ਡਟੇ ਰਹਿਣ ਨਾਲ ਹੀ ਬਾਕੀ ਹੱਕ ਮਿਲਣਗੇ, ਭਰੋਸਿਆਂ 'ਤੇ ਉੱਠ ਜਾਣ ਨਾਲ ਨਿਰਾਸ਼ਤਾ ਹੀ ਪੱਲੇ ਪੈਂਦੀ ਹੈ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ( ਰਜਿ.)
ਲੰਡਨ, 1 ਦਸੰਬਰ, 2021 : ਭਾਰਤ ਸਰਕਾਰ ਨੇ ਕਿਸਾਨ ਜਥੇਬੰਦੀਆਂ ਤੋਂ ਕਿਸਾਨਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ 'ਤੇ ਵਿਚਾਰ ਕਰਨ ਲਈ ਕਮੇਟੀ ਬਣਾਉਣ ਦੀ ਗੱਲ ਕਹਿਕੇ 5 ਨਾਵਾਂ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਅੰਦੋਲਨ ਵਾਪਸ ਲੈਣ ਦੀ ਵਾਰ ਵਾਰ ਕਹੀ ਜਾਂਦੀ ਗੱਲ ਨੂੰ ਮੁੜ ਦਹਰਾਇਆ ਹੈ। ਕਿਸਾਨ ਜਥੇਬੌਦੀਆਂ ਦੀਆਂ ਇਸ ਸਬੰਧੀ ਫੈਸਲੇ ਲੈਣ ਲਈ ਮੀਟਿੰਗਾਂ ਚੱਲ ਰਹੀਆਂ ਹਨ, ਇਕ ਗੱਲ ਸਪੱਸ਼ਟ ਹੈ ਕਿ ਡਟੇ ਰਹਿਣ ਨਾਲ ਹੀ ਕਨੂੰਨ ਰੱਦ ਹੋਏ ਹਨ 'ਤੇ ਡਟੇ ਰਹਿਣ ਨਾਲ ਹੀ ਬਾਕੀ ਹੱਕ ਮਿਲਣਗੇ, ਇਤਿਹਾਸ ਗਵਾਹ ਹੈ ਕਿ ਵਾਅਦਿਆਂ 'ਤੇ ਯਕੀਨ ਕਰਕੇ ਉੱਠ ਜਾਣ ਜਾਂ ਅੰਦੋਲਨ ਵਾਪਸ ਲੈਣ ਨਾਲ ਨਿਰਾਸ਼ਤਾ ਹੀ ਪੱਲੇ ਪੈਂਦੀ ਆ ਰਹੀ ਹੈ ਇਹੀ ਅੱਗੇ ਹੋਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ( ਰਜਿ.) ਦੇ ਪ੍ਰਧਾਨ ਸੂਬਾ ਸਿੰਘ, ਸਕੱਤਰ ਜਨਰਲ ਸਰਬਜੀਤ ਸਿੰਘ, ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕੀਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਇਹਨਾਂ ਆਗੂਆਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਾਨੂੰਨ ਵਾਪਸ ਲੈਣ ਲਈ ਕੀਤੇ ਆਪਣੇ ਭਾਸ਼ਣ ਦੌਰਾਨ ਗੁਰਬਾਣੀ ਦਾ ਗਲਤ ਉਚਾਰਨ ਕੀਤਾ ਜੋ ਕਿ ਪਹਿਲੀ ਵਾਰ ਨਹੀਂ ਹੈ, ਸਿੱਖ ਗੁਰੂ ਸਾਹਿਬਾਨ,ਗੁਰਬਾਣੀ, ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖਾਂ ਬਾਰੇ ਗਿਣੀ ਮਿੱਥੀ ਸਾਜਿਸ਼ ਅਧੀਨ ਜਾਣ ਬੁੱਝਕੇ ਗਲਤ ਲਿਖਿਆ 'ਤੇ ਬੋਲਿਆ ਜਾਂਦਾ ਹੈ। ਇਸ ਤੋਂ ਵੀ ਦੁਖਦਾਇਕ ਪਹਿਲੂ ਇਹ ਹੈ ਕਿ ਕਈ ਵਾਰੀ ਸਿੱਖ ਚਿਹਰੇ ਮੋਹਰੇ ਵਾਲੇ ਵਿਅਕਤੀ ਵੀ ਇਸ ਸਾਜਿਸ਼ ਦੇ ਭਾਈਵਾਲ ਬਣਦੇ ਹਨ। ਇਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਦੀ ਤਪੱਸਿਆ ਵਿੱਚ ਕੋਈ ਕਮੀ ਰਹਿ ਗਈ, ਇਸ ਤੋਂ ਕੀ ਇਹ ਸਮਝਿਆ ਜਾਵੇ ਕਿ ਅੰਦੋਲਨ ਦੌਰਾਨ ਸਰਕਾਰ ਨੇ ਜੋ ਜਬਰ ਜ਼ੁਲਮ ਕੀਤਾ, ਆਪ ਭੰਡੀ ਪ੍ਰਚਾਰ ਕੀਤਾ, ਗੋਦੀ ਮੀਡੀਆ 'ਤੇ ਅੰਧ ਭਗਤਾਂ ਤੋਂ ਕਰਵਾਇਆ ਇਹ ਸਭ ਸਰਕਾਰੀ ਤਪੱਸਿਆ ਦਾ ਹੀ ਹਿੱਸਾ ਹੈ ?
ਇਹਨਾਂ ਆਗੂਆਂ ਨੇ ਅੱਗੇ ਕਿਹਾ ਕਿ ਸਰਕਾਰੀ ਧਿਰ ਪ੍ਰਚਾਰਦੀ ਆ ਰਹੀ ਹੈ ਕਿ ਕਿਸਾਨਾਂ ਨੂੰ ਖੇਤੀ ਕਾਨੂੰਨ ਸਮਝ ਨਹੀਂ ਆਏ। ਇਸ ਤੋਂ ਪਹਿਲਾਂ ਜੀ. ਐਸ. ਟੀ., ਨੋਟਬੰਦੀ, ਨਾਗਰਿਕਤਾ ਸੋਧ ਐਕਟ, ਧਾਰਾ 370 ਦਾ ਹਟਾਉਣਾ, ਬੇਹਿਸਾਬ ਵੱਧਦੀ ਮਹਿੰਗਾਈ, ਬੇਰੁਜਗਾਰੀ, ਕੁਰੱਪਸ਼ਨ ਆਦਿਕ ਕੋਈ ਵੀ ਮੁੱਦਾ ਹੋਵੇ ਸਰਕਾਰ 'ਤੇ ਸਰਕਾਰੀ ਧਿਰਾਂ ਵੱਲੋਂ ਇਹੀ ਜੁਮਲੇ ਦੁਹਰਾਏ ਜਾਂਦੇ ਹਨ ਤਾਂ ਕਿ ਇਹ ਸਮਝਿਆ ਜਾਵੇ ਕਿ ਸਿਰਫ ਉਹੀ ਸਮਝਦਾਰ ਹਨ ?