ਨੋਰਵਿੱਚ,ਕੰਨੇਕਟਿਕਟ,ਯੂ ਐੱਸ ਏ, ਫਰਵਰੀ 21 ,2019 - ਟਰੰਪ ਸਰਕਾਰ ਵਲੋਂ ਬਾਹਰਲੇ ਮੁਲਕਾਂ ਤੋਂ ਆ ਰਹੇ ਲੋਕਾਂ ਤੇ ਜਿਥੇ ਪਾਬੰਦੀ ਲਾਈ ਜਾ ਰਹੀ ਉਥੇ ਮੈਕਸੀਕੋ ਦਾ ਬਾਰਡਰ ਟੱਪ ਕੇ ਆਏ ਲੋਕਾਂ ਨੂੰ ਵੀ ਇਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਰਜਨੀਤਿਕ ਸ਼ਰਨ ਉਲੀਕ ਰਹੇ ਸਿੱਖਾਂ ਵਲੋਂ ਦੋਸ਼ ਲਾਇਆ ਜਾ ਰਿਹਾ ਕਿ ਅਮਰੀਕਾ ਏਜੇਂਸੀ "ਆ ਸੀ ਈ" ਵਲੋਂ ਫਲੈਕਸਟਨ, ਜੌਰਜੀਆ ਦੀ ਜੇਲ ਚ ਬੰਦ ਪੰਜਾਬੀਆਂ ਤੇ ਅਣਮਨੁੱਖੀ ਤਸ਼ੱਦਦ ਹੋ ਰਿਹਾ ਹੈ।
ਇਸ ਮਸਲੇ ਨੂੰ ਸਵਰਨਜੀਤ ਸਿੰਘ ਖਾਲਸਾ ਵਲੋਂ ਨੈਸ਼ਨਲ ਪੱਧਰ ਤੇ ਉਭਾਰਨ ਲਈ ਅਮਰੀਕੀ ਕੌਂਗਰੈੱਸਮੇਨਾ ਤੇ ਸੈਨੇਟਰਾਂ ਨਾਲ ਇਕ ਖਾਸ ਮੀਟਿੰਗ ਕੀਤੀ ਗਈ ਤੇ ਸਿੱਖਾਂ ਉਤੇ ਹੋ ਰਹੀ ਅਮਰੀਕੀ ਏਜੇਂਸੀ ਵਲੋਂ ਤਸ਼ੱਦਦ ਬਾਰੇ ਦੱਸਿਆ ਗਿਆ |
ਖਾਲਸਾ ਨੇ ਦੱਸਿਆ ਕਿ ਸਿੱਖਾਂ ਦਾ ਅਮਰੀਕਾ ਆਉਣ ਦਾ ਮੂਲ ਕਾਰਨ ਭਾਰਤ ਸਰਕਾਰ ਵਲੋਂ 1984 ਵਿਚ ਹੋਇਆ ਸਿੱਖ ਕਤਲੇਆਮ ਸੀ | ਉਨ੍ਹਾਂ ਦੱਸਿਆ ਕਿ ਅੱਜ ਵੀ ਨੌਜਵਾਨ ਮੁੰਡਿਆਂ ਨੂੰ ਭਾਰਤ ਸਰਕਾਰ ਵਲੋਂ ਖਾਲਿਸਤਾਨ ਸੰਬੰਧੀ ਪੁਸਤਕਾਂ ਰੱਖਣ ਕਾਰਨ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਰਹੀ ਹੈ। ਖਾਲਸਾ ਨੇ ਦੱਸਿਆ ਕਿ ਇਸ ਮਾਹੌਲ ਚ ਸਿੱਖਾਂ ਨੂੰ ਭਾਰਤ ਵਾਪਸ ਭੇਜਣਾ ਮੌਤ ਦੇ ਮੂੰਹ ਵਿਚ ਪਾਉਣ ਬਰਾਬਰ ਹੈ ।
ਇਸ ਮੀਟਿੰਗ ਵਿਚ ਨਿਊਯਾਰਕ ਤੋਂ ਰੇਸ਼ਮ ਸਿੰਘ ਤੇ ਰਵਿੰਦਰਬੀਰ ਸਿੰਘ ਵੀ ਸ਼ਾਮਿਲ ਹੋਏ ਜਿਨ੍ਹਾਂ ਦੇ ਭਰਾ ਇਸ ਸਮੇ ਜੋਰਜੀਆ ਦੀ ਜੇਲ੍ਹ ਵਿਚ ਬੰਦ ਹਨ। ਰੇਸ਼ਮ ਸਿੰਘ ਨੇ ਦੱਸਿਆ ਕੀ ਓਹਨਾ ਦੇ ਭਰਾ ਹਰਪ੍ਰੀਤ ਸਿੰਘ ਨੂੰ ਕੱਪੜੇ ਲੁਹਾ ਕੇ ਉਸ 'ਤੇ ਠੰਡਾ ਪਾਣੀ ਪਾਇਆ ਗਿਆ ਤੇ ਦੋ ਦਿਨ ਠੰਡੇ ਕਮਰੇ ਵਿਚ ਰੱਖਿਆ ਗਿਆ। ਸਾਰੀ ਗੱਲਬਾਤ ਸੁਨਣ ਤੋਂ ਬਾਅਦ ਕੈਂਗਰੈੱਸਮਨ ਦੇ ਦਫਤਰ ਨੇ ਓਹਨਾ ਨੂੰ ਭਰੋਸਾ ਦੁਆਇਆ ਕਿ ਉਹ ਕੋਈ ਠੋਸ ਕਦਮ ਚੁੱਕ ਕੇ ਉਨ੍ਹਾਂ ਦੇ ਭਰਾਵਾਂ ਦੀ ਸਾਰ ਲੈਣਗੇ।