ਬਠਿੰਡਾ, 25 ਜੂਨ 2019 : ਨਰਮੇ ਦੇ ਝਾੜ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਦਰਜ ਕੀਤੇ ਜਾ ਰਹੇ ਵਾਧੇ ਦੇ ਚਲਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਅੱਜ ਖੇਤੀਬਾੜੀ ਵਿਭਾਗ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਵਧ ਰਹੇ ਝਾੜ ਨੂੰ ਅਗਲੇ ਸਾਲ ਹੋਰ ਵਧਾਉਣ ਦੇ ਹਰ ਸੰਭਵ ਯਤਨ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਦੇ ਬੀਜਾਂ, ਮਿੱਟੀ ਦੀ ਪਰਖ਼, ਬਿਮਾਰੀਆਂ ਦੀ ਰੋਕਥਾਮ, ਸਿੰਚਾਈ ਅਤੇ ਰੇਹਾਂ-ਸਪਰੇਹਾਂ ਦੀ ਸੁਚੱਜੀ ਵਰਤੋਂ ਬਾਰੇ ਲਗਾਤਾਰ ਜਾਣੂ ਕਰਵਾਉਂਦੇ ਰਹਿਣ।
ਜ਼ਿਲਾ ਖੇਤੀਬਾੜੀ ਅਫ਼ਸਰ ਸ਼੍ਰੀ ਗੁਰਾਦਿੱਤਾ ਸਿੰਘ ਨੇ ਦੱਸਿਆ ਕਿ ਉਨਾਂ ਵੱਲੋਂ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਤੋਂ ਝਾੜ ਵੱਧ ਲੈਣ ਲਈ ਲਗਾਤਾਰ ਤਾਲਮੇਲ ਕਰਕੇ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਨਰਮੇ ਦੇ ਝਾੜ ਤੋਂ ਇਲਾਵਾ ਉਨਾਂ ਵੱਲੋਂ ਕਿਸਾਨਾਂ ਨੂੰ ਨਰਮੇ ਦਾ ਰਕਬਾ ਵਧਾਉਣ ਸਬੰਧੀ ਵੀ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਹੁਣ ਅਗਲੇ ਸਾਲ (2019 ਅਤੇ 20) ਵਿੱਚ ਉਹ 920 ਕਿੱਲੋ ਪ੍ਰਤੀ ਹੈਕਟੇਅਰ ਝਾੜ ਲੈਣ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਲੱਗੇ ਹੋਏ ਹਨ। ਸ਼੍ਰੀ ਗੁਰਾਦਿੱਤਾ ਨੇ ਦੱਸਿਆ ਕਿ ਇਸ ਸਾਲ 91,000 ਹੈਕਟੇਅਰ ਰਕਬੇ ਦੇ ਮੁਕਾਬਲੇ ਅਗਲੇ ਸਾਲ ਵਿਭਾਗ ਇਸ ਰਕਬੇ ਨੂੰ ਵਧਾ ਕੇ 1,40,000 ਹੈਕਟੇਅਰ ਕਰਨ ਦੇ ਭਰਪੂਰ ਯਤਨ ਕਰੇਗਾ। ਉਨਾਂ ਦੱਸਿਆ ਕਿ ਇਸ ਫ਼ਸਲ ਹੇਠ ਸਭ ਤੋਂ ਵੱਧ ਰਕਬਾ ਸਾਲ 1995 ਅਤੇ 96 ਵਿੱਚ 1,87,000 ਹੈਕਟੇਅਰ ਸੀ ਅਤੇ ਉਸ ਸਮੇਂ ਕਿਸਾਨਾਂ ਨੂੰ 451 ਕਿੱਲੋ ਪ੍ਰਤੀ ਹੈਕਟੇਅਰ ਝਾੜ ਪ੍ਰਾਪਤ ਹੋਇਆ ਸੀ।
ਖੇਤੀਬਾੜੀ ਸੂਚਨਾ ਅਫ਼ਸਰ ਗੁਰਤੇਜ਼ ਸਿੰਘ ਨੇ ਦੱਸਿਆ ਕਿ ਉਨਾਂ ਦੇ ਵਿਭਾਗ ਵੱਲੋਂ ਜ਼ਿਲੇ ਦੇ ਹਰ ਪਿੰਡ ਵਿੱਚ ਜਾ ਕੇ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਤੋਂ ਵੱਧ ਤੋਂ ਵੱਧ ਝਾੜ ਲੈਣ ਦੇ ਉਪਰਾਲਿਆਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਸਾਰੇ 292 ਪਿੰਡਾਂ ਨੂੰ 40 ਵੱਖ-ਵੱਖ ਕਲਸਟਰਾਂ ਵਿੱਚ ਵੰਡ ਕੇ ਖੇਤੀਬਾੜੀ ਵਿਕਾਸ ਅਫਸਰਾਂ ਵੱਲੋਂ ਕਿਸਾਨਾਂ ਨੂੰ ਕੈਂਪਾਂ ਰਾਹੀਂ ਜਾਣਕਾਰੀ ਮੁਹੱਇਆ ਕਰਵਾਈ ਜਾਂਦੀ ਹੈ।
ਉਨਾਂ ਦੱਸਿਆ ਕਿ ਇਨਾਂ ਕੈਂਪਾਂ ਵਿੱਚ ਕਿਸਾਨਾਂ ਨੂੰ ਪੀ.ਏ.ਯੂ ਰਿਕਮੈਂਡਿਡ ਵਰਾਇਟੀ ਦੇ ਬੀਜਾਂ ਨੂੰ ਹੀ ਇਸਤੇਮਾਲ ਕਰਨ 'ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਢੁੱਕਵੇਂ ਨਦੀਨ ਨਾਸ਼ਕਾਂ ਤੋਂ ਇਲਾਵਾ ਪਾਣੀ ਅਤੇ ਹੋਰ ਖਾਦ ਪਦਾਰਥਾਂ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ।