬਨ ਦੋ ਹਫਤਿਆਂ ਦੇ ਸਮੇਂ ਵਿੱਚ ਵਧਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ 1918 ਦੀ ਐੱਚ 1 ਐੱਨ 1 ਫਲੂ ਮਹਾਂਮਾਰੀ ਵਿੱਚ, ਅੰਦਾਜ਼ਨ 675,000 ਅਮਰੀਕੀਆਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ।
ਜਦਕਿ ਹੁਣ ਤੱਕ ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਦੇ ਅਨੁਸਾਰ ਲਗਭਗ 662,000 ਅਮਰੀਕੀ ਲੋਕਾਂ ਦੀ ਕੋਵਿਡ -19 ਕਾਰਨ ਮੌਤ ਹੋਈ ਹੈ। ਇਸ ਤਰ੍ਹਾਂ ਕੋਰੋਨਾ ਮੌਤਾਂ ਉਸ ਵੇਲੇ ਦੀ ਮਹਾਂਮਾਰੀ ਨਾਲੋਂ ਤਕਰੀਬਨ 13,000 ਮੌਤਾਂ ਦੀ ਗਿਣਤੀ ਨਾਲ ਪਿੱਛੇ ਹੈ। ਹਾਲਾਂਕਿ ਯੂ ਐਸ ਦੀ ਆਬਾਦੀ ਹੁਣ 1918 ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਅਮਰੀਕੀ ਸਿਹਤ ਮਾਹਿਰਾਂ ਦੇ ਅਨੁਸਾਰ ਮਹਾਂਮਾਰੀ ਦੇ 18 ਮਹੀਨਿਆਂ ਵਿੱਚ , 1,000 ਤੋਂ ਵੱਧ ਅਮਰੀਕੀ ਅਜੇ ਵੀ ਵਾਇਰਸ ਨਾਲ ਹਰ ਦਿਨ ਮਰ ਰਹੇ ਹਨ। ਕੋਰੋਨਾ ਮੌਤਾਂ ਦੀ ਵਧ ਰਹੀ ਗਿਣਤੀ ਨਾਲ ,ਇਹਨਾਂ ਦੀ ਜਲਦੀ ਹੀ 100 ਸਾਲ ਪਹਿਲਾਂ ਦੀ ਮਹਾਂਮਾਰੀ ਕਾਰਨ ਹੋਈਆਂ ਮੌਤਾਂ ਨਾਲੋਂ ਵਧਣ ਦੀ ਸੰਭਾਵਨਾ ਹੈ।