ਨਵਾਂ ਸ਼ਹਿਰ, 22 ਫ਼ਰਵਰੀ 2019: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਜਨਤਕ ਭਾਗੀਦਾਰੀ ਨਾਲ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ’ਚ ਮਿਸਾਲ ਬਣ ਕੇ ਉਭਰਿਆ ਹੈ। ਐਨ ਆਰ ਆਈ ਤੇ ਸਥਾਨਕ ਦਾਨੀ ਸੱਜਣਾਂ ਵੱਲੋਂ ਆਪਣੋ-ਆਪਣੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਦਿੱਖ ਨੂੰ ਬਦਲਣ ਲਈ ਦਿੱਤੇ ਗਏ ਸਹਿਯੋਗ ਤੋਂ ਬਾਅਦ ਸਕੂਲਾਂ ਦੀਆਂ ਇਮਾਰਤਾਂ ਨਿੱਜੀ ਸਕੂਲਾਂ ਦੀਆਂ ਇਮਾਰਤਾਂ ਦਾ ਮੁਕਾਬਲਾ ਕਰਨ ਲੱਗੀਆਂ ਹਨ।
‘ਸੈਲਫ਼ ਮੇਡ ਸਮਾਰਟ ਸਕੂਲ’ ਦੇ ਨਾਂ ਨਾਲ ਆਰੰਭ ਹੋਇਆ ਇਹ ਪ੍ਰਾਜੈਕਟ ਜ਼ਿਲ੍ਹੇ ’ਚ ਕਾਫ਼ਲੇ ਦਾ ਰੂਪ ਧਾਰ ਗਿਆ ਹੈ ਅਤੇ ਹੁਣ ਤੱਕ 50 ਤੋਂ ਵਧੇਰੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ 16 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਸ ‘ਕਾਇਆ ਕਲਪ ਮੁਹਿੰਮ’ ਦਾ ਹਿੱਸਾ ਬਣ ਚੁੱਕੇ ਹਨ। ਹਾਲਾਂ ਕੁੱਝ ਦਿਨ ਪਹਿਲਾਂ ਹੀ ਇੱਕ ਐਨ ਆਰ ਆਈ ਵੱਲੋਂ ਸਿਖਿਆ ਸਕੱਤਰ ਪੰਜਾਬ ਕਿ੍ਰਸ਼ਨ ਕੁਮਾਰ ਦੀ ਹਾਜ਼ਰੀ ’ਚ ਜ਼ਿਲ੍ਹੇ ਦੇ 10 ਸਕੂਲਾਂ ਨੂੰ ਐਲ ਈ ਡੀਜ਼ ਅਤੇ ਟੈਬਲੇਟ ਪ੍ਰਤੀ ਸਕੂਲ ਸਮਾਰਟ ਸਕੂਲ ’ਚ ਤਬਦੀਲ ਕਰਨ ਲਈ ਦਿੱਤਾ ਗਿਆ ਹੈ।
ਸਰਕਾਰੀ ਪ੍ਰਾਇਮਰੀ ਸਕੂਲ ਕਾਠਗੜ੍ਹ ਦੇ ਅਧਿਆਪਕ ਅਤੇ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਕੂਲ ’ਚ ਤਬਦੀਲ ਕਰਨ ਦੇ ਪ੍ਰਾਜੈਕਟ ਨਾਲ ਸਹਾਇਕ ਕੋਆਰਡੀਨੇਟਰ ਵਜੋਂ ਜੁੜੇ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਸਿਖਿਆ ਸਕੱਤਰ ਪੰਜਾਬ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ’ਤੇ ਕਰੀਬ 6 ਕੁ ਮਹੀਨੇ ਪਹਿਲਾਂ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੇ ਆਪੋ-ਆਪਣੇ ਇਲਾਕੇ ਦੇ ਦਾਨੀ ਸੱਜਣਾਂ, ਐਨ ਆਰ ਆਈਜ਼ ਤੇ ਸਵੈ-ਸੇਵੀ ਸੰਸਥਾਂਵਾਂ ਨੂੰ ਸੰਪਰਕ ਕਰਨਾ ਸ਼ੁਰੂ ਕੀਤਾ ਸੀ। ਇਸ ਜਨਤਕ ਭਾਗੀਦਾਰੀ ਮੁਹਿੰਮ ਦਾ ਨਤੀਜਾ ਏਨਾ ਹਾਂ-ਪੱਖੀ ਨਿਕਲਿਆ ਕਿ ਅੱਜ 32 ਸਰਕਾਰੀ ਪ੍ਰਾਇਮਰੀ ਸਕੂਲ ਸਮਾਰਟ ਸਕੂਲ ਵਜੋਂ ਮੁਕੰਮਲ ਹੋ ਚੁੱਕੇ ਹਨ ਅਤੇ 25 ’ਚ ਜੰਗੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ’ਚ ਸਰਕਾਰੀ ਸਕੂਲਾਂ ’ਚ ਗ੍ਰੀਨ ਬੋਰਡ, ਰੰਗ-ਰੋਗਨ, ਵਿਦਿਆਰਥੀਆਂ ਨੂੰ ਵਰਦੀਆਂ ਤੇ ਬੂਟ ਆਦਿ ਵੀ ਜਨਤਕ ਭਾਗੀਦਾਰੀ ਸਦਕਾ ਮਿਲਣ ’ਚ ਸਫ਼ਲਤਾ ਹਾਸਲ ਹੋਈ ਹੈ।
ਰਵਿੰਦਰ ਕੁਮਾਰ ਅਨੁਸਾਰ ਦਾਨੀ ਸੱਜਣਾਂ ’ਚ ਆਪਣੇ ਪਿੰਡ ਦੇ ਸਕੂਲਾਂ ਦੀ ਨੁਹਾਰ ਬਦਲਣ ਦਾ ਸ਼ੌਂਕ ਏਨਾ ਪ੍ਰਬਲ ਹੈ ਕਿ ਉਹ ਸਕੂਲ ਅਧਿਆਪਕ ਨੂੰ ਤੁਰੰਤ ਕੰਮ ਸ਼ੁਰੂ ਕਰਵਾਉਣ ਲਈ ਆਖ ਦਿੰਦੇ ਹਨ। ਇਨ੍ਹਾਂ ਦਾਨੀ ਸੱਜਣਾਂ, ਐਨ ਆਰ ਆਈਜ਼ ਅਤੇ ਸਵੈ-ਸੇਵੀ ਸੰਸਥਾਂਵਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ 44 ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਪ੍ਰਾਜੈਕਟਰ ਲੱਗ ਚੁੱਕੇ ਹਨ ਜਦਕਿ 23 ਸਕੂਲਾਂ ’ਚ ਐਲ ਈ ਡੀਜ਼ ਲਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ’ਤੇ ਈ-ਕੰਨਟੈਂਟ (ਇਲੈਕਟ੍ਰਾਨਿਕ ਪਾਠਕ੍ਰਮ) ਵਿਦਿਆਰਥੀਆਂ ਨੂੰ ਦਿਲਚਸਪ ਢੰਗ ਨਾਲ ਪੜ੍ਹਾਇਆ ਜਾਣ ਲੱਗਾ ਹੈ।
ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ ਸਿਖਿਆ) ਕੋਮਲ ਚੋਪੜਾ ਦਾ ਕਹਿਣਾ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਪ੍ਰਾਜੈਕਟਰ ਤੇ ਐਲ ਈ ਡੀਜ਼ ਲੱਗਣ ਨਾਲ ਵਿਦਿਆਰਥੀਆਂ ਦੀਆਂ ਗੁਣਾਤਮਕ ਸਿੱਖਿਆ ’ਚ ਵੱਡੇ ਪੱਧਰ ’ਤੇ ਸੁਧਾਰ ਦੇਖਣ ਨੂੰ ਮਿਲਿਆ ਹੈ। ਵਿਦਿਆਰਥੀ ਕਿਤਾਬਾਂ ਦੀ ਬਜਾਏ ਸਕ੍ਰੀਨ ’ਤੇ ਦਿਖਾਏ ਜਾਂਦੇ ਇਲੈਕਟ੍ਰਾਨਿਕ ਕੰਨਟੈਂਟ ’ਚ ਜ਼ਿਆਦਾ ਦਿਲਚਸਪੀ ਦਿਖਾਉਣ ਲੱਗੇ ਹਨ ਅਤੇ ਉਸ ਨੂੰ ਗ੍ਰਹਿਣ ਵੀ ਚੰਗੇ ਢੰਗ ਨਾਲ ਕਰਨ ਲੱਗੇ ਹਨ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਜਿਨ੍ਹਾਂ ਨੇ ਜ਼ਿਲ੍ਹਾ ਸਿਖਿਆ ਵਿਕਾਸ ਕਮੇਟੀਆਂ ਦੀਆਂ ਮੀਟਿੰਗਾਂ ਦੌਰਾਨ ਸੀ ਐਸ ਆਰ ਤੇ ਐਨ ਆਰ ਆਈਜ਼ ਰਾਹੀਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਵਰਦੀਆਂ, ਬੂਟ ਤੇ ਹੋਰ ਢਾਂਚਾਗਤ ਲੋੜਾਂ ਦੀ ਪੂਰਤੀ ਲਈ ਬਲਾਕ ਪ੍ਰਾਇਮਰੀ ਸਿਖਿਆ ਅਫ਼ਸਰਾਂ ਨੂੰ ਅਧਿਆਪਕਾਂ ਰਾਹੀਂ ਤਾਲਮੇਲ ਕਰਨ ਲਈ ਹਦਾਇਤਾਂ ਕੀਤੀਆਂ ਸਨ, ਨੇ ਜਨਤਕ ਭਾਗੀਦਾਰੀ ਰਾਹੀਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਦਿੱਖ ਬਦਲਣ ’ਚ ਜ਼ਿਲ੍ਹੇ ਦੇ ਮਾਡਲ ਵਜੋਂ ਉਭਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐਨ ਆਰ ਆਈਜ਼ ਤੇ ਪਿੰਡਾਂ ਦੇ ਦਾਨੀ ਲੋਕ ਆਪੋ-ਆਪਣੇ ਪਿੰਡਾਂ ਦੇ ਸਕੂਲਾਂ ’ਚ ਜ਼ਜ਼ਬਾਤੀ ਤੌਰ ’ਤੇ ਡੂੰਘੀ ਸਾਂਝ ਰੱਖਦੇ ਹੋਣ ਕਾਰਨ, ਇਹ ਸਾਰਾ ਕੁੱਝ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਅਜਿਹੇ ਯਤਨ ਜ਼ਿਲ੍ਹੇ ਦੇ ਬਾਕੀ ਰਹਿੰਦੇ ਪ੍ਰਾਇਮਰੀ ਸਕੂਲਾਂ ਦੀ ਲੋੜਾਂ ਪੂਰੀਆਂ ਕਰਨ ਲਈ ਵੀ ਸਾਰਥਕ ਸਿੱਧ ਹੋਣਗੇ।